ਉਗਰਵਾਦੀਆਂ ਨੇ ਆਧੁਨਿਕ ਹਥਿਆਰਾਂ ਨਾਲ ਕੀਤੀ ਗੋਲੀਬਾਰੀ
Manipur News : ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਦੇ ਮੋਂਗਬੰਗ ਮੇਈਤੇਈ ਪਿੰਡ ’ਚ ਸ਼ੱਕੀ ਉਗਰਵਾਦੀਆਂ ਨੇ ਹਮਲਾ ਕਰ ਦਿਤਾ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਨੇ ਦਸਿਆ ਕਿ ਉਗਰਵਾਦੀਆਂ ਨੇ ਮੰਗਲਵਾਰ ਸ਼ਾਮ ਕਰੀਬ 7 ਵਜੇ ਆਧੁਨਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪਿੰਡ ਦੇ ਵਲੰਟੀਅਰਾਂ ਨੇ ਜਵਾਬੀ ਕਾਰਵਾਈ ਕੀਤੀ। ਪੁਲਿਸ ਨੇ ਦਸਿਆ ਕਿ ਗੋਲੀਬਾਰੀ ’ਚ ਕੋਈ ਜ਼ਖਮੀ ਨਹੀਂ ਹੋਇਆ।
ਇਕ ਅਧਿਕਾਰੀ ਨੇ ਦਸਿਆ ਕਿ ਸਥਿਤੀ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਨੂੰ ਮੌਕੇ ’ਤੇ ਪਹੁੰਚਣ ਤੋਂ ਬਾਅਦ ਰਾਤ ਕਰੀਬ 8 ਵਜੇ ਗੋਲੀਬਾਰੀ ਰੁਕ ਗਈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਿੰਡ ਵਾਸੀਆਂ ਨੂੰ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ ਹੈ।
ਇਕ ਪੁਲਿਸ ਅਧਿਕਾਰੀ ਨੇ ਪਿੰਡ ਵਾਸੀਆਂ ਦੇ ਹਵਾਲੇ ਨਾਲ ਦਸਿਆ ਕਿ ਪਿੰਡ ’ਚ ਪਿਛਲੇ ਕੁੱਝ ਦਿਨਾਂ ’ਚ ਕਈ ਡਰੋਨ ਹਵਾ ’ਚ ਉੱਡਦੇ ਵੇਖੇ ਗਏ ਹਨ। ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਚਾਨੂੰਗ ਅਤੇ ਸੀ ਜੂਲਿਨ ਪਿੰਡਾਂ ’ਚ ਤਲਾਸ਼ੀ ਮੁਹਿੰਮ ਚਲਾਈ ਅਤੇ ਕੁੱਝ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ।