ਦੇਹਰਾਦੂਨ ਸਮੂਹਕ ਜਬਰ ਜਨਾਹ ਮਾਮਲਾ: ਬੱਸ ਡਰਾਈਵਰ ਤੇ ਕੰਡਕਟਰ ਗ੍ਰਿਫਤਾਰ 
Published : Aug 18, 2024, 10:19 pm IST
Updated : Aug 18, 2024, 10:19 pm IST
SHARE ARTICLE
Representative Image.
Representative Image.

ਬਾਲਿਕਾ ਨਿਕੇਤਨ ’ਚ ਕਾਊਂਸਲਿੰਗ ਦੌਰਾਨ ਲੜਕੀ ਨੇ ਕਥਿਤ ਜਬਰ ਜਨਾਹ ਬਾਰੇ ਦਸਿਆ

ਦੇਹਰਾਦੂਨ: ਦੇਹਰਾਦੂਨ ਦੇ ਅੰਤਰਰਾਜੀ ਬੱਸ ਟਰਮੀਨਲ (ਆਈ.ਐੱਸ.ਬੀ.ਟੀ.) ’ਤੇ ਦਿੱਲੀ ਤੋਂ ਆ ਰਹੀ ਬੱਸ ’ਚ ਇਕ ਨਾਬਾਲਗ ਲੜਕੀ ਨਾਲ ਕਥਿਤ ਤੌਰ ’ਤੇ ਸਮੂਹਕ ਜਬਰ ਜਨਾਹ ਦੇ ਮਾਮਲੇ ’ਚ ਐਤਵਾਰ ਨੂੰ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੇਹਰਾਦੂਨ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਜੇ ਸਿੰਘ ਨੇ ਦਸਿਆ ਕਿ 12 ਅਗੱਸਤ ਦੀ ਘਟਨਾ ਦੇ ਸਬੰਧ ’ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ’ਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਵੀ ਸ਼ਾਮਲ ਹਨ। 

ਉਨ੍ਹਾਂ ਦਸਿਆ ਕਿ ਸਨਿਚਰਵਾਰ ਸ਼ਾਮ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਮੌਕੇ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਸਕੈਨ ਕੀਤਾ, ਅਪਰਾਧ ’ਚ ਵਰਤੀ ਗਈ ਉਤਰਾਖੰਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੀ ਪਛਾਣ ਕੀਤੀ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। 

ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁਲਜ਼ਮਾਂ ਦੀ ਪਛਾਣ ਧਰਮਿੰਦਰ ਕੁਮਾਰ (32) ਅਤੇ ਰਾਜਪਾਲ (57) ਵਾਸੀ ਬੱਗਾਵਾਲਾ, ਹਰਿਦੁਆਰ ਜ਼ਿਲ੍ਹੇ ਦੇ ਭਗਵਾਨਪੁਰ ਨਿਵਾਸੀ ਦੇਵੇਂਦਰ (52), ਦੇਹਰਾਦੂਨ ਦੇ ਪਟੇਲ ਨਗਰ ਨਿਵਾਸੀ ਰਾਜੇਸ਼ ਕੁਮਾਰ ਸੋਨਕਰ (38) ਅਤੇ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਨਵਾਬਗੰਜ ਨਿਵਾਸੀ ਰਵੀ ਕੁਮਾਰ (34) ਵਜੋਂ ਹੋਈ ਹੈ। 

ਧਰਮਿੰਦਰ ਕੁਮਾਰ ਅਪਰਾਧ ’ਚ ਵਰਤੀ ਗਈ ਬੱਸ ਦਾ ਡਰਾਈਵਰ ਹੈ ਅਤੇ ਦੇਵੇਂਦਰ ਕੰਡਕਟਰ ਹੈ। ਰਵੀ ਕੁਮਾਰ ਅਤੇ ਰਾਜਪਾਲ ਹੋਰ ਬੱਸਾਂ ਦੇ ਡਰਾਈਵਰ ਹਨ ਜਦਕਿ ਸੋਨਕਰ ਬੱਸ ਸਟੈਂਡ ’ਤੇ ਤਾਇਨਾਤ ਉਤਰਾਖੰਡ ਰੋਡਵੇਜ਼ ਦਾ ਕੈਸ਼ੀਅਰ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਘਟਨਾ ’ਚ ਵਰਤੀ ਗਈ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਫੋਰੈਂਸਿਕ ਟੀਮ ਨੇ ਬੱਸ ਤੋਂ ਲੋੜੀਂਦੇ ਸਬੂਤ ਇਕੱਠੇ ਕੀਤੇ ਹਨ। 

