ਸੱਜਣ ਕੁਮਾਰ ਵਿਰੁਧ ਇਕ ਹੋਰ ਗਵਾਹ ਦੀ ਦਰਦਨਾਕ ਦਾਸਤਾਨ
Published : Dec 18, 2018, 6:37 pm IST
Updated : Dec 18, 2018, 6:37 pm IST
SHARE ARTICLE
Sajjan kumar
Sajjan kumar

ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਮਾਮਲੇ ਵਿਚ ਤਾਉਮਰ ਕੈਦ ਦੀ ਸਜ਼ਾ ਮਿਲਣ ਦਾ ਫ਼ੈਸਲਾ 34 ਸਾਲਾਂ ਦੇ ਲੰਬੇ ਅਰਸੇ ਮਗਰੋਂ ਆਇਆ

ਮੁਹਾਲੀ (ਸਸਸ) : ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਮਾਮਲੇ ਵਿਚ ਤਾਉਮਰ ਕੈਦ ਦੀ ਸਜ਼ਾ ਮਿਲਣ ਦਾ ਫ਼ੈਸਲਾ 34 ਸਾਲਾਂ ਦੇ ਲੰਬੇ ਅਰਸੇ ਮਗਰੋਂ ਆਇਆ ਹੈ। ਇਸ ਫ਼ੈਸਲੇ ਨੇ ਸਿੱਖਾਂ ਦੇ ਮਨਾਂ ਨੂੰ ਠਾਰਿਆ ਤਾਂ ਜ਼ਰੂਰ ਹੈ ਪਰ ਇਸ ਫ਼ੈਸਲੇ ਦਾ ਇਕ ਪਹਿਲੂ ਇਹ ਵੀ ਹੈ ਕਿ ਇਹ ਫ਼ੈਸਲਾ ਸੁਣਾ ਰਿਹਾ ਦਿੱਲੀ ਹਾਈਕੋਰਟ ਦਾ ਦੋਹਰਾ ਬੈਂਚ ਕਿਤੇ ਨਾ ਕਿਤੇ ਅਪਣੇ ਆਪ ਨੂੰ ਸਹੀ ਇਨਸਾਫ਼ ਕਰਨ 'ਚ ਮਜਬੂਰ ਵੀ ਹੋਇਆ ਪ੍ਰਤੀਤ ਹੋ ਰਿਹਾ ਹੈ ਕਿਉਂਕਿ ਇਸ ਫ਼ੈਸਲੇ ਵਿਚ ਇਹ ਕਿਹਾ ਗਿਐ ਕਿ ਜਿਹੜਾ ਪਹਿਲਾ ਦੋਸ਼ ਹੈ ਉਹ ਇਹ ਹੈ ਕਿ ਇਹ ਸਿੱਖ ਕਤਲੇਆਮ ਸੀ, ਸਿੱਖ ਨਸਲਕੁਸ਼ੀ ਸੀ, ਸਿੱਖਾਂ ਦਾ ਘਾਣ ਸੀ ਨਾ ਕਿ ਇਹ ਦੰਗੇ ਸੀ। 

