
ਸੂਬੇ ਦੇ ਗ੍ਰਹਿ ਵਿਭਾਗ ਨੇ ਪਹਿਲਾਂ ਹੀ ਵੀਡੀਉ ਦੀ ਸਮੱਗਰੀ ਦੀ ਜਾਂਚ ਦੇ ਹੁਕਮ ਦਿਤੇ ਹਨ : ਸਰਕਾਰ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਰਿਸ਼ੀਕੇਸ਼ ਪਟੇਲ
ਅਹਿਮਦਾਬਾਦ: ਅਗੱਸਤ 2023 ਤੋਂ ਗੁਜਰਾਤ ਦੀ ਸਾਬਰਮਤੀ ਕੇਂਦਰੀ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਕ ਵੀਡੀਉ ਮੰਗਲਵਾਰ ਨੂੰ ਸਾਹਮਣੇ ਆਇਆ, ਜਿਸ ’ਚ ਉਹ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਵੀਡੀਉ ਕਾਲ ’ਤੇ ਕਥਿਤ ਤੌਰ ’ਤੇ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ।
ਇਹ ਵੀਡੀਉ 19 ਸੈਕਿੰਡ ਦਾ ਹੈ। ਵੀਡੀਉ ’ਚ ਬਿਸ਼ਨੋਈ ਭੱਟੀ ਨੂੰ ਈਦ-ਉਲ-ਅਜ਼ਹਾ (ਭਾਰਤ ’ਚ 17 ਜੂਨ ਨੂੰ ਮਨਾਇਆ ਜਾਣ ਵਾਲਾ) ਦੀ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ, ਜਿਸ ’ਤੇ ਭੱਟੀ ਕਹਿੰਦਾ ਹੈ ਕਿ ਪਾਕਿਸਤਾਨ ’ਚ ਤਾਂ ਤਿਉਹਾਰ ਅਗਲੇ ਦਿਨ ਮਨਾਇਆ ਜਾਵੇਗਾ। ਇਹ ਸੁਣ ਕੇ ਬਿਸ਼ਨੋਈ ਭੱਟੀ ਨੂੰ ਕਹਿੰਦਾ ਹੈ ਕਿ ਉਹ ਕੱਲ੍ਹ ਉਸ ਨੂੰ ਈਦ ਦੀ ਵਧਾਈ ਦੇਣ ਲਈ ਫੋਨ ਕਰੇਗਾ।
ਖ਼ਬਰ ਏਜੰਸੀ ‘ਪੀ.ਟੀ.ਆਈ.’ ਨੇ ਸੁਤੰਤਰ ਤੌਰ ’ਤੇ ਵੀਡੀਉ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰ ਸਕੀ। ਸੋਸ਼ਲ ਮੀਡੀਆ ’ਤੇ ਵੀਡੀਉ ਕਲਿੱਪ ਸਾਹਮਣੇ ਆਉਣ ਤੋਂ ਬਾਅਦ ਗੁਜਰਾਤ ਸਰਕਾਰ ਨੇ ਜਾਂਚ ਦੇ ਹੁਕਮ ਦਿਤੇ ਹਨ। ਸਰਕਾਰ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਕਿ ਸੂਬੇ ਦੇ ਗ੍ਰਹਿ ਵਿਭਾਗ ਨੇ ਪਹਿਲਾਂ ਹੀ ਵੀਡੀਉ ਦੀ ਸਮੱਗਰੀ ਦੀ ਜਾਂਚ ਦੇ ਹੁਕਮ ਦਿਤੇ ਹਨ। ਗ੍ਰਹਿ ਵਿਭਾਗ ਮੁੱਖ ਮੰਤਰੀ ਭੁਪੇਂਦਰ ਪਟੇਲ ਦੇ ਅਧੀਨ ਆਉਂਦਾ ਹੈ।
ਉਨ੍ਹਾਂ ਕਿਹਾ, ‘‘ਮੈਨੂੰ ਇਸ ਮਾਮਲੇ ਬਾਰੇ ਅੱਜ (ਮੰਗਲਵਾਰ) ਸਵੇਰੇ ਹੀ ਪਤਾ ਲੱਗਿਆ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਪਹਿਲਾਂ ਹੀ ਇਸ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਅਧਿਕਾਰੀਆਂ ਨੂੰ ਇਸ ਦੀ ਵਿਸਥਾਰ ਨਾਲ ਜਾਂਚ ਕਰਨ ਲਈ ਕਿਹਾ ਹੈ। ਕਥਿਤ ਵੀਡੀਉ ਨਾਲ ਜੁੜੇ ਹਰ ਪਹਿਲੂ ਦੀ ਜਾਂਚ ਕੀਤੀ ਜਾਵੇਗੀ, ਜਿਵੇਂ ਕਿ ਇਹ ਨਵਾਂ ਹੈ ਜਾਂ ਪੁਰਾਣਾ।’’
ਬਿਸ਼ਨੋਈ ਨੂੰ ਅਗੱਸਤ 2023 ’ਚ ਗੁਜਰਾਤ ਅਤਿਵਾਦ ਰੋਕੂ ਦਸਤੇ (ਏ.ਟੀ.ਐੱਸ.) ਨੇ ਸਰਹੱਦ ਪਾਰ ਨਸ਼ਾ ਤਸਕਰੀ ਮਾਮਲੇ ’ਚ ਉਸ ਦੀ ਭੂਮਿਕਾ ਦੀ ਜਾਂਚ ਲਈ ਅਹਿਮਦਾਬਾਦ ਲਿਆਂਦਾ ਸੀ। ਰਿਮਾਂਡ ਪੂਰਾ ਹੋਣ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ ਸੀ ਅਤੇ ਉਹ ਸਾਬਰਮਤੀ ਕੇਂਦਰੀ ਜੇਲ੍ਹ ’ਚ ਬੰਦ ਹੈ।
ਪੰਜਾਬ ਪੁਲਿਸ ਅਨੁਸਾਰ ਬਿਸ਼ਨੋਈ 2022 ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਸੀ। ਮੁੰਬਈ ਪੁਲਿਸ ਨੇ ਇਹ ਵੀ ਪਾਇਆ ਹੈ ਕਿ 14 ਅਪ੍ਰੈਲ, 2024 ਨੂੰ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਪਿੱਛੇ ਬਿਸ਼ਨੋਈ ਗੈਂਗ ਦਾ ਵੀ ਹੱਥ ਸੀ।