ਮਿਲੀ ਜਾਣਕਾਰੀ ਮੁਤਾਬਕ 16-17 ਸਾਲ ਦੀ ਲੜਕੀ ਨੂੰ 12 ਅਗੱਸਤ ਦੀ ਦੇਰ ਰਾਤ ਆਈਐਸਬੀਟੀ ਦੇਹਰਾਦੂਨ ਦੇ ਪਲੇਟਫਾਰਮ ਨੰਬਰ 12 ’ਤੇ ਬੈਂਚ ’ਤੇ ਬੈਠਾ ਵੇਖਿਆ ਗਿਆ ਸੀ, ਜਿਸ ਦੀ ਸੂਚਨਾ ਦੇਹਰਾਦੂਨ ਬਾਲ ਭਲਾਈ ਕਮੇਟੀ ਨੂੰ ਦਿਤੀ ਗਈ, ਜਿਸ ਨੇ ਉਸ ਨੂੰ ਸੁਰੱਖਿਆ ਲਈ ਸਰਕਾਰੀ ਬਾਲਿਕਾ ਨਿਕੇਤਨ ਭੇਜ ਦਿਤਾ। 

ਬਾਲਿਕਾ ਨਿਕੇਤਨ ’ਚ ਕਾਊਂਸਲਿੰਗ ਦੌਰਾਨ ਲੜਕੀ ਨੇ ਕਥਿਤ ਜਬਰ ਜਨਾਹ ਬਾਰੇ ਦਸਿਆ, ਜਿਸ ਤੋਂ ਬਾਅਦ ਕਮੇਟੀ ਮੈਂਬਰ ਪ੍ਰਤਿਭਾ ਜੋਸ਼ੀ ਨੇ ਸਨਿਚਰਵਾਰ ਸ਼ਾਮ ਨੂੰ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ ’ਤੇ ਪਟੇਲ ਨਗਰ ਥਾਣੇ ’ਚ ਭਾਰਤੀ ਦੰਡਾਵਲੀ ਦੀ ਧਾਰਾ 70 (2) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਐੱਸ.ਐੱਸ.ਪੀ. ਨੇ ਦਸਿਆ ਕਿ ਘਟਨਾ ਦੀ ਜਾਂਚ ਲਈ ਇਕ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕਰਨ ਤੋਂ ਇਲਾਵਾ ਉਨ੍ਹਾਂ ਨੇ ਖੁਦ ਪੀੜਤ ਲੜਕੀ ਨਾਲ ਮੁਲਾਕਾਤ ਕੀਤੀ ਅਤੇ ਮੌਕੇ ਦਾ ਨਿਰੀਖਣ ਕੀਤਾ। ਮੁੱਢਲੀ ਪੁੱਛ-ਪੜਤਾਲ ਦੌਰਾਨ ਲੜਕੀ ਨੇ ਦਸਿਆ ਕਿ ਉਸ ਦੇ ਮਾਪੇ ਨਹੀਂ ਹਨ ਅਤੇ ਉਹ ਪੰਜਾਬ ਦੀ ਰਹਿਣ ਵਾਲੀ ਹੈ। 

ਬਾਅਦ ਵਿਚ ਉਸ ਨੇ ਪੁਲਿਸ ਨੂੰ ਦਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਰਹਿਣ ਵਾਲੀ ਹੈ ਅਤੇ ਪਹਿਲਾਂ ਮੁਰਾਦਾਬਾਦ ਤੋਂ ਦਿੱਲੀ ਗਈ ਅਤੇ ਫਿਰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਦੇਹਰਾਦੂਨ ਲਈ ਬੱਸ ਫੜੀ ਜਿੱਥੇ ਉਸ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ। ਉਨ੍ਹਾਂ ਦਸਿਆ ਕਿ ਲੜਕੀ ਨੇ ਪਹਿਲਾਂ ਵਾਰ-ਵਾਰ ਅਪਣੇ ਬਿਆਨ ਬਦਲੇ ਪਰ ਬਾਅਦ ’ਚ ਪੁੱਛ-ਪੜਤਾਲ ਦੌਰਾਨ ਪੁਲਿਸ ਨੂੰ ਅਪਣੇ ਪਰਵਾਰ ਕ ਵੇਰਵੇ ਦੱਸੇ। 

ਪਰਵਾਰ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਪੀੜਤਾ ਦੇ ਮਾਪੇ ਜ਼ਿੰਦਾ ਹਨ ਅਤੇ ਉਹ ਪਹਿਲਾਂ ਵੀ ਕਈ ਵਾਰ ਉਸ ਨੂੰ ਦੱਸੇ ਬਿਨਾਂ ਘਰੋਂ ਚਲੀ ਗਈ ਸੀ। ਹਾਲਾਂਕਿ, ਪੀੜਤਾ ਦੇ ਪਰਵਾਰ ਕ ਮੈਂਬਰਾਂ ਨੂੰ ਹਰ ਵਾਰ ਵੱਖ-ਵੱਖ ਮਾਧਿਅਮਾਂ ਰਾਹੀਂ ਉਸ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਉਹ ਉਸ ਨੂੰ ਘਰ ਲੈ ਆਏ। 

