
ਫੇਸਬੁੱਕ ਨੂੰ ਲੈ ਕੇ ਭਾਰਤ ਵਿਚ ਚੱਲ ਰਹੀ ਸਿਆਸੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।
ਨਵੀਂ ਦਿੱਲੀ: ਫੇਸਬੁੱਕ ਨੂੰ ਲੈ ਕੇ ਭਾਰਤ ਵਿਚ ਚੱਲ ਰਹੀ ਸਿਆਸੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਕਾਂਗਰਸ ਨੇ ਇਕ ਵਾਰ ਫਿਰ ਫੇਸਬੁੱਕ ਕੋਲ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਪੂਰੇ ਵਿਵਾਦ ਵਿਚਕਾਰ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਚਿੱਠੀ ਲਿਖੀ ਹੈ ਅਤੇ ਵਾਲ ਸਟਰੀਟ ਜਨਰਲ ਦੇ ਲੇਖ ਦਾ ਹਵਾਲਾ ਦਿੱਤਾ ਹੈ।
Mark Zuckerberg
ਕੇਸੀ ਵੇਣੂਗੋਪਾਲ ਨੇ ਜ਼ੁਕਰਬਰਗ ਕੋਲੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਅਰੋਪ ਲਗਾਇਆ ਹੈ ਕਿ ਫੇਸਬੁੱਕ ਇੰਡੀਆ ਦੇ ਕਰਮਚਾਰੀ ਅੰਖੀ ਦਾਸ ਨੇ ਚੋਣਾਂ ਸਬੰਧੀ ਕੰਮ ਵਿਚ ਭਾਜਪਾ ਨੂੰ ਮਦਦ ਪਹੁੰਚਾਈ ਹੈ। ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਜ਼ਰੂਰਤ ਹੈ ਅਤੇ ਇਸ ਦੀ ਰਿਪੋਰਟ ਵੀ ਜਨਤਕ ਕਰਨ ਦੀ ਲੋੜ ਹੈ।
K.C. Venugopal
ਵੇਣੂਗੋਪਾਲ ਨੇ ਕਿਹਾ ਹੈ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਫੇਸਬੁੱਕ ਇੰਡੀਆ ਦੀ ਨਵੀਂ ਟੀਮ ਨੂੰ ਕੰਮ ਸੌਂਪਣਾ ਚਾਹੀਦਾ ਹੈ। ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਹੀ ਮਾਰਕ ਜ਼ੁਕਰਬਰਗ ਨੂੰ ਇਸ ਤਰ੍ਹਾਂ ਦੀ ਚਿੱਠੀ ਲਿਖੀ ਹੈ ਇਸ ਵਿਚ ਪਹਿਲਾਂ ਵੀ ਕਈ ਫੇਸਬੁੱਕ ਅਧਿਕਾਰੀਆਂ ‘ਤੇ ਪੱਖਪਾਤ ਦਾ ਮੁੱਦਾ ਚੁੱਕਿਆ ਜਾਂਦਾ ਰਿਹਾ ਹੈ। ਕਾਂਗਰਸ ਨੇ ਕਿਹਾ ਕਿ ਫੇਸਬੁੱਕ ਇੰਡੀਆ ਦੀ ਟੀਮ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਰਿਪੋਰਟ ਦੇਸ਼ ਦੇ ਸਾਹਮਣੇ ਵੀ ਰੱਖਣੀ ਚਾਹੀਦੀ ਹੈ।
BJP-Facebook
ਫੇਸਬੁੱਕ ਨੇ ਇਸ ਪੂਰੇ ਮਾਮਲੇ ਵਿਚ ਦਿੱਤੀ ਸਫ਼ਾਈ
ਫੇਸਬੁੱਕ ਨੇ ਇਸ ਤਰ੍ਹਾਂ ਦੇ ਅਰੋਪਾਂ ‘ਤੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਫੇਸਬੁੱਕ ‘ਤੇ ਨਫ਼ਰਤ ਜਾਂ ਹਿੰਸਾ ਫੈਲਾਉਣ ਵਾਲੇ ਭਾਸ਼ਣਾਂ ਅਤੇ ਸਮੱਗਰੀ ‘ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਉਸ ਦੀਆਂ ਨੀਤੀਆਂ ਗਲੋਬਲ ਪੱਧਰ ‘ਤੇ ਲਾਗੂ ਕੀਤੀਆਂ ਜਾਂਦੀਆਂ ਹਨ ਅਤੇ ਇਸ ਵਿਚ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਕਿਸ ਸਿਆਸੀ ਧਿਰ ਨਾਲ ਸਬੰਧਤ ਮਾਮਲਾ ਹੈ।