
18 ਅਕਤੂਬਰ 2019 ਨੂੰ ਅੱਜ ਰਾਜਸਥਾਨ ਦੇ ਪੁਸ਼ਕਰ ਵਿਚ 6 ਬੱਚੀਆਂ ਦਾ ਬਾਲ ਵਿਆਹ ਹੋਣ ਵਾਲਾ ਸੀ ਪਰ ਇਕ 24 ਸਾਲ ਦੀ ਲੜਕੀ ਨੇ ਇਹਨਾਂ ਬੱਚੀਆਂ ਦਾ ਵਿਆਹ ਰੁਕਵਾ ਦਿੱਤਾ।
ਨਵੀਂ ਦਿੱਲੀ: 18 ਅਕਤੂਬਰ 2019 ਯਾਨੀ ਅੱਜ ਰਾਜਸਥਾਨ ਦੇ ਪੁਸ਼ਕਰ ਵਿਚ 6 ਬੱਚੀਆਂ ਦਾ ਬਾਲ ਵਿਆਹ ਹੋਣ ਵਾਲਾ ਸੀ ਪਰ ਕਰੀਬ 6370 ਕਿਲੋਮੀਟਰ ਦੂਰ ਤੋਂ ਇਕ 24 ਸਾਲ ਦੀ ਲੜਕੀ ਨੇ ਇਹਨਾਂ ਬੱਚੀਆਂ ਦਾ ਵਿਆਹ ਰੁਕਵਾ ਦਿੱਤਾ। ਇਸ ਲੜਕੀ ਦਾ ਨਾਂਅ ਹੈ ਸ਼ਾਇਰਾ ਸੋਨਾ। ਸ਼ਾਇਰ ਇਹਨਾਂ ਲੜਕੀਆਂ ਨੂੰ ਅੱਗੇ ਪੜ੍ਹਾਉਣਾ ਚਾਹੁੰਦੀ ਹੈ ਅਤੇ ਉਹਨਾਂ ਨੂੰ ਅਪਣੇ ਪੈਰਾਂ ‘ਤੇ ਖੜ੍ਹਾ ਕਰਨਾ ਚਾਹੁਦੀ ਹੈ ਪਰ ਨਟ ਭਾਈਚਾਰੇ ਦੀਆਂ ਇਹਨਾਂ ਲੜਕੀਆਂ ਦੇ ਮਾਤਾ-ਪਿਤਾ ਚੋਰੀ ਇਹਨਾਂ ਬੱਚੀਆਂ ਦਾ ਵਿਆਹ ਕਰਵਾ ਰਹੇ ਸਨ।
ਕਿਸੇ ਵਿਅਕਤੀ ਨੇ ਸ਼ਾਇਰਾ ਨੂੰ ਜਾਣਕਾਰੀ ਦਿੱਤੀ ਕਿ 18 ਸਾਲ ਤੋਂ ਘੱਟ ਉਮਰ ਦੀਆਂ ਇਹਨਾਂ ਬੱਚੀਆਂ ਦਾ ਵਿਆਹ 16 ਤੋਂ 18 ਅਕਤੂਬਰ ਤੱਕ ਹੋਣ ਵਾਲਾ ਹੈ। ਇਸ ਤੋਂ ਬਾਅਦ ਸ਼ਾਇਰਾ ਨੇ ਇਹ ਸੂਚਨਾ ਗੈਰ ਸਰਕਾਰੀ ਸੰਸਥਾ ਚਾਈਲਡ ਰਾਈਟ ਐਂਡ ਯੂ (CRY) ਨੂੰ ਦਿੱਤੀ। ਇਸ ਤੋਂ ਬਾਅਦ ਹੋਣ CRY ਨੇ ਸਥਾਨਕ ਗੈਰ ਸਰਕਾਰੀ ਸੰਸਥਾ ਮਹਿਲਾ ਜਨ ਅਧਿਕਾਰ ਕਮੇਟੀ ਦੇ ਜ਼ਰੀਏ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਉਸ ਤੋਂ ਬਾਅਦ ਪੁਲਿਸ ਨੇ 13 ਅਕਤੂਬਰ ਨੂੰ ਇਹਨਾਂ ਲੜਕੀਆਂ ਦੇ ਘਰ ਜਾ ਕੇ ਵਿਆਹ ਰੁਕਵਾਇਆ। ਪੁਲਿਸ ਅਧਿਕਾਰੀ ਲਗਾਤਾਰ ਇਹਨਾਂ ਲੜਕੀਆਂ ਦੇ ਘਰ ਜਾ ਕੇ ਜਾਂਚ ਕਰ ਰਹੇ ਹਨ।
