
ਮਾਮਲਾ ਰਾਜਸਥਾਨ ਦੇ ਕਾਂਗਰਸੀ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦਾ
ਗੁਰੂਗ੍ਰਾਮ, 17 ਜੁਲਾਈ : ਰਾਜਸਥਾਨ 'ਚ ਵਿਧਾਇਕਾਂ ਦੀ ਖ਼ਰੀਦ-ਫ਼ਰੋਖਤ ਮਾਮਲੇ 'ਚ ਜਾਂਚ ਪੜਤਾਲ ਜਾਰੀ ਹੈ। ਰਾਜਸਥਾਨ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਟੀਮ ਅੱਜ ਸ਼ਾਮ ਮਾਨਸੇਰ ਪਹੁੰਚੀ, ਜਿਥੇ ਇਕ ਹੋਟਲ 'ਚ ਕਾਂਗਰਸ ਦੇ ਕੁੱਝ ਵਿਧਾਇਕ ਠਹਿਰੇ ਹੋਏ ਹਨ। ਹਾਲਾਂਕਿ ਹਰਿਆਣਾ ਪੁਲਿਸ ਨੇ ਐਸ.ਓ.ਜੀ. ਦੀ ਟੀਮ ਨੂੰ ਹੋਟਲ ਦੇ ਅੰਦਰ ਨਹੀਂ ਜਾਣ ਦਿਤਾ। ਦਸਿਆ ਜਾ ਰਿਹਾ ਹੈ ਕਿ ਰਾਜਸਥਾਨ ਐਸ.ਓ.ਜੀ. ਦੀ ਟੀਮ ਮਾਨੇਸਰ ਸਥਿਤ ਆਈ.ਟੀ.ਸੀ. ਗ੍ਰੈਂਡ ਭਾਰਤ ਹੋਟਲ ਪਹੁੰਚੀ ਪਰ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਅੰਦਰ ਪ੍ਰਵੇਸ਼ ਨਹੀਂ ਕਰਨ ਦਿਤਾ।
ਰਾਜਸਥਾਨ ਦੇ ਅਧਿਕਾਰੀਆਂ ਵਲੋਂ ਮਨਜ਼ੂਰੀ ਮੰਗੀ ਜਾ ਰਹੀ ਹੈ। ਹਰਿਆਣਾ ਪੁਲਿਸ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ। ਰਾਜਸਥਾਨ ਪੁਲਿਸ ਦੇ ਆਈ.ਪੀ.ਐਸ. ਪੱਧਰ ਦੇ ਅਧਿਕਾਰੀ ਸਮੇਤ 6 ਲੋਕ ਸਕਾਰਪੀਉ ਰਾਹੀਂ ਆਈ.ਟੀ.ਸੀ. ਗ੍ਰੈਂਡ ਭਾਰਤ ਹੋਟਲ ਪੁੱਜੇ। ਐਸ.ਓ.ਜੀ. ਦੀ ਟੀਮ ਰਾਜਸਥਾਨ ਦੇ ਵਿਧਾਇਕ ਦਾ ਆਡੀਉ ਟੇਪ ਵਾਇਰਲ ਹੋਣ ਤੋਂ ਬਾਅਦ ਬਿਆਨ ਦਰਜ ਕਰਨ ਪਹੁੰਚੀ ਹੈ। ਐਸ.ਐਚ.ਓ. ਤਾਵਡੂ ਜਿਤੇਂਦਰ ਰਾਣਾ ਦਲ ਫ਼ੋਰਸ ਨਾਲ ਆਈ.ਟੀ.ਸੀ. ਗ੍ਰੈਂਡ ਭਾਰਤ ਦੇ ਬਾਹਰ ਤਾਇਨਾਤ ਹਨ। ਉਥੇ ਹੀ ਐਸ.ਓ.ਜੀ. ਦੀ ਟੀਮ ਅਜੇ ਹੋਟਲ ਦੇ ਬਾਹਰ ਹੀ ਖੜ੍ਹੀ ਰਹੀ।
File Photo
ਅਸਲ 'ਚ ਸਚਿਨ ਪਾਇਲਟ ਅਪਣੇ ਸਮਰਥਕ ਵਿਧਾਇਕਾਂ ਨਾਲ ਆਈ.ਟੀ.ਸੀ. ਗ੍ਰੈਂਡ ਭਾਰਤ ਹੋਟਲ 'ਚ ਪਿਛਲੇ ਕਈ ਦਿਨਾਂ ਤੋਂ ਠਹਿਰੇ ਹੋਏ ਹਨ। ਇਨ੍ਹਾਂ 'ਚ ਸਚਿਨ ਪਾਇਲਟ ਸਮੇਤ 19 ਕਾਂਗਰਸ ਦੇ ਵਿਧਾਇਕ ਹਨ ਅਤੇ 3 ਆਜ਼ਾਦ ਵੀ ਹਨ। ਫ਼ਿਲਹਾਲ ਇਨ੍ਹਾਂ ਵਿਧਾਇਕਾਂ ਤੋਂ ਪੁਛਗਿੱਛ ਕਰਨ ਲਈ ਐਸ.ਓ.ਜੀ. ਟੀਮ ਸ਼ੁੱਕਰਵਾਰ ਸ਼ਾਮ ਮਾਨੇਸਰ ਪਹੁੰਚੀ ਸੀ ਪਰ ਖ਼ਬਰ ਲਿਖੇ ਜਾਣ ਤਕ ਹਰਿਆਣਾ ਪੁਲਿਸ ਨੇ ਟੀਮ ਨੂੰ ਅੰਦਰ ਨਹੀਂ ਜਾਣ ਦਿਤਾ ਸੀ। (ਏਜੰਸੀ)
ਮਹਾਰਾਸ਼ਟਰ ਦੇ ਮੰਤਰੀ ਦਾ ਦਾਅਵਾ : ਭਾਜਪਾ ਦੇ ਕੁੱਝ ਵਿਧਾਇਕ ਕਾਂਗਰਸ ਦੇ ਸੰਪਰਕ ਵਿਚ
ਜੇ ਭਾਜਪਾਈਆਂ ਦੇ ਨਾਮ ਦੱਸ ਦਿਤੇ ਤਾਂ ਭੂਚਾਲ ਆ ਜਾਵੇਗਾ
ਮੁੰਬਈ, 17 ਜੁਲਾਈ : ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਅਤੇ ਕਾਂਗਰਸ ਆਗੂ ਯਸ਼ੋਮਤੀ ਠਾਕੁਰ ਨੇ ਦਾਅਵਾ ਕੀਤਾ ਕਿ ਸੂਬੇ ਵਿਚ ਭਾਜਪਾ ਦੇ 105 ਵਿਚੋਂ ਕੁੱਝ ਵਿਧਾਇਕ ਉਨ੍ਹਾਂ ਦੀ ਪਾਰਟੀ ਦੇ ਸੰਪਰਕ ਵਿਚ ਹਨ ਅਤੇ ਜੇ ਉਨ੍ਹਾਂ ਦੇ ਨਾਮ ਜਨਤਕ ਕਰ ਦਿਤੇ ਗਏ ਤਾਂ ਭੂਚਾਲ ਆ ਜਾਵੇਗਾ। ਭਾਜਪਾ ਦੀ 'ਸੱਤਾ ਦੀ ਭੁੱਖ' ਅਤੇ ਉਸ ਦੀ 'ਗੰਦੀ ਰਾਜਨੀਤੀ' ਲਈ ਵਿਰੋਧੀ ਧਿਰ 'ਤੇ ਹਮਲਾ ਬੋਲਦਿਆਂ ਠਾਕੁਰ ਨੇ ਕਿਹਾ ਕਿ ਮਹਾਰਾਸ਼ਟਰ ਨੇ ਦੇਸ਼ ਨੂੰ ਨਵਾਂ ਸੂਤਰ ਦਿਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਿਵ ਸੈਨਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਸਥਿਰ ਹੈ।
File Photo
ਟਵਿਟਰ 'ਤੇ ਪਾਏ ਵੀਡੀਉ ਸੁਨੇਹੇ ਵਿਚ ਠਾਕੁਰ ਨੇ ਭਾਜਪਾ ਆਗੂਅ ਤੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਉਹ ਅਜਿਹੇ ਲੋਕਾਂ ਨਾਲ ਘਿਰੇ ਹਨ ਜਿਹੜੇ ਬਾਹਰੀ ਹਨ। ਉਹ ਉਨ੍ਹਾਂ ਆਗੂਆਂ ਦਾ ਹਵਾਲਾ ਦੇ ਰਹੀ ਸੀ ਜਿਨ੍ਹਾਂ ਸੂਬੇ ਵਿਚ ਪਿਛਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਐਨਸੀਪੀ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ। ਠਾਕੁਰ ਨੇ ਕਿਹਾ, 'ਇਹ ਦਰਸਾਉਂਦਾ ਹੈ ਕਿ ਉਹ ਕਿੰਨੇ ਕਮਜ਼ੋਰ ਹਨ। ਭਾਜਪਾ ਦੇ 105 ਵਿਧਾਇਕਾਂ ਵਿਚੋਂ ਕਿੰਨੇ ਲੋਕ ਦੂਜੀਆਂ ਪਾਰਟੀਆਂ ਤੋਂ ਆਏ ਹਨ।
ਕੀ ਤੁਸੀਂ ਗਾਰੰਟੀ ਲੈਂਦੇ ਹੋ ਕਿ ਉਹ ਸਾਰੇ ਹਮੇਸ਼ਾ ਭਾਜਪਾ ਨਾਲ ਰਹਿਣਗੇ। ਪਾਰਟੀ ਦੇ 105 ਵਿਧਾਇਕਾਂ ਵਿਚੋਂ ਉਨ੍ਹਾਂ ਵਿਧਾਇਕਾਂ ਦੇ ਨਾਮ ਦਾ ਪ੍ਰਗਟਾਵਾ ਹੋ ਜਾਵੇ ਜੋ ਕਾਂਗਰਸ ਦੇ ਸੰਪਰਕ ਵਿਚ ਹਨ ਤਾਂ ਭੂਚਾਲ ਆ ਜਾਵੇਗਾ।' ਕਾਂਗਰਸ ਆਗੂ ਨੇ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਵਿਚ ਬਹੁਮਤ ਦੀ ਸਰਕਾਰ ਹੋਣ ਦੇ ਬਾਵਜੂਦ ਇਹ ਰਾਜਾਂ ਵਿਚ ਦੂਜੀ ਪਾਰਟੀ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਦਾ ਯਤਨ ਕਰ ਰਹੀ ਹੈ। ਸੂਬੇ ਦੀ ਮਹਾ ਅਤੇ ਬਾਲ ਭਲਾਈ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਸੱਤਾ ਦੀ ਭੁੱਖ ਅਤੇ ਗੰਦੀ ਰਾਜਨੀਤੀ ਕਰਨਾਟਕ, ਮੱਧ ਪ੍ਰਦੇਸ਼ ਅਤੇ ਹੁਣ ਰਾਜਸਥਾਨ ਵਿਚ ਦਿਸੀ ਹੈ। (ਏਜੰਸੀ)