
ਹਰਿਆਣਾ ਵਿਚ ਅੰਬਾਲਾ ਛਾਉਣੀ ਦੇ ਨੇੜੇ ਅੰਬਾਲਾ-ਦਿੱਲੀ ਡਵੀਜ਼ਨ ਦੀ ਰੇਲਗੱਡੀ ਦੀ ਪਟੜੀ ’ਤੇ ਇਕ ਔਰਤ ਅਤੇ ਦੋ ਕੁੜੀਆਂ ਦੀਆਂ ਲਾਸ਼ਾਂ
ਅੰਬਾਲਾ, 17 ਜੂਨ : ਹਰਿਆਣਾ ਵਿਚ ਅੰਬਾਲਾ ਛਾਉਣੀ ਦੇ ਨੇੜੇ ਅੰਬਾਲਾ-ਦਿੱਲੀ ਡਵੀਜ਼ਨ ਦੀ ਰੇਲਗੱਡੀ ਦੀ ਪਟੜੀ ’ਤੇ ਇਕ ਔਰਤ ਅਤੇ ਦੋ ਕੁੜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਰੇਲਵੇ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਇਕ ਹੋਰ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਮਿਲਿਆ ਹੈ। ਉਹ ਲਾਸ਼ਾਂ ਨੇੜੇ ਪਿਆ ਹੋਇਆ ਸੀ। ਉਸ ਨੂੰ ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਰੈਫ਼ਰ ਕਰ ਦਿਤਾ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਅੰਬਾਲਾ ਛਾਉਣੀ ਵਿਚ ਜੀ. ਆਰ. ਪੀ. ਥਾਣੇ ਨੂੰ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ ਢਾਈ ਵਜੇ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਕਿ ਰੇਲਗੱਡੀ ਦੀ ਪਟੜੀ ’ਤੇ ਤਿੰਨ ਲਾਸ਼ਾਂ ਪਈਆਂ ਹਨ। ਉਨ੍ਹਾਂ ਦਸਿਆ ਕਿ ਜੀ. ਆਰ. ਪੀ. ਦੀ ਟੀਮ ਮੌਕੇ ’ਤੇ ਪੁੱਜੀ ਅਤੇ ਉਸ ਨੂੰ ਇਕ ਔਰਤ ਅਤੇ ਦੋ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ। ਔਰਤ ਦੀ ਉਮਰ 40 ਸਾਲ ਦੇ ਆਲੇ-ਦੁਆਲੇ ਹੋਵੇਗੀ।
ਉਥੇ ਹੀ ਇਕ ਬੱਚੀ ਕਰੀਬ 9 ਸਾਲ ਦੀ ਹੈ ਅਤੇ ਦੂਜੀ 3 ਸਾਲ ਦੀ ਹੈ। ਉਨ੍ਹਾਂ ਦਸਿਆ ਕਿ ਜ਼ਖ਼ਮੀ ਬੱਚੇ ਦੀ ਉਮਰ ਕਰੀਬ 4 ਸਾਲ ਹੈ। ਉਹ ਉਥੇ ਪਿਆ ਮਿਲਿਆ ਸੀ।
ਜੀ. ਆਰ. ਪੀ. ਦੇ ਅਧਿਕਾਰੀਆਂ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਲਗਦਾ ਹੈ ਕਿ ਉਹ ਰੇਲਗੱਡੀ ਦੀ ਲਪੇਟ ਵਿਚ ਆਏ ਗਏ। ਅੰਬਾਲਾ ਜੀ. ਆਰ. ਪੀ. ਦੇ ਸਬ-ਇੰਸਪੈਕਟਰ ਓਮ ਪ੍ਰਕਾਸ਼ ਨੇ ਕਿਹਾ ਕਿ ਲਾਸ਼ਾਂ ਦੀ ਹਾਲੇ ਤਕ ਪਛਾਣ ਨਹੀਂ ਹੋ ਸਕੀ ਹੈ। (ਏਜੰਸੀ)