
ਤਿੰਨ ਰਸੋਈਆਂ ਨੂੰ ਛੇ ਘੰਟੇ ਲਗਦੇ ਹਨ ਸਮੋਸਾ ਤਿਆਰ ਕਰਨ ’ਚ, ਡੇਢ ਘੰਟਾ ਲਗਦੈ ਤਲਣ ’ਚ
ਸ਼ਰਤ ਸਿਰਫ਼ ਇਹ ਹੈ ਕਿ ਸਮੋਸੇ ਨੂੰ ਅੱਧੇ ਘੰਟੇ ’ਚ ਖਾਧਾ ਜਾਵੇ
ਮੇਰਠ (ਉੱਤਰ ਪ੍ਰਦੇਸ਼): ਅਪਣੀਆਂ ਰਿਉੜੀਆਂ ਅਤੇ ਗਚਕ ਲਈ ਮਸ਼ਹੂਰ ਮੇਰਠ ਹੁਣ ਅਪਣੇ ‘ਬਾਹੂਬਲੀ’ ਸਮੋਸੇ ਨੂੰ ਲੈ ਕੇ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।
ਆਲੂ, ਮਟਰ, ਮਸਾਲੇ, ਪਨੀਰ ਅਤੇ ਸੁੱਕੇ ਮੇਵਿਆਂ ਨਾਲ ਤਿਆਰ ਨਮਕੀਨ ਭਰਵੇਂ ਮਿਸ਼ਰਣ ਤੋਂ ਬਣਿਆ 12 ਕਿੱਲੋ ਦਾ ਇਹ ਸਮੋਸਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ 30 ਮਿੰਟਾਂ ’ਚ ਖਾਣ ਵਾਲੇ ਨੂੰ 71 ਹਜ਼ਾਰ ਰੁਪਏ ਦਾ ਇਨਾਮ ਦਿਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ।
ਲਾਲਕੁਰਤੀ ਸਥਿਤ ਕੌਸ਼ਲ ਸਵੀਟਸ ’ਚ ਤੀਜੀ ਪੀੜ੍ਹੀ ਦੇ ਮਾਲਕ ਸ਼ੁਭਮ ਕੌਸ਼ਲ ਨੇ ਕਿਹਾ ਕਿ ਉਹ ਸਮੋਸੇ ਨੂੰ ਖਿੱਚ ਦਾ ਕੇਂਦਰ ਬਣਾਉਣ ਲਈ ‘ਕੁਝ ਵੱਖ ਕਰਨਾ’ ਚਾਹੁੰਦੇ ਸਨ ਅਤੇ ਇਸ ਲਈ ਉਨ੍ਹਾਂ ਦੇ ਮਨ ’ਚ 12 ਕਿਲੋਗ੍ਰਾਮ ਦਾ ਬਾਹੂਬਲੀ ‘ਸਮੋਸਾ’ ਤਿਆਰ ਕਰਨ ਦਾ ਵਿਚਾਰ ਆਇਆ।
ਕੌਸ਼ਲ ਨੇ ਕਿਹਾ ਕਿ ਲੋਕ ਅਪਣੇ ਜਨਮਦਿਨ ’ਤੇ ਰਵਾਇਤੀ ਕੇਕ ਦੀ ਬਜਾਏ ‘ਬਾਹੂਬਲੀ’ ਸਮੋਸਾ ਕੱਟਦੇ ਹਨ। ਉਨ੍ਹਾਂ ਕਿਹਾ ਕਿ 30 ਮਿੰਟਾਂ ’ਚ ਇਸ ਨੂੰ ਪੂਰਾ ਖਾਣ ’ਤੇ 71 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਸਮੋਸੇ ਨੂੰ ਤਿਆਰ ਕਰਨ ’ਚ ਕੌਸ਼ਲ ਦੇ ਰਸੋਈਆਂ ਨੂੰ ਲਗਭਗ ਛੇ ਘੰਟੇ ਦਾ ਸਮਾਂ ਲਗਦਾ ਹੈ। ਕੌਸ਼ਲ ਨੇ ਕਿਹਾ ਕਿ ਕੜਾਹੀ ’ਚ ਸਮੋਸਾ ਸਿਰਫ਼ ਤਲਣ ’ਚ ਡੇਢ ਘੰਟਾ ਲਗਦਾ ਹੈ ਅਤੇ ਇਸ ਕੰਮ ਨੂੰ ਤਿੰਨ ਰਸੋਈਏ ਕਰਦੇ ਹਨ।