sajjan kumar sajjan kumar

ਜੋ ਦਿੱਲੀ ਹਾਈਕੋਰਟ ਦੇ ਜੱਜ ਸਾਹਿਬਾਨ ਨੇ ਇਹ ਗੱਲ ਆਖੀ ਹੈ ਕਿ ਭਾਰਤੀ ਕਾਨੂੰਨ ਵਿਚ ਨਸਲਕੁਸ਼ੀ, ਮਨੁੱਖਤਾ ਦੇ ਵਿਰੁਧ ਜੋ ਅਪਰਾਧ ਹੈ, ਉਸ ਤਰ੍ਹਾਂ ਦੇ ਸ਼ਬਦ ਨਹੀਂ। ਇਹ ਸ਼ਬਦ ਨਾ ਹੋਣ ਦਾ ਦੂਜਾ ਪਹਿਲੂ ਇਹ ਹੈ ਕਿ ਜੇਕਰ ਇਹ ਸ਼ਬਦ ਨਹੀਂ ਤਾਂ ਇਸ ਤਰ੍ਹਾਂ ਦਾ ਜ਼ੁਰਮ ਕਰਨ ਵਾਲਿਆਂ ਨੂੰ ਸਹੀ ਸਜ਼ਾ ਮਿਲਣੀ ਅਸੰਭਵ ਹੈ ਜਦੋਂ ਤਕ ਇਹ ਭਾਰਤੀ ਕਾਨੂੰਨ ਦਾ ਹਿੱਸਾ ਨਹੀਂ ਬਣ ਜਾਂਦੇ। ਸੋ ਸੱਜਣ ਕੁਮਾਰ ਦੇ ਮਾਮਲੇ ਵਿਚ ਮਿਲਿਆ ਇਨਸਾਫ਼ ਕਾਫ਼ੀ ਹੈ ਜਾਂ ਅਜੇ ਹੋਰ ਇਨਸਾਫ਼ ਦੀ ਲੋੜ ਹੈ, ਇਸ ਬਾਰੇ ਸਪੋਕਸਮੈਨ ਟੀਵੀ ਵਲੋਂ 84 ਸਿੱਖ ਦੰਗਾ ਪੀੜਤ ਐਚ ਐਸ ਕੋਹਲੀ ਨਾਲ ਗੱਲਬਾਤ ਕੀਤੀ ਗਈ ਜੋ ਸੱਜਣ ਕੁਮਾਰ ਵਿਰੁਧ ਗਵਾਹ ਵੀ ਹਨ।

sajjan kumarsajjan kumar

 1984 ਸਿੱਖ ਕਤਲੇਆਮ ਦੇ ਪੀੜਤ ਐਚਐਸ ਕੋਹਲੀ ਨੇ ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਆਖਿਆ ਕਿ 34 ਸਾਲ ਬਾਅਦ ਮਿਲਿਆ ਇਹ ਇਨਸਾਫ਼ ਨਹੀਂ ਬਲਕਿ ਇਨਸਾਫ਼ ਦਾ ਇਕ ਛੋਟਾ ਜਿਹਾ ਟੁਕੜਾ ਹੈ ਕਿਉਂਕਿ ਸੱਜਣ ਕੁਮਾਰ ਵਲੋਂ ਕੀਤਾ ਗਿਆ ਅਪਰਾਧ ਨਾ ਬਖਸ਼ਣਯੋਗ ਹੈ, ਘੱਟੋ-ਘੱਟ ਉਸ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਸੀ। ਉਨ੍ਹਾਂ ਆਖਿਆ ਕਿ ਇਹ ਸਭ ਕੁੱਝ ਇਕ ਸਰਕਾਰ ਦੀ ਸ਼ਹਿ 'ਤੇ ਹੋਇਆ ਸੀ ਅਤੇ ਸਰਕਾਰ ਵਲੋਂ ਕਰਵਾਇਆ ਗਿਆ ਇਕ ਕਤਲੇਆਮ ਸੀ, ਇਕ ਬਦਲਾ ਸੀ ਇੰਦਰਾ ਗਾਂਧੀ ਦੀ ਮੌਤ ਦਾ, ਜਿਹੜਾ ਉਨ੍ਹਾਂ ਨੇ ਬੇਗੁਨਾਹ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਲਿਆ। ਬਲਕਿ ਕੋਸ਼ਿਸ਼ ਇਹ ਕੀਤੀ ਗਈ ਕਿ ਸਿੱਖ ਕੌਮ ਨੂੰ ਖ਼ਤਮ ਕਰਕੇ ਇਸ ਦਾ ਇੰਤਕਾਮ ਲਿਆ ਜਾਵੇ। 