ਸ਼ਾਇਰਾ ਹੌਲੈਂਡ ਦੀ ਰਾਜਧਾਨੀ ਐਮਸਟਰਡਮ ਦੀ ਰਹਿਣ ਵਾਲੀ ਹੈ। ਸ਼ਾਇਰਾ ਸੋਨਾ ਸ਼ਿਨ ਨੇ ਦੱਸਿਆ ਕਿ ਉਹ 2016 ਵਿਚ ਅਪਣੀ ਮਾਂ ਨਾਲ ਰਾਜਸਥਾਨ ਘੁੰਮਣ ਆਈ ਸੀ। ਉੱਥੋਂ ਸ਼ਾਇਰਾ ਪੁਸ਼ਕਰ ਗਈ। ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ‘ਤੇ ਇੰਟਰਨੈਸ਼ਨਲ ਡਿਵੈਲਪਮੈਂਟ ਸਟਡੀਜ਼ ਦੀ ਪੜ੍ਹਾਈ ਕਰ ਰਹੀ ਸ਼ਾਇਰਾ ਨੇ ਉੱਥੇ ਨਟ ਭਾਈਚਾਰੇ ਦੇ ਦੋ ਛੋਟੇ ਲੜਕਿਆਂ ਨੂੰ ਦੇਖਿਆ ਕਿ ਉਹ ਸੜਕ ‘ਤੇ ਭੀੜ ਮੰਗ ਰਹੇ ਹਨ। ਸ਼ਾਇਰਾ ਉਹਨਾਂ ਬੱਚਿਆਂ ਨੂੰ ਦੇਖ ਕੇ ਦੁਖੀ ਹੋ ਗਈ। ਇਸ ਤੋਂ ਬਾਅਦ ਉਹ ਉਹਨਾਂ ਬੱਚਿਆਂ ਦੇ ਨਾਲ ਉਹਨਾਂ ਦੇ ਘਰ ਗਈ, ਜਿੱਥੇ ਉਹ ਰਹਿੰਦੇ ਸਨ। ਉੱਥੇ ਸਿਰਫ਼ ਝੁੱਗੀਆਂ ਸਨ। ਉਹਨਾਂ ਦੇ ਘਰ ਦੀ ਹਾਲਤ ਬਹੁਤ ਮਾੜੀ ਸੀ।
ਇਸ ਤੋਂ ਬਾਅਦ ਸ਼ਾਇਰਾ ਨੇ ਫੈਸਲਾ ਕੀਤਾ ਕਿ ਉਹ ਇਹਨਾਂ ਬੱਚਿਆਂ ਦੇ ਜੀਵਨ ਵਿਚ ਸੁਧਾਰ ਲਿਆਵੇਗੀ। ਇਸ ਤੋਂ ਬਾਅਦ ਸ਼ਾਇਰਾ ਨੇ ਬੱਚਿਆਂ ਦੀ ਪੜ੍ਹਾਈ ਕਰਵਾਉਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸ਼ਾਇਰਾ 2016 ਤੋਂ ਲੈ ਕੇ ਹੁਣ ਤੱਕ ਹੌਲੈਂਡ ਤੋਂ 16 ਵਾਰ ਪੁਸ਼ਕਰ ਆਈ ਹੈ। ਸ਼ਾਇਰਾ ਨੇ ਇਸ ਇਲਾਕੇ ਵਿਚੋਂ 40 ਬੱਚਿਆਂ ਨੂੰ ਲਿਆ। ਇਸ ਤੋਂ ਬਾਅਦ ਸ਼ਾਇਰਾ ਨੇ ਸਥਾਨਕ ਜਵਾਹਰ ਪਬਲਿਕ ਸਕੂਲ ਨਾਲ ਗੱਲ ਕੀਤੀ ਤਾਂ ਜੋ ਬੱਚਿਆ ਨੂੰ ਇਸ ਸਕੂਲ ਵਿਚ ਪੜ੍ਹਾਇਆ ਜਾ ਸਕੇ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਕ 11-12 ਸਾਲ ਦੀ ਬੱਚੀ ਇਕ ਮਹੀਨੇ ਤੋਂ ਸਕੂਲ ਨਹੀਂ ਆ ਸੀ। ਉਸ ਦੇ ਨਾਲ ਹੀ ਉਸ ਦੇ ਭਰਾ-ਭੈਣ ਵੀ ਨਹੀਂ ਆ ਰਹੇ ਸਨ। ਪਤਾ ਕਰਨ ‘ਤੇ ਜਾਣਕਾਰੀ ਮਿਲੀ ਕਿ ਉਸ ਬੱਚੀ ਦੇ ਨਾਲ-ਨਾਲ 4-5 ਬੱਚੀਆਂ ਦਾ ਵਿਆਹ 16 ਤੋਂ 18 ਅਕਤੂਬਰ ਦੇ ਵਿਚਕਾਰ ਹੋਣ ਵਾਲਾ ਹੈ।
ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਸ਼ਾਇਰਾ ਨੂੰ ਇਹ ਜਾਣਕਾਰੀ ਦਿੱਤੀ। ਇਸ ਤਰ੍ਹਾਂ ਉਸ ਨੇ ਇਹਨਾਂ ਬੱਚੀਆਂ ਦਾ ਬਾਲ ਵਿਆਹ ਰੋਕਿਆ। ਸ਼ਾਇਰਾ ਨੇ ਦੱਸਿਆ ਕਿ ਉਹ ਇਹ ਸੋਚ ਕੇ ਡਰ ਗਈ ਸੀ ਕਿ ਇੰਨੀ ਛੋਟੀ ਉਮਰ ਵਿਚ ਵਿਆਹ ਕਰਨ ਤੋਂ ਬਾਅਦ ਉਹਨਾਂ ਬੱਚੀਆਂ ਦਾ ਕੀ ਹੋਵੇਗਾ। ਸ਼ਾਇਰਾ ਨੇ ਦੱਸਿਆ ਹੈ ਕਿ ਉਹ 27 ਅਕਤੂਬਰ ਨੂੰ ਪੁਸ਼ਕਰ ਆ ਰਹੀ ਹੈ। ਉਹ ਪਹਿਲੀ ਵਾਰ ਦੀਵਾਲੀ ਦੇ ਮੌਕੇ ‘ਤੇ ਪੁਸ਼ਕਰ ਵਿਚ ਰਹੇਗੀ। ਉਹ ਇਸ ਤਿਉਹਾਰ ਨੂੰ ਨਟ ਭਾਈਚਾਰੇ ਦੇ ਬੱਚਿਆਂ ਨਾਲ ਮਨਾਵੇਗੀ। ਸ਼ਾਇਰਾ ਦੇ ਨਾਨਾ ਓਮ ਰਾਓ ਸਿੰਘ ਬਿਹਾਰ ਤੋਂ ਸੀ, ਜਿਨ੍ਹਾਂ ਦਾ ਪਰਿਵਾਰ ਬਾਅਦ ਵਿਚ ਸੂਰੀਨਾਮ ਚਲਾ ਗਿਆ ਸੀ। ਉੱਥੇ ਉਹਨਾਂ ਦੇ ਨਾਨੇ ਨੇ ਡਚ ਦੀ ਔਰਤ ਨਾਲ ਵਿਆਹ ਕੀਤਾ। ਸ਼ਾਇਰਾ ਦੀ ਮਾਂ ਡਚ-ਭਾਰਤੀ ਹੈ। ਜਦਕਿ ਉਸ ਦੇ ਪਿਤਾ ਦੱਖਣੀ ਅਮਰੀਕੀ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।