ਇਹ ਵੀ ਪੜ੍ਹੋ: ਮੋਗਾ ਲੁੱਟ ਅਤੇ ਕਤਲਕਾਂਡ ਦੇ ਮੁਲਜ਼ਮ ਕਾਬੂ, ਵਾਰਦਾਤ ਮੌਕੇ ਵਰਤੇ ਹਥਿਆਰ ਵੀ ਬਰਾਮਦ
ਉਨ੍ਹਾਂ ਕਿਹਾ, ‘‘ਸਾਡੇ ਬਾਹੂਬਲੀ ਸਮੋਸੇ ਨੇ ਸੋਸ਼ਲ ਮੀਡੀਆ ਇਨਫ਼ਲੂਐਂਸਰ ਅਤੇ ਫ਼ੂਡ ਬਲਾਗਰ ਦਾ ਵੀ ਧਿਆਨ ਖਿਚਿਆ ਹੈ। ਸਥਾਨਕ ਲੋਕਾਂ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਲੋਕ ਇਸ ਸਮੋਸੇ ਬਾਰੇ ਸਾਡੇ ਕੋਲੋਂ ਪੁਛਦੇ ਹਨ।’’ ਉਨ੍ਹਾਂ ਕਿਹਾ ਕਿ ਇਸ ਸਮੋਸੇ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਤੋਂ ਹੀ ਬੁਕਿੰਗ ਕਰਨੀ ਪੈਂਦੀ ਹੈ
ਕੌਸ਼ਲ ਨੇ ਕਿਹਾ, ‘‘ਮੈਂ ਸਮੋਸੇ ਨੂੰ ਖ਼ਬਰਾਂ ’ਚ ਲਿਆਉਣ ਲਈ ਕੁਝ ਵੱਖ ਕਰਨਾ ਚਾਹੁੰਦਾ ਸੀ। ਅਸੀਂ ‘ਬਾਹੂਬਲੀ’ ਸਮੋਸਾ ਬਣਾਉਣ ਦਾ ਫ਼ੈਸਲਾ ਕੀਤਾ। ਅਸੀਂ ਚਾਰ ਕਿੱਲੋ ਦਾ ਸਮੋਸਾ ਅਤੇ ਫਿਰ ਅੱਠ ਕਿੱਲੋ ਦਾ ਸਮੋਸਾ ਬਣਾ ਕੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਅਸੀਂ ਪਿਛਲੇ ਸਾਲ 12 ਕਿੱਲੋ ਦਾ ਸਮੋਸਾ ਤਿਆਰ ਕੀਤਾ।’’
ਉਨ੍ਹਾਂ ਕਿਹਾ ਕਿ 12 ਕਿੱਲੋ ਭਾਰ ਵਾਲੇ ਸਮੋਸੇ ਦੀ ਕੀਮਤ ਲਗਭਗ 1500 ਰੁਪਏ ਹੈ। ਸ਼ੁਭਮ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਜੇ ਤਕ ਅਪਣੇ ਬਾਹੂਬਲੀ ਸਮੋਸੇ ਲਈ ਲਗਭਗ 40-50 ਆਰਡਰ ਮਿਲ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਦੇਸ਼ ਦਾ ਸਭ ਤੋਂ ਵੱਡਾ ਸੋਮਸਾ ਹੈ।