ਕੋਹਲੀ ਨੇ 84 ਦੌਰਾਨ ਅਪਣੀ ਆਪਬੀਤੀ ਸੁਣਾਉਂਦਿਆਂ ਆਖਿਆ ਕਿ ਇਕ ਨਵੰਬਰ 1984 ਦੀ ਸਵੇਰ ਜਦੋਂ ਮੈਂ ਸਵੇਰੇ ਉਠਿਆ ਤਾਂ ਦੂਰੋਂ ਕਾਲੇ ਧੂੰਏਂ ਦੇ ਬੱਦਲ ਜਿਹੇ ਨਜ਼ਰ ਆ ਰਹੇ ਸਨ। ਉਸ ਸਮੇਂ ਮੇਰੀ ਉਮਰ 26 ਸਾਲ ਦੀ ਸੀ। ਕੋਹਲੀ ਨੇ ਦਸਿਆ ਕਿ ਉਨ੍ਹਾਂ ਦਾ ਘਰ ਸੜਕ ਤੋਂ ਕਰੀਬ 20-25 ਮੀਟਰ ਦੀ ਦੂਰੀ 'ਤੇ ਸੀ। ਜਦੋਂ ਮੈਂ ਮੇਨ ਸੜਕ 'ਤੇ ਜਾ ਕੇ ਕੁੱਝ ਲੋਕਾਂ ਨੂੰ ਪੁਛਿਆ ਕਿ ਇਹ ਕਾਲੇ ਧੂੰਏਂ ਦੇ ਬੱਦਲ ਕਾਹਦੇ ਹਨ ਤਾਂ ਉਨ੍ਹਾਂ ਨੇ ਦਸਿਆ ਕਿ ਸਰਦਾਰ ਜੀ, ਤੁਸੀਂ ਅਪਣੇ ਘਰ ਚਲੇ ਜਾਓ। ਸਿੱਖਾਂ ਨੂੰ ਲੱਭ-ਲੱਭ ਕੇ ਮਾਰਿਆ ਜਾ ਰਿਹੈ, ਉਨ੍ਹਾਂ ਦੇ ਘਰਾਂ ਨੂੰ ਅੱਗਾਂ ਲਗਾਈਆਂ ਜਾ ਰਹੀਆਂ ਹਨ, ਉਨ੍ਹਾਂ ਦੀਆਂ ਗੱਡੀਆਂ ਨੂੰ ਸਾੜਿਆ ਜਾ ਰਿਹੈ, ਤੁਸੀਂ ਜਲਦੀ ਅੰਦਰ ਚਲੇ ਜਾਓ। 

ਕੋਹਲੀ ਨੇ ਦਸਿਆ ਕਿ ਉਹ ਇਹ ਗੱਲ ਸੁਣ ਕੇ ਅੰਦਰ ਗਿਆ ਅਤੇ ਉਸ ਨੇ ਸਾਰੀ ਗੱਲ ਅਪਣੇ ਪਿਤਾ ਨੂੰ ਦੱਸੀ। ਪਿਤਾ ਨੇ ਜਦੋਂ ਛੱਤ 'ਤੇ ਚੜ੍ਹ ਕੇ ਦੇਖਿਆ ਤਾਂ ਜਨਕਪੁਰੀ ਉਥੋਂ ਕਰੀਬ ਤਿੰਨ-ਚਾਰ ਕਿਲੋਮੀਟਰ ਦੂਰ ਸੀ, ਉਸ ਪਾਸੇ ਤੋਂ ਥਾਂ-ਥਾਂ ਤੋਂ ਧੂੰਆਂ ਉਠਦਾ ਨਜ਼ਰ ਆ ਰਿਹਾ ਸੀ। ਉਸ ਤੋਂ ਦੋ-ਢਾਈ ਘੰਟੇ ਬਾਅਦ ਡੀਟੀਸੀ ਦੀਆਂ ਦੋ ਬੱਸਾਂ ਜੋ ਲੋਕਾਂ ਨਾਲ ਭਰੀਆਂ ਹੋਈਆਂ, ਛੱਤ 'ਤੇ ਲੋਕ ਡੰਡੇ ਸੋਟੇ ਲੈ ਕੇ ਬੈਠੇ ਸਨ, ਗੁਰਦੁਆਰਾ ਸਾਹਿਬ ਦੇ ਨੇੜੇ ਆ ਕੇ ਖੜ੍ਹ ਗਈਆਂ। ਇਕ ਡੇਢ ਘੰਟੇ ਮਗਰੋਂ ਉਥੇ ਦੋ ਕਾਰਾਂ ਆਈਆਂ, ਜਿਨ੍ਹਾਂ ਵਿਚ ਸੱਜਣ ਕੁਮਾਰ ਸਮੇਤ ਕਈ ਲੀਡਰ ਸਨ। ਸੱਜਣ ਕੁਮਾਰ ਕਾਰ ਵਿਚੋਂ ਉਤਰਿਆ ਅਤੇ ਲੋਕਾਂ ਨੂੰ ਕੁੱਝ ਕਹਿਣ ਲੱਗਾ। ਉਸ ਨੇ ਜਿਵੇਂ ਹੀ ਗੁਰਦੁਆਰਾ ਸਾਹਿਬ ਵੱਲ ਇਸ਼ਾਰਾ ਕੀਤਾ ਤਾਂ ਸਾਰੀ ਭੀੜ ਗੁਰਦੁਆਰਾ ਸਾਹਿਬ ਵੱਲ ਭੱਜ ਪਈ ਅਤੇ ਦੇਖਦੇ ਹੀ ਦੇਖਦੇ ਅੱਗ ਲਗਾ ਦਿਤੀ। ਕੋਹਲੀ ਨੇ ਦਸਿਆ ਕਿ ਅਸੀਂ ਕਈ ਸਿੱਖ ਪਰਿਵਾਰ ਗੁਰਦੁਆਰਾ ਸਾਹਿਬ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਦੌੜੇ ਤਾਂ ਭੀੜ ਨੇ ਸਾਡੇ 'ਤੇ ਡੰਡਿਆਂ ਸੋਟਿਆਂ, ਸਰੀਆਂ ਨਾਲ ਹਮਲਾ ਕਰ ਦਿਤਾ। 

