
ਪਛਮੀ ਗੇਟ ਉਤੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ, ਪੁਲਿਸ ਬੈਰੀਕੇਡ ਤੋੜਨ ਦੇ ਦੋਸ਼ ’ਚ 28 ਵਿਦਿਆਰਥੀਆਂ ਨੂੰ ਹਿਰਾਸਤ ’ਚ ਲਿਆ
ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਵਿਚ ਚਲ ਰਹੇ ਚੋਣ ਵਿਵਾਦ ਵਿਚਕਾਰ ਸਨਿਚਰਵਾਰ ਰਾਤ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਟਕਰਾਅ ਵੇਖਣ ਨੂੰ ਮਿਲਿਆ। ਵਿਦਿਆਰਥੀ ਵਸੰਤ ਕੁੰਜ ਨੌਰਥ ਥਾਣਾ ਵਲ ਪ੍ਰਦਰਸ਼ਨ ਕਰਨ ਜਾ ਰਹੇ ਸਨ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ। ’ਵਰਸਿਟੀ ਦੇ ਪਛਮੀ ਗੇਟ ਉਤੇ ਸਨਿਚਰਵਾਰ ਸ਼ਾਮ ਨੂੰ ਵਿਦਿਆਰਥਣਾਂ ਸਮੇਤ ਲਗਭਗ 70 ਤੋਂ 80 ਵਿਦਿਆਰਥੀ ਇਕੱਠੇ ਹੋਏ ਅਤੇ ਪੁਲਿਸ ਬੈਰੀਕੇਡਾਂ ਨੂੰ ਤੋੜ ਕੇ ਨੈਲਸਨ ਮੰਡੇਲਾ ਸਟਰੀਟ ਉਤੇ ਪਹੁੰਚੇ।
ਪੁਲਿਸ ਨੇ ਦਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ, ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਕੁੱਝ ਸਮੇਂ ਲਈ ਸੜਕ ਉਤੇ ਆਵਾਜਾਈ ਨੂੰ ਰੋਕ ਦਿਤਾ। ਪੁਲਿਸ ਮੁਤਾਬਕ ਵਿਦਿਆਰਥੀਆਂ ਨੂੰ ਮਨਾਉਣ ਲਈ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਜ਼ਬਰਦਸਤੀ ਬੈਰੀਕੇਡ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ 28 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਵਿਚ 19 ਪੁਰਸ਼ ਅਤੇ 9 ਔਰਤਾਂ ਸ਼ਾਮਲ ਹਨ। ਹਿਰਾਸਤ ’ਚ ਲਏ ਗਏ ਵਿਦਿਆਰਥੀਆਂ ’ਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨਿਤੇਸ਼ ਕੁਮਾਰ, ਮੀਤ ਪ੍ਰਧਾਨ ਮਨੀਸ਼ਾ ਅਤੇ ਜਨਰਲ ਸਕੱਤਰ ਮੁੰਤੀਆ ਫਾਤਿਮਾ ਸ਼ਾਮਲ ਹਨ। ਝੜਪ ਵਿਚ ਛੇ ਪੁਲਿਸ ਮੁਲਾਜ਼ਮ (ਚਾਰ ਪੁਰਸ਼ ਅਤੇ ਦੋ ਔਰਤਾਂ) ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਭੇਜਿਆ ਗਿਆ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿਚ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਨੇ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿਚ ਨਿਯਮਾਂ ਦੀ ਉਲੰਘਣਾ ਕਰਨ ਉਤੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨਿਤੀਸ਼ ਕੁਮਾਰ ਉਤੇ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੇ.ਐਨ.ਯੂ. ਦੇ ਚੀਫ ਪ੍ਰੋਕਟਰ ਦਫ਼ਤਰ ਨੇ ਇਸ ਸਬੰਧ ਵਿਚ ਇਕ ਹੁਕਮ ਜਾਰੀ ਕੀਤਾ ਹੈ।
ਹੁਕਮ ਮੁਤਾਬਕ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨੂੰ ਵਿਦਿਆਰਥੀ ਡੀਨ ਦਫ਼ਤਰ ਦੇ 100 ਮੀਟਰ ਦੇ ਅੰਦਰ ਵਿਰੋਧ ਪ੍ਰਦਰਸ਼ਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਉਹ ਜ਼ਬਰਦਸਤੀ ਪ੍ਰਸ਼ਾਸਕੀ ਬਲਾਕ ਵਿਚ ਦਾਖਲ ਹੋਏ, ਦਰਵਾਜ਼ਾ ਤੋੜਿਆ ਅਤੇ ਯੂਨੀਵਰਸਿਟੀ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਇਹ ਵਿਰੋਧ ਪ੍ਰਦਰਸ਼ਨ ਵਿਦਿਆਰਥੀ ਯੂਨੀਅਨ ਨੇ ਕੁੱਝ ਮਹੀਨੇ ਪਹਿਲਾਂ ਉਸ ਸਮੇਂ ਕੀਤਾ ਸੀ ਜਦੋਂ ਉਨ੍ਹਾਂ ਨੂੰ ਹੋਸਟਲ ਖਾਲੀ ਕਰਨ ਦੇ ਨੋਟਿਸ ਮਿਲੇ ਸਨ।
ਹੁਕਮ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਵਲੋਂ ਕੀਤੀ ਗਈ ਕਾਰਵਾਈ ਗੰਭੀਰ ਹੈ ਅਤੇ ਸਜ਼ਾਯੋਗ ਕਾਰਵਾਈ ਕੀਤੀ ਗਈ ਹੈ। ਪਰ ਵਿਦਿਆਰਥੀ ਦੇ ਕਰੀਅਰ ਨੂੰ ਧਿਆਨ ਵਿਚ ਰਖਦੇ ਹੋਏ 10,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜੁਰਮਾਨੇ ਦੀ ਰਕਮ ਹੁਕਮ ਜਾਰੀ ਹੋਣ ਦੇ ਦਸ ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣੀ ਪਵੇਗੀ। ਨਾਲ ਹੀ, ਤੁਸੀਂ 20 ਦਿਨਾਂ ਦੇ ਅੰਦਰ ਇਸ ਹੁਕਮ ਦੇ ਵਿਰੁਧ ਅਪੀਲ ਕਰਨ ਦੇ ਯੋਗ ਹੋਵੋਗੇ। ਇਸ ਦੇ ਨਾਲ ਹੀ ਪ੍ਰਦਰਸ਼ਨ ’ਚ ਸ਼ਾਮਲ ਹੋਰ ਵਿਦਿਆਰਥੀਆਂ ਨੂੰ ਵੀ ਜੁਰਮਾਨੇ ਦਾ ਹੁਕਮ ਜਾਰੀ ਕੀਤਾ ਗਿਆ।