ਪੁੱਛ-ਪੜਤਾਲ ਦੌਰਾਨ ਦੋਸ਼ੀ ਦਵਿੰਦਰ ਨੇ ਪ੍ਰਗਟਾਵਾ ਕੀਤਾ ਕਿ ਦਿੱਲੀ ਦੇ ਕਸ਼ਮੀਰੀ ਗੇਟ ’ਤੇ ਪੰਜਾਬ ਜਾਣ ਵਾਲੀ ਬੱਸ ਬਾਰੇ ਪੁੱਛ-ਪੜਤਾਲ ਕਰ ਰਹੀ ਪੀੜਤਾ ਨੇ ਉਸ ਨੂੰ ਦੇਹਰਾਦੂਨ ਅਤੇ ਫਿਰ ਪਾਉਂਟਾ ਸਾਹਿਬ ਹੁੰਦੇ ਹੋਏ ਪੰਜਾਬ ਜਾਣ ਲਈ ਅਪਣੀ ਬੱਸ ਵਿਚ ਸਵਾਰ ਹੋਣ ਦਾ ਸੁਝਾਅ ਦਿਤਾ। ਦੇਹਰਾਦੂਨ ਪਹੁੰਚਣ ਤੋਂ ਬਾਅਦ ਜਦੋਂ ਸਾਰੇ ਮੁਸਾਫ਼ਰ ਬੱਸ ਤੋਂ ਉਤਰੇ ਤਾਂ ਦੇਵੇਂਦਰ ਨੇ ਡਰਾਈਵਰ ਧਰਮਿੰਦਰ ਨਾਲ ਮਿਲ ਕੇ ਲੜਕੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ। 

ਉਨ੍ਹਾਂ ਦਸਿਆ ਕਿ ਜਦੋਂ ਬੱਸ ਸਟੈਂਡ ’ਤੇ ਨੇੜੇ ਖੜੀਆਂ ਬੱਸਾਂ ਦੇ ਡਰਾਈਵਰ ਰਵੀ ਅਤੇ ਰਾਜਪਾਲ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਵੀ ਬੱਸ ਦੇ ਅੰਦਰ ਗਏ ਅਤੇ ਲੜਕੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ। ਦੇਵੇਂਦਰ ਨੇ ਦਸਿਆ ਕਿ ਘਟਨਾ ਤੋਂ ਬਾਅਦ ਉਹ ਕੈਸ਼ ਕਾਊਂਟਰ ’ਤੇ ਪੈਸੇ ਜਮ੍ਹਾ ਕਰਵਾਉਣ ਗਿਆ, ਜਿਸ ਨੇ ਉਥੇ ਤਾਇਨਾਤ ਕੈਸ਼ੀਅਰ ਸੋਨਕਰ ਨੂੰ ਦਸਿਆ , ਜਿਸ ਤੋਂ ਬਾਅਦ ਉਸ ਨੇ ਬੱਸ ’ਚ ਲੜਕੀ ਨਾਲ ਜਬਰ ਜਨਾਹ ਵੀ ਕੀਤਾ। 

ਇਸ ਘਟਨਾ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਾਂਗਰਸ ਨੇ ਮੰਗ ਕੀਤੀ ਕਿ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਾਲੀ ਸਰਕਾਰ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਕਰੇ। 

ਉਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਰਨ ਮਾਹਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ, ‘‘ਆਈਐਸਬੀਟੀ ਵਰਗੇ ਜਨਤਕ ਸਥਾਨ ’ਤੇ ਲੜਕੀ ਨਾਲ ਸਮੂਹਿਕ ਜਬਰ ਜਨਾਹ , ਜਿੱਥੇ ਮੁਸਾਫ਼ਰਾਂ ਦੀ 24 ਘੰਟੇ ਆਵਾਜਾਈ ਹੁੰਦੀ ਹੈ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਚੌਕਸੀ ਦੇ ਬਾਵਜੂਦ, ਉਤਰਾਖੰਡ ’ਚ ਕਾਨੂੰਨ ਵਿਵਸਥਾ ਅਤੇ ਔਰਤਾਂ ਦੀ ਸੁਰੱਖਿਆ ਪ੍ਰਤੀ ਸਰਕਾਰ ਦੇ ਰਵੱਈਏ ਦਾ ਪਰਦਾਫਾਸ਼ ਹੋਇਆ ਹੈ। ‘‘ 