ਕੋਹਲੀ ਨੇ ਦਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਪਿਤਾ ਦੇ ਸਿਰ ਵਿਚ ਅਤੇ ਮਾਤਾ ਦੇ ਮੱਥੇ 'ਤੇ ਇੱਟ ਵੱਜੀ ਜੋ ਉਥੇ ਹੀ ਡਿਗ ਗਏ। ਕੁੱਝ ਲੋਕਾਂ ਨੇ ਚੁੱਕ ਕੇ ਉਨ੍ਹਾਂ ਨੂੰ ਇਕ ਸਾਈਡ ਕੀਤਾ। ਸਾਡੇ ਘਰ ਦੇ ਨਾਲ ਇਕ ਨਾਹਰ ਸਿੰਘ ਦਾ ਘਰ ਸੀ, ਜਿੱਥੇ ਸਾਰੀ ਭੀੜ ਵੜ ਗਈ। ਸਾਰਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇਕ ਰਿਸ਼ਤੇਦਾਰ ਨੂੰ ਗੋਲੀ ਮਾਰ ਦਿਤੀ। ਉਨ੍ਹਾਂ ਦੇ ਇਕ ਬੱਚੇ ਗੁਰਚਰਨ ਸਿੰਘ ਨੂੰ ਚੁੱਕ ਕੇ ਉਨ੍ਹਾਂ ਦੇ ਹੀ ਸੜ ਰਹੇ ਟਰੱਕ ਵਿਚ ਸੁੱਟ ਕੇ ਸਾੜ ਦਿਤਾ। 
ਕੋਹਲੀ ਨੇ ਦਸਿਆ ਕਿ ਇਸ ਤੋਂ ਬਾਅਦ ਮੇਰੀਆਂ ਭੈਣਾਂ ਸਾਹਮਣੇ ਹੀ ਇਕ ਹਿੰਦੂ ਪਰਿਵਾਰ ਦੇ ਘਰ ਚਲੀਆਂ ਗਈਆਂ ਅਤੇ ਅਸੀਂ ਵੀ ਅਪਣੇ ਪਿਤਾ ਨੂੰ ਘਸੀਟ ਕੇ ਮੰਦਰ ਕੋਲ ਰਹਿੰਦੀ ਇਕ ਬੁੱਢੀ ਔਰਤ ਦੇ ਘਰ ਜਾ ਕੇ ਰਖਿਆ।

