ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਪੁਲਿਸ ਗੁੰਡਾਗਰਦੀ ਨੂੰ ਰੋਕਣ ਦੀ ਬਜਾਏ ਉਨ੍ਹਾਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰ ਰਹੀ ਹੈ।
Congress Leader Beaten in Jabalpur - ਸਥਾਨਕ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਕਾਂਗਰਸੀ ਸਿੱਖ ਆਗੂ ਨਰਿੰਦਰ ਸਿੰਘ ਪਾਂਡੇ ਦੀ ਉਨ੍ਹਾਂ ਦੇ ਹੀ ਇਲਾਕੇ ਦੇ ਕੁਝ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੋਰਖਪੁਰ ਇਲਾਕੇ ਦੀ ਹੈ। ਨਰਿੰਦਰ ਸਿੰਘ ਨੇ ਗੋਰਖਪੁਰ ਥਾਣੇ 'ਚ ਉਸ 'ਤੇ ਹੋਏ ਹਮਲੇ ਦੀ ਸ਼ਿਕਾਇਤ ਦਿੱਤੀ ਹੈ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਆਪਸੀ ਝਗੜਾ ਹੈ ਅਤੇ ਦੋਵਾਂ ਪਾਸਿਆਂ ਤੋਂ ਰਿਪੋਰਟਾਂ ਆਈਆਂ ਹਨ ਪਰ ਜੋ ਵੀਡਿਓ ਸਾਹਮਣੇ ਆਈ ਹੈ, ਉਨ੍ਹਾਂ ਵਿੱਚ ਕਾਂਗਰਸੀ ਸਿੱਖ ਆਗੂ ਦੀ ਕੁੱਟਮਾਰ ਹੁੰਦੀ ਦਿਖਾਈ ਦੇ ਰਹੀ ਹੈ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਪੁਲਿਸ ਗੁੰਡਾਗਰਦੀ ਨੂੰ ਰੋਕਣ ਦੀ ਬਜਾਏ ਉਨ੍ਹਾਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰ ਰਹੀ ਹੈ।
ਜਬਲਪੁਰ ਦੇ ਗੋਰਖਪੁਰ ਇਲਾਕੇ ਦੇ ਕਾਂਗਰਸੀ ਆਗੂ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਨਰਿੰਦਰ ਸਿੰਘ ਪਾਂਡੇ ਨਾਲ ਕੁੱਟਮਾਰ ਦੀਆਂ ਕਾਫ਼ੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਨਰਿੰਦਰ ਸਿੰਘ ਨੂੰ ਪੰਜ-ਛੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਪੱਗ ਉਤਾਰ ਦਿੱਤੀ ਗਈ, ਵਾਲ ਵੀ ਪੁੱਟੇ ਗਏ। ਨਰਿੰਦਰ ਸਿੰਘ ਨੇ ਜਬਲਪੁਰ ਦੇ ਗੋਰਖਪੁਰ ਥਾਣੇ 'ਚ ਉਸ 'ਤੇ ਹੋਏ ਹਮਲੇ ਦੀ ਸ਼ਿਕਾਇਤ ਦਿੱਤੀ ਹੈ।
ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਘਰ ਅੱਗੇ ਇਕ ਜਿਮ ਖੁੱਲਾ ਹੈ, ਜਿੱਥੇ ਹਰ ਰੋਜ਼ ਸ਼ਰਾਬ ਪਾਰਟੀ ਹੁੰਦੀ ਹੈ ਤੇ ਸ਼ਰਾਬ ਪੀਣ ਤੋਂ ਬਾਅਦ ਹਰ ਰੋਜ਼ ਸੜਕ 'ਤੇ ਹੰਗਾਮਾ ਹੁੰਦਾ ਹੈ। ਇਸ ਹੰਗਾਮੇ ਕਰ ਕੇ ਮੁਹੱਲੇ ਦੇ ਲੋਕ ਪਰੇਸ਼ਾਨ ਹਨ ਤੇ ਮੁਹੱਲੇ ਦਾ ਵਾਤਾਵਰਣ ਖ਼ਰਾਬ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਔਰਤਾਂ ਵੀ ਸੜਕ 'ਤੇ ਨਹੀਂ ਨਿਕਲ ਸਕਦੀਆਂ।
ਨਰਿੰਦਰ ਸਿੰਘ ਨੇ ਜਿੰਮ ਬੰਦ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ ਸ਼ਿਕਾਇਤ, ਥਾਣੇ ਵਿਚ ਵੀ ਸ਼ਿਕਾਇਤ ਕੀਤੀ ਗਈ। ਲੋਕਲ ਗੁਰਦੁਆਰਾ ਕਮੇਟੀ ਵਿਚ ਵੀ ਇਹ ਗੱਲ ਉਠਾਈ ਗਈ ਕਿ ਇਹ ਲੋਕ ਸਿੱਖ ਹੋਣ ਦੇ ਬਾਵਜੂਦ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਹਨ। ਪਰ ਇਸ ਤੋਂ ਬਾਅਦ ਵੀ ਜਦੋਂ ਨਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ ਜਿੰਮ ਮਾਲਕ ਦੀ ਸ਼ਿਕਾਇਤ ਮੁੱਖ ਮੰਤਰੀ ਦੇ ਹੈਲਪਲਾਈਨ ਨੰਬਰ 'ਤੇ ਕੀਤੀ।
ਇਸ ਤੋਂ ਨਾਰਾਜ਼ ਲੋਕਾਂ ਨੇ ਨਰਿੰਦਰ ਸਿੰਘ ਦੀ ਕੁੱਟਮਾਰ ਕੀਤੀ। ਮੁਲਜ਼ਮਾਂ ਨੂੰ ਪਤਾ ਸੀ ਕਿ ਜਦੋਂ ਤੱਕ ਚੋਣਾਂ ਚੱਲ ਰਹੀਆਂ ਹਨ, ਉਹ ਨਰਿੰਦਰ ਸਿੰਘ 'ਤੇ ਹਮਲਾ ਨਾ ਕਰਨ, ਨਹੀਂ ਤਾਂ ਇਸ ਘਟਨਾ ਨੂੰ ਸਿਆਸੀ ਕਰਾਰ ਦਿੱਤਾ ਜਾਵੇਗਾ। ਇਸੇ ਲਈ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਉਹਨਾਂ ਨੇ ਨਰਿੰਦਰ ਸਿੰਘ ਦੀ ਕੁੱਟਮਾਰ ਕੀਤੀ।
ਸ਼੍ਰੋਮਣੀ ਕਮੇਟੀ ਨੇ ਕੀਤੀ ਸਖ਼ਤ ਸ਼ਬਦਾਂ ਵਿਚ ਨਿੰਦਾ
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਘਟਨਾ ਦਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਨੋਟਿਸ ਲਿਆ ਹੈ, ਜਿਸ ਵਿਚ ਕੁਝ ਵਿਅਕਤੀਆਂ ਵੱਲੋਂ ਇੱਕ ਸਿੱਖ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਦਸਤਾਰ ਅਤੇ ਕੇਸਾਂ ਦੇ ਅਪਮਾਨ ਨਾਲ ਕੁੱਟਮਾਰ ਦੀ ਅਜਿਹੀ ਘਟਨਾ ਅਤਿ ਮੰਦਭਾਗੀ ਅਤੇ ਸਖ਼ਤ ਨਿੰਦਣਯੋਗ ਹੈ।
ਐਸਜੀਪੀਸੀ ਪ੍ਰਧਾਨ ਨੇ ਮੱਧ ਪ੍ਰਦੇਸ਼ ਦੀ ਪੁਲਿਸ ਤੇ ਮੁੱਖ ਮੰਤਰੀ ਨੂੰ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਹੈ ਤਾਂ ਜੋ ਪੀੜਤ ਨੂੰ ਇਨਸਾਫ਼ ਦਿਵਾਇਆ ਜਾ ਸਕੇ।