ਰੁਦਰਪੁਰ ਦੇ ਇਕ ਹਸਪਤਾਲ ’ਚ ਕੰਮ ਕਰਨ ਵਾਲੀ ਇਕ ਮਹਿਲਾ ਨਰਸ ਨਾਲ ਹਾਲ ਹੀ ’ਚ ਹੋਏ ਜਬਰ ਜਨਾਹ ਅਤੇ ਕਤਲ ਦਾ ਜ਼ਿਕਰ ਕਰਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਤਰਾਖੰਡ ’ਚ ਅਪਰਾਧੀਆਂ ਦਾ ਹੌਸਲਾ ਬਹੁਤ ਵਧਿਆ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। 

ਮਾਹਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਘਟਨਾ ’ਚ ਸ਼ਾਮਲ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਦੀ ਮੰਗ ਕਰਦੀ ਹੈ। ਕਾਂਗਰਸ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਦੇਸ਼ ਭਾਜਪਾ ਦੇ ਮੀਡੀਆ ਇੰਚਾਰਜ ਮਨਵੀਰ ਸਿੰਘ ਚੌਹਾਨ ਨੇ ਕਿਹਾ ਕਿ ਸੂਬੇ ’ਚ ਬੇਟੀਆਂ ਸੁਰੱਖਿਅਤ ਹਨ ਅਤੇ ਹਰ ਘਟਨਾ ਦਾ ਤੁਰਤ ਨੋਟਿਸ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। 

ਚੌਹਾਨ ਨੇ ਦਾਅਵਾ ਕੀਤਾ ਕਿ ਕਿਸੇ ਵੀ ਘਟਨਾ ਦੇ ਸਬੰਧ ’ਚ ਕਾਰਵਾਈ ਕਰਨ ਦੇ ਮਾਮਲੇ ’ਚ ਉਤਰਾਖੰਡ ਦੂਜੇ ਸੂਬਿਆਂ ਨਾਲੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ’ਚ ਅਪਰਾਧ ਲੁਕੇ ਨਹੀਂ ਹੁੰਦੇ, ਸਗੋਂ ਰੀਪੋਰਟਾਂ ਦਰਜ ਕੀਤੀਆਂ ਜਾਂਦੀਆਂ ਹਨ ਅਤੇ ਕਾਰਵਾਈ ਕੀਤੀ ਜਾਂਦੀ ਹੈ।

ਕਾਂਗਰਸ ’ਤੇ ‘ਅਸੰਵੇਦਨਸ਼ੀਲ’ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਚੌਹਾਨ ਨੇ ਕਿਹਾ ਕਿ ਪਾਰਟੀ ਦੋਹਰੇ ਮਾਪਦੰਡ ਅਪਣਾਉਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਜੇ ਤਕ ਪਛਮੀ ਬੰਗਾਲ ’ਚ ਜਬਰ ਜਨਾਹ ਅਤੇ ਕਤਲ ਦੀ ਘਟਨਾ ’ਤੇ ਅਪਣਾ ਸਟੈਂਡ ਸਪੱਸ਼ਟ ਨਹੀਂ ਕਰ ਸਕੀ ਹੈ। 

SHARE ARTICLE

ਏਜੰਸੀ

Advertisement

Jathedar ਨੂੰ ਹਟਾਉਣ ਤੇ CM Mann ਦਾ ਪਹਿਲਾ ਬਿਆਨ SGPC ਨੂੰ ਕਿਹਾ, 'ਪਹਿਲਾਂ ਆਪ ਤਾਂ ਵੈਲਿਡ ਹੋ ਜਾਓ'

08 Mar 2025 2:06 PM

ਹੁਣ Punjab ਦੇ ਇਸ Pind 'ਚ ਚੱਲਿਆ Bulldozer, ਕੁੱਝ ਹੀ ਸਕਿੰਟਾਂ 'ਚ ਕਰਤਾ Drug Trafficker ਦਾ ਘਰ ਤਬਾਹ

08 Mar 2025 2:03 PM

SGPC ਦਾ ਅਗਲਾ ਪ੍ਰਧਾਨ ਕੌਣ, ਕਿਵੇਂ ਚੁਣਿਆ ਜਾਵੇਗਾ ਨਵਾਂ ਪ੍ਰਧਾਨ, ਪੰਥਕ ਸਿਆਸਤ 'ਚ ਹਲਚਲ ਲਈ ਕੌਣ ਜ਼ਿੰਮੇਵਾਰ ?

07 Mar 2025 12:43 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Mar 2025 12:40 PM

Tehsildara ਨੂੰ ਦਿੱਤਾ ਅਲਟੀਮੇਟਮ ਖ਼ਤਮ, ਪੰਜਾਬ ਸਰਕਾਰ ਦੀ ਚਿਤਾਵਨੀ ਦਾ ਅਸਰ, ਦੇਖੋ ਕਿੱਥੇ-ਕਿੱਥੇ ਡਿਊਟੀ 'ਤੇ ਪਰਤੇ..

05 Mar 2025 12:19 PM
Advertisement