ਕੋਹਲੀ ਨੇ ਦਸਿਆ ਕਿ ਉਨ੍ਹਾਂ ਦੇ ਮਾਤਾ ਜੀ ਨੂੰ ਕੋਈ ਅਣਜਾਣ ਵਿਅਕਤੀ ਆਟੋ ਰਿਕਸ਼ਾ ਵਿਚ ਪਾ ਕੇ ਹਸਪਤਾਲ ਲੈ ਗਿਆ, ਜਿਸ ਦਾ 6-7 ਦਿਨਾਂ ਬਾਅਦ ਪਤਾ ਲੱਗਿਆ ਉਹ ਰਾਜੌਰੀ ਗਾਰਡਨ ਇਕ ਹਸਪਤਾਲ ਵਿਚ ਦਾਖ਼ਲ ਹਨ। ਸ. ਕੋਹਲੀ ਨੇ ਅਪਣਾ ਦੁੱਖੜਾ ਬਿਆਨ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਭੈਣ ਦੇ ਬੱਚਾ ਹੋਇਆ ਸੀ, ਜਿਸ ਨੂੰ ਉਹ ਅਪਣੇ ਘਰ ਲੈ ਕੇ ਆਏ ਸਨ ਅਤੇ ਉਨ੍ਹਾਂ ਦੇ ਜੀਜਾ ਜੀ ਵੀ 31 ਤਰੀਕ ਨੂੰ ਉਨ੍ਹਾਂ ਦੇ ਘਰ ਪਹੁੰਚ ਗਏ ਸਨ ਪਰ ਉਹ ਭੀੜ ਦੇ ਹਮਲੇ ਵਿਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦਸਿਆ ਕਿ ਉਹ ਸਾਰੇ ਜਣੇ ਉਸ ਬੁੱਢੀ ਮਾਈ ਦੇ ਕਮਰੇ ਵਿਚ ਸਾਰੀ ਰਾਤ ਰਹੇ ਪਰ ਸਵੇਰੇ 5 ਵਜੇ ਉਸ ਬੁੱਢੀ ਔਰਤ ਨੇ ਦਰਵਾਜ਼ਾ ਖੜਕਾਇਆ ਅਤੇ ਕਿਹਾ ਕਿ ਤੁਸੀਂ ਇੱਥੋਂ ਜਲਦੀ ਨਿਕਲ ਜਾਓ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਇੱਥੇ ਲੁਕੇ ਹੋਏ ਹੋ।

ਕੋਹਲੀ ਨੇ ਕਿਹਾ ਕਿ ਅਸੀਂ ਤੁਰਤ ਗੁਆਂਢੀ ਤਿਲਕ ਰਾਜ ਦੇ ਘਰ ਪੁੱਜੇ, ਜਿਨ੍ਹਾਂ ਦੇ ਘਰ ਮੇਰੀਆਂ ਭੈਣਾਂ ਲੁਕੀਆਂ ਹੋਈਆਂ ਸਨ। ਉਨ੍ਹਾਂ ਕੋਲੋਂ ਸਾਈਕਲ ਮੰਗੀ ਅਤੇ ਇਕ ਸਾਈਕਲ ਮੈਂ ਅਪਣੀ ਲੈ ਲਈ। ਮੇਰੇ ਪਿਤਾ ਜੀ ਨੇ ਮੇਰੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਜੀਜਾ ਜੀ ਨੂੰ ਸਾਈਕਲ ਦੇ ਪਿਛੇ ਪੱਗੜੀ ਨਾਲ ਬੰਨ੍ਹ ਦਿਤਾ। ਅਸੀਂ ਜਨਕਪੁਰੀ ਵੱਲ ਜਾ ਰਹੇ ਸੀ। ਉੱਤਮ ਨਗਰ ਕਾਂਗਰਸ ਦੇ ਦਫ਼ਤਰ ਦੇ ਸਾਹਮਣੇ  ਭੀੜ ਇਕੱਠੀ ਹੋਈ ਸੀ। ਭਾਵੇਂ ਅਸੀਂ ਕੰਬਲਾਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ ਪਰ ਉਨ੍ਹਾਂ ਨੂੰ ਪਤਾ ਨ੍ਹੀਂ ਕਿਵੇਂ ਪਤਾ ਲੱਗ ਗਿਆ, ਰੌਲਾ ਮਚ ਗਿਆ ਕਿ ਸਰਦਾਰ ਆ ਰਹੇ ਹਨ, ਮਾਰੋ, ਮਾਰੋ, ਮਾਰੋ। ਕੋਹਲੀ ਨੇ ਭਰੇ ਗਲ਼ੇ ਨਾਲ ਦਸਿਆ ਕਿ ਉਨ੍ਹਾਂ ਨੇ ਸਾਨੂੰ ਸਾਈਕਲਾਂ ਤੋਂ ਹੇਠਾਂ ਸੁੱਟ ਲਿਆ। ਮੇਰੇ ਫਾਦਰ ਵੀ ਡਿਗ ਗਏ। ਉਨ੍ਹਾਂ ਨੇ ਸਾਨੂੰ ਸਰੀਆਂ ਨਾਲ ਮਾਰਨਾ ਸ਼ੁਰੂ ਕਰ ਦਿਤਾ। ਇਸੇ ਦੌਰਾਨ ਇਕ ਪਾਸੇ ਤੋਂ ਆਵਾਜ਼ ਆਈ 'ਅੱਗ ਲਗਾ ਕੇ ਸਾੜ ਦਿਓ।' 

