
ਸੁਰੱਖਿਆ ਏਜੰਸੀ ਵਲੋਂ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਕਸ਼ਮੀਰ ਦਾ ਇਕ ਖਤਰਨਾਕ ਅਤਿਵਾਦੀ ਜ਼ਾਕਿਰ ਮੂਸਾ ਅਪਣੇ ਸਾਥੀਆਂ ਸਮੇਤ ਰਾਜਸਥਾਨ ਪਹੁੰਚ ..
ਨਵੀਂ ਦਿੱਲੀ (ਭਾਸ਼ਾ): ਸੁਰੱਖਿਆ ਏਜੰਸੀ ਵਲੋਂ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਕਸ਼ਮੀਰ ਦਾ ਇਕ ਖਤਰਨਾਕ ਅਤਿਵਾਦੀ ਜ਼ਾਕਿਰ ਮੂਸਾ ਅਪਣੇ ਸਾਥੀਆਂ ਸਮੇਤ ਰਾਜਸਥਾਨ ਪਹੁੰਚ ਗਿਆ ਹੈ। ਸੁਰੱਖਿਆ ਏਜੰਸੀਆਂ ਦੀ ਮੰਨੀਏ ਤਾਂ ਉਹ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਦਰਮਿਆਨ ਕਿਸੇ ਅਤਿਵਾਦੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ 'ਚ ਭਾਰੀ ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਜ਼ਾਕਿਰ ਮੂਸਾ ਨੇ ਰਾਜਸਥਾਨ 'ਚ ਅਪਣਾ ਅੱਡਾ ਬਣਾ ਲਿਆ ਹੈ।
Zakir Moosa
ਮੰਨਿਆ ਜਾਂਦਾ ਹੈ ਕਿ ਸਰਹੱਦ 'ਤੇ ਭਾਰੀ ਸੁਰੱਖਿਆ ਕਾਰਨ ਫਿਰੋਜ਼ਪੁਰ ਤੋਂ ਦਿੱਲੀ ਜਾਣ ਦੀ ਬਜਾਏ ਰਾਜਸਥਾਨ ਜਾਣਾ ਸੌਖਾ ਹੈ। ਦੂਜੇ ਪਾਸੇ ਬੀਐਸਐਫ ਨਾਲ ਜੁੜੇ ਸੂਤਰਾਂ ਨੇ ਸ਼ਨੀਵਾਰ ਦੱਸਿਆ ਕਿ ਅਧਿਕਾਰੀਆਂ ਨੇ ਕਈ ਹੱਦਾਂ 'ਤੇ ਮੂਸਾ ਬਾਰੇ ਹਾਈ ਅਲਰਟ ਜਾਰੀ ਕੀਤਾ ਹੈ। ਇਸ ਸਬੰਧੀ ਖੋਹੀ ਗਈ ਕਾਰ ਦੇ ਨੰਬਰ ਦੇ ਨਾਲ-ਨਾਲ ਉਸ ਦੀ ਤਸਵੀਰ ਵੀ ਭੇਜ ਦਿੱਤੀ ਗਈ ਹੈ। ਜੰਮੂ-ਕਸ਼ਮੀਰ 'ਚ ਸਰਗਰਮ ਜ਼ਾਕਿਰ ਅਪਣੇ ਸਾਥੀਆਂ ਨਾਲ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਵੇਖਿਆ ਗਿਆ ਹੈ।
Terrorist Zakir Musa
ਦੱਸ ਦਈਏ ਕਿ ਭਾਰਤ-ਪਾਕਿਸਤਾਨ ਦੀ ਸਰਹੱਦ 553 ਕਿ. ਮੀ. ਤਕ ਫੈਲੀ ਹੋਈ ਹੈ ਜਦਕਿ ਰਾਜਸਥਾਨ ਦੀ ਸਰਹੱਦ 1093 ਕਿਲੋਮੀਟਰ ਲੰਬੀ ਹੈ। ਸੁਰੱਖਿਆ ਏਜੰਸੀਆਂ ਨੂੰ ਵੇਖਦਿਆਂ ਮੂਸਾ ਦੇ ਦਿੱਲੀ ਦੀ ਬਜਾਏ ਰਾਜਸਥਾਨ ਜਾਣ ਦੀ ਗੱਲ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੀ ਖੁਫੀਆ ਏਜੰਸੀ ਨੇ ਵੀਰਵਾਰ ਚੌਕਸ ਕੀਤਾ ਸੀ ਕਿ ਜੈਸ਼ ਦੇ 6 ਤੋਂ 7 ਅਤਿਵਾਦੀ ਦਿੱਲੀ ਵਲ ਜਾਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ, ਜਿਸ ਪਿੱਛੋਂ ਪੰਜਾਬ ਪੁਲਿਸ ਚੌਕਸ ਹੋ ਗਈ।
Terrorist
ਪੰਜਾਬ ਦੇ ਕਈ ਇੰਜੀਨੀਅਰਿੰਗ ਕਾਲਜ ਅਤੇ ਉਨ੍ਹਾਂ ਦੇ ਹੋਸਟਲ ਪੁਲਿਸ ਦੇ ਨਿਸ਼ਾਨੇ 'ਤੇ ਹਨ। ਅਜਿਹੇ ਕਾਲਜਾਂ ਅਤੇ ਹੋਸਟਲਾਂ ਦੀਆਂ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਪਠਾਨਕੋਟ ਨੇੜੇ 4 ਵਿਅਕਤੀਆਂ ਕੋਲੋਂ ਖੋਹੀ ਗਈ ਕਾਰ ਅਤੇ ਮੂਸਾ ਨਾਲ ਸਬੰਧਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਠਾਨਕੋਟ ਅਤੇ ਅੰਮ੍ਰਿਤਸਰ ਦੋਵੇਂ ਵੱਖ-ਵੱਖ ਸ਼ਹਿਰ ਹਨ ਅਤੇ ਦੋਵੇਂ ਘਟਨਾਵਾਂ ਵੀ ਵੱਖ-ਵੱਖ ਹਨ। ਆਮ ਅਪਰਾਧ ਨੂੰ ਅੱਤਵਾਦ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
Moosa
ਮੰਨਿਆ ਜਾਂਦਾ ਹੈ ਕਿ ਦਿੱਲੀ ਵੱਲ ਸੁਰੱਖਿਆ ਵਧਾਏ ਜਾਣ ਕਾਰਨ ਮੂਸਾ ਫਿਰੋਜ਼ਪੁਰ ਤੋਂ ਰਾਜਸਥਾਨ ਵਲ ਚਲਾ ਗਿਆ। ਉਹ ਉਥੇ ਕਿਸੇ ਅਤਿਵਾਦੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਪੁਲਿਸ ਨੇ ਪੰਜਾਬ 'ਚ ਕਈ ਡਰੱਗ ਸਮਗੱਲਰਾਂ ਦੇ ਟਿਕਾਣਿਆਂ 'ਤੇ ਸ਼ਨੀਵਾਰ ਛਾਪੇ ਮਾਰੇ ਕਿਉਂਕਿ ਇਹ ਸ਼ੱਕ ਸੀ ਕਿ ਉਨ੍ਹਾਂ ਦੇ ਅਤਿਵਾਦੀਆਂ ਨਾਲ ਸਬੰਧ ਹੋ ਸਕਦੇ ਹਨ।