
ਵਾਇਰਲ ਵੀਡੀਓ 'ਚ ਦੋਸ਼ ਹੈ ਕਿ ਇਕ ਯਾਤਰੀ ਇਕ ਮਹਿਲਾ ਫਲਾਈਟ ਅਟੈਂਡੈਂਟ ਅਤੇ ਉਸ ਦੀ ਮਹਿਲਾ ਸਹਿ-ਯਾਤਰੀ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ
ਨਵੀਂ ਦਿੱਲੀ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇੱਕ ਫਲਾਈਟ ਵਿਚ ਕਥਿਤ ਜਿਨਸੀ ਸ਼ੋਸ਼ਣ ਦੀ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਅਤੇ ਡੀਜੀਸੀਏ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਜਹਾਜ਼ ਵਿਚ ਯਾਤਰੀ ਦੁਆਰਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਸਬੰਧ ਵਿਚ ਇੱਕ ਵੀਡੀਓ ਦਾ ਖ਼ੁਦ ਨੋਟਿਸ ਲਿਆ ਹੈ। ਇਹ ਘਟਨਾ 16 ਅਗਸਤ, 2023 ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਵਿਚ ਵਾਪਰੀ ਦੱਸੀ ਜਾਂਦੀ ਹੈ।
ਵਾਇਰਲ ਵੀਡੀਓ 'ਚ ਦੋਸ਼ ਹੈ ਕਿ ਇਕ ਯਾਤਰੀ ਇਕ ਮਹਿਲਾ ਫਲਾਈਟ ਅਟੈਂਡੈਂਟ ਅਤੇ ਉਸ ਦੀ ਮਹਿਲਾ ਸਹਿ-ਯਾਤਰੀ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੱਸਿਆ ਗਿਆ ਹੈ ਕਿ ਜਦੋਂ ਉਸ ਦਾ ਮੋਬਾਈਲ ਫੋਨ ਚੈੱਕ ਕੀਤਾ ਗਿਆ ਤਾਂ ਉਸ ਦੇ ਮੋਬਾਈਲ ਵਿਚ ਜਹਾਜ਼ ਵਿਚ ਸਵਾਰ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਮਿਲੀਆਂ। ਇਸ ਦੌਰਾਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਵਿੱਚ ਪੁਲਿਸ ਦੇ ਡਿਪਟੀ ਕਮਿਸ਼ਨਰ ਅਤੇ ਡੀਜੀਸੀਏ, ਆਈਜੀਆਈ ਏਅਰਪੋਰਟ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਹੈ।
ਕਮਿਸ਼ਨ ਨੇ ਦਿੱਲੀ ਪੁਲਿਸ ਤੋਂ ਇਸ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ ਸਮੇਤ ਐਫਆਈਆਰ ਦੇ ਵੇਰਵੇ ਮੰਗੇ ਹਨ। ਨਾਲ ਹੀ, ਕਮਿਸ਼ਨ ਨੇ ਡੀਜੀਸੀਏ ਤੋਂ ਪੁੱਛਿਆ ਹੈ ਕਿ ਕੀ ਇਹ ਮਾਮਲਾ ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਦੇ ਤਹਿਤ ਅੰਦਰੂਨੀ ਸ਼ਿਕਾਇਤ ਕਮੇਟੀ ਜਾਂ ਕਿਸੇ ਹੋਰ ਕਮੇਟੀ ਨੂੰ ਭੇਜਿਆ ਗਿਆ ਹੈ। ਕਮਿਸ਼ਨ ਨੇ ਯਾਤਰੀ ਖਿਲਾਫ਼ ਕੀਤੀ ਗਈ ਕਾਰਵਾਈ ਦੇ ਵੇਰਵੇ ਮੰਗੇ ਹਨ। ਕਮਿਸ਼ਨ ਨੇ ਦਿੱਲੀ ਪੁਲਿਸ ਅਤੇ ਡੀਜੀਸੀਏ ਨੂੰ 23 ਅਗਸਤ ਤੱਕ ਕਾਰਵਾਈ ਦੀ ਰਿਪੋਰਟ ਦੇਣ ਲਈ ਕਿਹਾ ਹੈ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਫਲਾਈਟਾਂ ਵਿਚ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਹਨ। ਇਹ ਅਸਵੀਕਾਰਨਯੋਗ ਹੈ। ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਡੀਜੀਸੀਏ ਨੂੰ ਫਲਾਈਟਾਂ ਵਿਚ ਜਿਨਸੀ ਸ਼ੋਸ਼ਣ ਦੇ ਖਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣੀ ਚਾਹੀਦੀ ਹੈ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।