ਕੋਹਲੀ ਨੇ ਅੱਗੇ ਦਸਿਆ ਕਿ ਉਸੇ ਵੇਲੇ ਪਤਾ ਨਹੀਂ ਮੇਰੇ ਵਿਚ ਕਿਸ ਤਰ੍ਹਾਂ ਹਿੰਮਤ ਆਈ ਮੈਂ ਦੌੜਨਾ ਸ਼ੁਰੂ ਕਰ ਦਿਤਾ ਅਤੇ ਦੌੜ ਦੇ ਪੁਲਿਸ ਪੋਸਟ ਦੇ ਅੰਦਰ ਵੜ ਗਿਆ। ਭੀੜ ਵੀ ਪੁਲਿਸ ਸਟੇਸ਼ਨ ਦੇ ਅੰਦਰ ਤਕ ਪਹੁੰਚ ਗਈ ਪਰ ਮੈਂ ਉਥੇ ਇਕ ਸਿਪਾਹੀ ਦੀ ਮੰਜੀ ਥੱਲੇ ਜਾ ਕੇ ਛੁਪ ਗਿਆ। ਕੋਹਲੀ ਨੇ ਦਸਿਆ ਕਿ ਉਸ ਨੇ ਪੁਲਿਸ ਨੂੰ ਸਾਰੀ ਗੱਲ ਦੱਸੀ ਪਰ ਪੁਲਿਸ ਨੇ ਉਸ ਦੀ ਇਕ ਨਹੀਂ ਸੁਣੀ। ਉਲਟਾ ਇਕ ਪੁਲਿਸ ਵਾਲੇ ਇਹ ਆਖਿਆ ਕਿ ''ਤੁਸੀਂ ਇੰਦਰਾ ਗਾਂਧੀ ਨੂੰ ਮਾਰਿਐ, ਤੁਹਾਡਾ ਤਾਂ ਇਹੀ ਹਾਲ ਹੋਣਾ ਚਾਹੀਦੈ।'' ਕੋਹਲੀ ਨੇ ਦਸਿਆ ਕਿ ''ਕਾਂਗਰਸ ਦੇ ਦਫ਼ਤਰ ਦੇ ਸਾਹਮਣੇ ਉਨ੍ਹਾਂ ਦੇ ਪਿਤਾ ਅਤੇ ਜੀਜਾ ਜੀ ਨੂੰ ਤੇਲ ਪਾ ਕੇ ਜਿੰਦਾ ਸਾੜ ਦਿਤਾ ਗਿਆ। ਮੇਰੀਆਂ ਵੀ ਉਸ ਸਮੇਂ ਅੱਠ ਹੱਡੀਆਂ ਟੁੱਟ ਗਈਆਂ ਸਨ, ਸਿਰ 'ਚ ਟਾਂਕੇ ਲੱਗੇ, ਸਰੀਰ 'ਤੇ 100 ਤੋਂ ਜ਼ਿਆਦਾ ਸਰੀਆਂ ਦੀਆਂ ਸੱਟਾਂ ਦੇ ਨਿਸ਼ਾਨ ਹਨ ਪਰ ਫਿਰ ਵੀ ਵਾਹਿਗੁਰੂ ਨੇ ਮੈਨੂੰ ਬਚਾ ਲਿਆ।''

