ਨੋਟਾਂ ਅਤੇ ਸਿੱਕਿਆਂ ਨਾਲ ਕੀਤੀ ਗਈ ਇਹ ਸਜਾਵਟ ਇਕ ਹਫ਼ਤੇ ਲਈ ਰਹੇਗੀ
ਬੇਂਗਲੁਰੂ: ਕਰਨਾਟਕ ਦੇ ਬੇਂਗਲੁਰੂ ’ਚ ਜੇ.ਪੀ. ਨਗਰ ਸਥਿਤ ਸੱਤ ਗਣਪਤੀ ਮੰਦਰ ਨੂੰ ਕਰੀਬ ਢਾਈ ਕਰੋੜ ਰੁਪਏ ਦੇ ਸਿੱਕਿਆਂ ਅਤੇ ਨੋਟਾਂ ਨਾਲ ਸਜਾਇਆ ਗਿਆ ਹੈ। ਬੇਂਗਲੁਰੂ ਅਤੇ ਸਮੁੱਚੇ ਕਰਨਾਟਕ ’ਚ ਸੋਮਵਾਰ ਤੋਂ ਗਣੇਸ਼ ਚਤੁਰਥੀ ਉਤਸਰ ਧਾਰਮਕ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਸ਼ਰਧਾਲੂ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਲਈ ਮੰਦਰਾਂ ਅਤੇ ਪੰਡਾਲਾਂ ’ਚ ਜਾ ਰਹੇ ਹਨ।
ਅਪਣੀ ਅਨੋਖੀ ਸਜਾਵਟ ਕਾਰਨ ਸੱਤ ਗਣਪਤੀ ਮੰਦਰ ਸ਼ਰਧਾਲੂਆਂ ਦਾ ਧਿਆਨ ਖਿੱਚ ਰਿਹਾ ਹੈ। ਟਰੱਸਟੀਆਂ ਮੁਤਾਬਕ, ਇਸ ਮੰਦਰ ਦਾ ਪ੍ਰਬੰਧਨ ਸੰਭਾਲ ਰਹੇ ਗਣਪਤੀ ਸ਼ਿਰਡੀ ਸਾਈ ਟਰੱਸਟ ਨੇ ਪੰਜ, 10 ਅਤੇ 20 ਰੁਪਏ ਦੇ ਸਿੱਕਿਆਂ ਦੀਆਂ ਮਾਲਾਵਾਂ ਤਿਆਰ ਕੀਤੀਆਂ ਹਨ। ਇਸ ਦੇ ਨਾਲ-ਨਾਲ 10, 20, 50, 100, 200 ਅਤੇ 500 ਰੁਪਏ ਦੇ ਨੋਟਾਂ ਦੀ ਵੀ ਮਾਲਾ ਤਿਆਰ ਕੀਤੀ ਗਈ ਹੈ। ਇਹ ਸਾਰੀਆਂ ਮਾਲਾਵਾਂ ਲਗਭਗ ਢਾਈ ਕਰੋੜ ਰੁਪਏ ਦੀਆਂ ਹਨ।
ਇਕ ਟਰੱਸਟੀ ਨੇ ਦਸਿਆ ਕਿ ਲਗਭਗ 150 ਲੋਕਾਂ ਦੀ ਟੀਮ ਨੇ ਇਕ ਮਹੀਨੇ ਦੌਰਾਨ ਸਿੱਕਿਆਂ ਅਤੇ ਨੋਟਾਂ ਦੀਆਂ ਮਾਲਾਵਾ ਨਾਲ ਮੰਦਰ ਦੀ ਸਜਾਵਟ ਕੀਤੀ। ਉਨ੍ਹਾਂ ਮੁਤਾਬਕ, ਇਸ ਲਈ ਸੁਰਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਸੀ.ਸੀ.ਟੀ.ਵੀ. ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
ਸਿੱਕਿਆਂ ਦਾ ਪ੍ਰਯੋਗ ਕਰ ਕੇ ਕਲਾਤਮਕ ਚਿੱਤਰਣ ਕੀਤਾ ਗਿਆ ਹੈ। ਇਨ੍ਹਾਂ ’ਚ ਭਗਵਾਨ ਗਣੇਸ਼, ‘ਜੈ ਕਰਨਾਟਕ’, ‘ਰਾਸ਼ਟਰ ਪ੍ਰਥਮ’, ‘ਵਿਕਰਮ ਲੈਂਡਰ’, ‘ਚੰਦਰਯਾਨ’ ਅਤੇ ‘ਜੈ ਜਵਾਨ, ਜੈ ਕਿਸਾਨ’ ਦੇ ਅਕਸ ਸ਼ਾਮਲ ਹਨ। ਇਕ ਟਰੱਸਟੀ ਨੇ ਦਸਿਆ ਕਿ ਨੋਟਾਂ ਅਤੇ ਸਿੱਕਿਆਂ ਨਾਲ ਕੀਤੀ ਗਈ ਇਹ ਸਜਾਵਟ ਇਕ ਹਫ਼ਤੇ ਲਈ ਰਹੇਗੀ।