
ਪ੍ਰਧਾਨ ਮੰਤਰੀ ਦਾ ਸੰਯੁਕਤ ਰਾਸ਼ਟਰ ਵਿਚ ਭਾਸ਼ਨ
ਨਵੀਂ ਦਿੱਲੀ, 17 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਆਰਥਕ ਅਤੇ ਸਮਾਜਕ ਪਰਿਸ਼ਦ (ਯੂਐਨਈਐਸਸੀ) ਦੇ ਉੱਚ ਪਧਰੀ ਵਫ਼ਦ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਭਾਰਤ ਨੇ ਕੋਰੋਨਾ ਵਾਇਰਸ ਵਿਰੁਧ ਲੜਾਈ ਨੂੰ ਲੋਕ ਅੰਦੋਲਨ ਵਿਚ ਬਦਲ ਦਿਤਾ। ਸੰਯੁਕਤ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਅਸਥਾਈ ਮੈਂਬਰੀ ਪ੍ਰਾਪਤ ਹੋਣ ਮਗਰੋਂ ਮੋਦੀ ਦਾ ਇਹ ਪਹਿਲਾ ਭਾਸ਼ਨ ਸੀ। ਡਿਜੀਟਲ ਤਰੀਕੇ ਨਾਲ ਸੰਬੋਧਤ ਕਰਦਿਆਂ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁਧ ਲੜਾਈ ਵਿਚ ਅਸੀਂ 150 ਤੋਂ ਵੱਧ ਮੁਲਕਾਂ ਵਿਚ ਇਲਾਜ ਅਤੇ ਹੋਰ ਤਰੀਕਿਆਂ ਨਾਲ ਮਦਦ ਪਹੁੰਚਾਈ ਹੈ।
ਉਨ੍ਹਾਂ ਕਿਹਾ, ‘ਅਸੀਂ ਮਦਦ ਦਾ ਹੱਥ ਵਧਾਇਆ ਅਤੇ ਇਸ ਮਹਾਂਮਾਰੀ ਵਿਰੁਧ ਲੜਾਈ ਨੂੰ ਜਨ ਅੰਦੋਲਨ ਵਿਚ ਬਦਲ ਦਿਤਾ।’ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਅੱਜ ਦੀ ਦੁਨੀਆਂ ਵਿਚ ਇਸ ਦੀ ਭੂਮਿਕਾ ਹੋਰ ਅਹਿਮ ਬਣ ਜਾਂਦੀ ਹੈ। ਮਹਾਂਮਾਰੀ ਨੇ ਸਾਰੇ ਦੇਸ਼ਾਂ ਦੇ ਧੀਰਜ ਦੀ ਸਖ਼ਤ ਪ੍ਰੀਖਿਆ ਲਈ। ਉਨ੍ਹਾਂ ਕਿਹਾ ਕਿ ਕੋਵਿਡ ਵਿਰੁਧ ਲੜਾਈ ਵਿਚ ਸਾਡੀ ਜ਼ਮੀਨੀ ਪੱਧਰ ਦੀ ਸਿਹਤ ਪ੍ਰਣਾਲੀ ਭਾਰਤ ਨੂੰ ਦੁਨੀਆਂ ਵਿਚ ਇਸ ਲਾਗ ਤੋਂ ਉਭਰਨ ਦੀ ਸੱਭ ਤੋਂ ਬਿਹਤਰ ਦਰ ਯਕੀਨੀ ਕਰਨ ਵਿਚ ਮਦਦ ਕਰ ਰਹੀ ਹੈ।
Modi
ਮੋਦੀ ਨੇ ਕਿਹਾ ਕਿ ਭਾਰਤ ਹਰ ਖੇਤਰ ਵਿਚ ਅੱਗੇ ਵਧ ਰਿਹਾ ਹੈ। ਦੇਸ਼ ਵਿਚ ਔਰਤਾਂ ਨੂੰ ਮਜ਼ਬੂਤ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰੀ ਹੈ। ਪਿਛਲੇ 6 ਸਾਲਾਂ ਵਿਚ ਡਾਇਰੈਕਟਰ ਬੈਨੀਫ਼ੀਸ਼ੀਅਰ ਪ੍ਰੋਗਰਾਮ ਤਹਿਤ 40 ਕਰੋੜ ਬੈਂਕ ਖਾਤਿਆਂ ਵਿਚ ਪੈਸੇ ਪਾ ਕੇ ਲੋਕਾਂ ਨੂੰ ਸਿੱਧਾ ਲਾਭ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਏਜੰਡਾ 2030 ’ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਾਰਕ ਕੋਵਿਡ ਐਮਰਜੈਂਸੀ ਫ਼ੰਡ ਬਣਾਇਆ ਗਿਆ। ਸਰਕਾਰ ਨੇ ਖਾਧ ਸੁਰੱਖਿਆ ਯੋਜਨਾ ਨਾਲ 830 ਮਿਲੀਅਨ ਨਾਗਰਿਕਾਂ ਨੂੰ ਲਾਭ ਮਿਲਿਆ। ਪ੍ਰਧਾਨ ਮੰਤਰੀ ਆਵਾਸ ਯੋਜਨਾ ਜ਼ਰੀਏ 2022 ਤਕ ਦੇਸ਼ ਦੇ ਹਰ ਨਾਗਰਿਕ ਕੋਲ ਅਪਣਾ ਘਰ ਹੋਵੇਗਾ। ਉਸ ਸਮੇਂ ਦੇਸ਼ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੋਵੇਗਾ। (ਏਜੰਸੀ)