ਕੋਹਲੀ ਨੇ ਅੱਗੇ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਇਕ ਸਿੱਖ ਬੱਚੇ ਨੂੰ ਚੁੱਕ ਕੇ ਸੜਦੇ ਹੋਏ ਟਰੱਕ ਵਿਚ ਸੁੱਟਿਆ ਗਿਆ ਸੀ, ਉਹ ਦਰਦਨਾਕ ਘਟਨਾ ਮੇਰੀਆਂ ਅੱਖਾਂ ਸਾਹਮਣੇ ਵਾਪਰੀ ਅਤੇ ਉਥੇ ਭੀੜ ਨਾਲ ਸੱਜਣ ਕੁਮਾਰ ਵੀ ਮੌਜੂਦ ਸੀ। ਇਸ ਤੋਂ ਇਲਾਵਾ ਸਾਡੇ ਪਰਿਵਾਰ ਮੈਂਬਰ ਦੀ ਮੌਤ ਅਤੇ ਕੁੱਝ ਹੋਰ ਮੌਤਾਂ ਸਮੇਂ ਵੀ ਸੱਜਣ ਕੁਮਾਰ ਮੌਕੇ 'ਤੇ ਮੌਜੂਦ ਸੀ। ਉਨ੍ਹਾਂ ਆਖਿਆ ਕਿ ਮੈਂ ਤਾਂ ਪਿਛਲੇ 34 ਵਰ੍ਹਿਆਂ ਤੋਂ ਚੀਕ-ਚੀਕ ਕੇ ਕਹਿ ਰਿਹਾ ਹਾਂ ਕਿ ਸੱਜਣ ਕੁਮਾਰ ਦੋਸ਼ੀ ਹੈ ਪਰ ਮੇਰੀ ਕਿਸੇ ਵੀ ਸਰਕਾਰ ਜਾਂ ਜਥੇਬੰਦੀ ਨੇ ਬਾਂਹ ਨਹੀਂ ਫੜੀ।

ਕੋਹਲੀ ਨੇ ਦਸਿਆ ਕਿ ਸਿੱਖਸ ਫਾਰ ਜਸਟਿਸ ਵਾਲਿਆਂ ਨੇ ਸ਼ੁਰੂਆਤ ਵਿਚ ਮੇਰੇ ਕੇਸ ਨੂੰ ਅੱਗੇ ਲਿਆਂਦਾ ਸੀ ਅਤੇ ਉਨ੍ਹਾਂ ਨੇ ਹੀ ਮੈਨੂੰ ਫੂਲਕਾ ਸਾਹਿਬ ਨਾਲ ਮਿਲਵਾਇਆ ਸੀ, ਉਦੋਂ ਤੋਂ ਹੀ ਫੂਲਕਾ ਸਾਹਿਬ ਮੇਰਾ ਕੇਸ ਲੜ ਰਹੇ ਹਨ। ਕਈ ਅਦਾਲਤਾਂ ਵਿਚੋਂ ਹੁੰਦਾ ਹੋਇਆ ਇਹ ਕੇਸ ਹੁਣ ਸੁਪਰੀਮ ਕੋਰਟ ਵਿਚ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਅਤੇ ਹੋਰ ਮਨੁੱਖੀ ਅਧਿਕਾਰ ਸੰਗਠਨਾਂ ਦੇ ਵਕੀਲ ਵੀ ਮੇਰੇ ਕੇਸ ਨੂੰ ਦੇਖ ਰਹੇ ਹਨ।   
ਕੋਹਲੀ ਨੇ ਦਸਿਆ ਕਿ ਅੱਜ ਤੋਂ ਕਰੀਬ ਸਵਾ ਦੋ ਕੁ ਮਹੀਨੇ ਪਹਿਲਾਂ ਸਿਟ ਨੇ ਮੇਰੀ ਸੱਜਣ ਕੁਮਾਰ ਨਾਲ ਆਹਮੋ-ਸਾਹਮਣੇ ਬਿਠਾ ਕੇ ਐਗਜ਼ਾਮੀਨੇਸ਼ਨ ਕੀਤੀ ਸੀ, ਜਿਸ ਵਿਚ ਸੱਜਣ ਕੁਮਾਰ ਨੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਸੀ ਕੀਤਾ। ਉਹ ਮੇਰੇ ਹਰ ਸਵਾਲ 'ਤੇ ਇਹੀ ਆਖਦਾ ਕਿ ਉਹ ਉਥੇ ਮੌਜੂਦ ਨਹੀਂ ਸੀ ਜਾਂ ਉਸ ਨੂੰ ਕੁੱਝ ਯਾਦ ਨਹੀਂ। 

