
Water Crisis: ਰਿਪੋਰਟ ਵਿਚ ਕਿਹਾ ਗਿਆ, ‘‘ਪਾਣੀ ਦੇ ਸੰਕਟ ਕਰਾਨ 2050 ਤੱਕ ਦੁਨੀਆ ਦੇ ਅੱਧੇ ਤੋਂ ਵੱਧ ਭੋਜਨ ਉਤਪਾਦਨ ’ਤੇ ਅਸਰ ਪੈ ਸਕਦਾ ਹੈ
Water Crisis: ਪਾਣੀ ਦਾ ਸੰਕਟ ਦੁਨੀਆ ਦੇ ਅੱਧੇ ਤੋਂ ਵੱਧ ਭੋਜਨ ਉਤਪਾਦਨ ਨੂੰ ਖ਼ਤਰਾ ਪੈਦਾ ਕਰ ਰਿਹਾ ਹੈ ਅਤੇ 2050 ਤੱਕ ਵਿਸ਼ਵ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਔਸਤਨ ਅੱਠ ਫ਼ੀ ਸਦੀ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਘੱਟ ਆਮਦਨ ਵਾਲੇ ਦੇਸ਼ਾਂ ਨੂੰ 15 ਫ਼ੀ ਸਦੀ ਤੱਕ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਣਕਾਰੀ ਇਕ ਨਵੀਂ ਰਿਪੋਰਟ ’ਚ ਦਿਤੀ ਗਈ ਹੈ।
ਨੇਤਾਵਾਂ ਅਤੇ ਮਾਹਰਾਂ ਦੇ ਇਕ ਅੰਤਰਰਾਸ਼ਟਰੀ ਸਮੂਹ ’ਗਲੋਬਲ ਕਮਿਸ਼ਨ ਆਨ ਦਿ ਇਕਨਾਮਿਕਸ ਆਫ਼ ਵਾਟਰ’ ਦੀ ਰਿਪੋਰਟ ’ਚ ਕਿਹਾ ਗਿਆ ਕਿ ਕਮਜ਼ੋਰ ਆਰਥਕ ਪ੍ਰਣਾਲੀਆਂ, ਜ਼ਮੀਨ ਦੀ ਅੰਨ੍ਹੇਵਾਹ ਵਰਤੋਂ, ਪਾਣੀ ਦੇ ਸਰੋਤਾਂ ਦੇ ਲਗਾਤਾਰ ਦੁਰਪ੍ਰਬੰਧ ਅਤੇ ਵਿਗੜ ਰਹੇ ਜਲਵਾਯੂ ਕਾਰਨ ਗਲੋਬਲ ਜਲ ਚੱਕਰ ਕਾਫੀ ਪ੍ਰਭਾਵਿਤ ਹੋਇਆ ਹੈ।
ਰਿਪੋਰਟ ਵਿਚ ਕਿਹਾ ਗਿਆ, ‘‘ਪਾਣੀ ਦੇ ਸੰਕਟ ਕਰਾਨ 2050 ਤੱਕ ਦੁਨੀਆ ਦੇ ਅੱਧੇ ਤੋਂ ਵੱਧ ਭੋਜਨ ਉਤਪਾਦਨ ’ਤੇ ਅਸਰ ਪੈ ਸਕਦਾ ਹੈ ਅਤੇ ਇਸ ਦੇ ਕਾਰਨ ਵਿਸ਼ਵ ਪੱਧਰ ’ਤੇ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦ ਵਿਚ ਅੱਠ ਫ਼ੀ ਸਦੀ ਅਤੇ ਘੱਟ ਆਮਦਨ ਵਾਲੇ ਦੇਸ਼ਾਂ ਵਿਚ 15 ਫ਼ੀ ਸਦੀ ਤਕ ਦਾ ਨੁਕਸਾਨ ਹੋ ਸਕਦਾ ਹੈ। ਇਸ ਦੇ ਵੱਡੇ ਆਰਥਕ ਨਤੀਜੇ ਵੀ ਹੋ ਸਕਦੇ ਹਨ।’’ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਗਭਗ ਤਿੰਨ ਅਰਬ ਲੋਕ ਅਤੇ ਦੁਨੀਆ ਦੇ ਅੱਧੇ ਤੋਂ ਵੱਧ ਭੋਜਨ ਉਤਪਾਦਨ ਅਜਿਹੇ ਖੇਤਰਾਂ ਵਿਚ ਸਥਿਤ ਹਨ ਜਿੱਥੇ ਪਾਣੀ ਦੀ ਉਪਲਬਧਤਾ ਘੱਟ ਜਾਂ ਅਸਥਿਰ ਹੈ। ਕਈ ਸ਼ਹਿਰ ਧਰਤੀ ਹੇਠਲੇ ਪਾਣੀ ਦੀ ਵੀ ਕਮੀ ਦਾ ਸਾਹਮਣਾ ਕਰ ਰਹੇ ਹਨ।
ਪੋਟਸਡੈਮ ਕਲਾਈਮੇਟ ਇਮਪੈਕਟ ਰਿਸਰਚ ਇੰਸਟੀਚਿਊਟ (ਪੀਆਈਕੇ) ਦੇ ਡਾਇਰੈਕਟਰ ਅਤੇ ਪਾਣੀ ਦੇ ਅਰਥ ਸ਼ਾਸਤਰ ’ਤੇ ਗਲੋਬਲ ਕਮਿਸ਼ਨ ਦੇ ਚਾਰ ਸਹਿ-ਚੇਅਰਾਂ ਵਿਚੋਂ ਇਕ ਜੌਨ ਰੌਕਸਟਰੌਮ ਨੇ ਕਿਹਾ, ‘ਅੱਜ ਦੁਨੀਆ ਦੀ ਅੱਧੀ ਆਬਾਦੀ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਜਿਵੇਂ ਜਿਵੇਂ ਮਹੱਤਵਪੂਰਨ ਸਰੋਤਾਂ ਦੀ ਘਾਟ ਹੁੰਦੀ ਜਾ ਰਹੀ ਹੈ, ਉਵੇਂ ਭੋਜਨ ਸੁਰੱਖਿਆ ਅਤੇ ਮਨੁੱਖੀ ਵਿਕਾਸ ਖਤਰੇ ਵਿਚ ਪੈ ਰਿਹਾ ਹੈ ਅਤੇ ਅਸੀਂ ਅਜਿਹਾ ਹੋਣ ਦੇ ਰਹੇ ਹਾਂ।’
ਰੌਕਸਟਰੋਮ ਨੇ ਕਿਹਾ, ‘ਮਨੁੱਖੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਗਲੋਬਲ ਜਲ ਚੱਕਰ ਨੂੰ ਪ੍ਰਭਾਵਤ ਕਰ ਰਹੇ ਹਾਂ।’ ਰਿਪੋਰਟ ਵਿਚ ਨੋਟ ਕੀਤਾ ਗਿਆ ਹੈ ਕਿ ਹੁਣ ਤਕ ਅਪਣਾਏ ਗਏ ਜਲ ਪ੍ਰਬੰਧਨ ਲਈ ਪਹੁੰਚ ਅਸਫ਼ਲ ਰਹੇ ਹਨ, ਕਿਉਂਕਿ ਉਹ ਵੱਖ-ਵੱਖ ਅਰਥਵਿਵਸਥਾਵਾਂ ਵਿਚ ਪਾਣੀ ਦੇ ਵਿਭਿੰਨ ਮੁੱਲਾਂ ਅਤੇ ਮਹੱਤਵਪੂਰਨ ਵਾਤਾਵਰਣ ਪ੍ਰਣਾਲੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਇਹ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦੇ ਹਨ।