ਕੋਹਲੀ ਨੇ ਦਸਿਆ ਕਿ ਇਸ ਤੋਂ ਬਾਅਦ ਮੈਂ ਇਨਵੈਸਟੀਗੇਸ਼ਨ ਅਫ਼ਸਰ ਨੂੰ ਸੱਜਣ ਕੁਮਾਰ ਕੋਲੋਂ ਕੁੱਝ ਸਵਾਲ ਪੁੱਛਣ ਦੀ ਇਜਾਜ਼ਤ ਮੰਗੀ। ਪਹਿਲਾਂ ਤਾਂ ਮੈਨੂੰ ਉਨ੍ਹਾਂ ਮਨ੍ਹਾਂ ਕਰ ਦਿਤਾ ਪਰ ਜਦੋਂ ਮੈਂ ਰੋਸ ਭਰੇ ਲਹਿਜੇ ਵਿਚ ਇਹ ਕਿਹਾ ਕਿ ਮੇਰੇ ਸਾਹਮਣੇ ਮੇਰੇ ਪਿਤਾ ਅਤੇ ਜੀਜਾ ਜੀ ਦਾ ਕਾਤਲ ਬੈਠਾ ਹੈ, ਮੈਂ ਇਸ ਕੋਲੋਂ ਸਵਾਲ ਕਿਉਂ ਨਹੀਂ ਪੁੱਛ ਸਕਦਾ ਤਾਂ ਜਾ ਕੇ ਉਨ੍ਹਾਂ ਨੇ ਮੈਨੂੰ ਇਜ਼ਾਜਤ ਦਿਤੀ।  ਮੈਂ ਸੱਜਣ ਕੁਮਾਰ ਨੂੰ ਕਿਹਾ ਕਿ ਉਹ ਮੇਰੇ ਪੰਜ ਸਵਾਲਾਂ ਦਾ ਜਵਾਬ ਦੇ ਦੇਵੇ ਤਾਂ ਉਹ ਅਪਣਾ ਕੇਸ ਹੀ ਵਾਪਸ ਲੈ ਲੈਣਗੇ। ਕੋਹਲੀ ਨੇ ਦਸਿਆ ਕਿ ਮੈਂ ਸੱਜਣ ਕੁਮਾਰ ਨੂੰ ਪਹਿਲਾ ਸਵਾਲ ਇਹ ਕੀਤਾ ਕਿ ''ਤੁਸੀਂ ਪਹਿਲੀ ਅਤੇ ਦੋ ਨਵੰਬਰ ਨੂੰ ਕਿੱਥੇ ਸੀ?  
ਸੱਜਣ ਕੁਮਾਰ ਨੇ ਕਿਹਾ ਕਿ ਉਹ ਇੰਦਰਾ ਗਾਂਧੀ ਦੀ ਡੈੱਡ ਬਾਡੀ ਕੋਲ ਮੌਜੂਦ ਸੀ। ਉਸ ਨੇ ਕਿਹਾ ਕਿ ਮੈਂ ਸਵੇਰੇ ਪੰਜ-ਸਾਢੇ ਪੰਜ ਵਜੇ ਉਥੇ ਗਿਆ ਸੀ।

 ਦੂਜਾ ਸਵਾਲ : ਤੁਹਾਨੂੰ ਜਿਹੜਾ ਡਰਾਈਵਰ ਉਥੇ ਲੈ ਕੇ ਗਿਆ, ਉਸ ਦਾ ਨਾਮ ਦੱਸੋ। ਇਸ 'ਤੇ ਸੱਜਣ ਕੁਮਾਰ ਇਕ ਵਾਰ ਝਿਜਕਿਆ। ਫਿਰ ਕਹਿੰਦਾ ਸਾਢੇ ਪੰਜ ਵਜੇ ਸਵੇਰੇ ਮੇਰੇ ਕੋਲ ਡਰਾਈਵਰ ਨਹੀਂ ਸੀ, ਮੈਂ ਅਪਣੀ ਜੀਪ ਖ਼ੁਦ ਚਲਾ ਕੇ ਉਥੇ ਗਿਆ ਸੀ। 
ਕੋਹਲੀ ਨੇ ਦਸਿਆ ਕਿ ਤੀਜਾ ਸਵਾਲ ਮੈਂ ਸੱਜਣ ਕੁਮਾਰ ਨੂੰ ਇਹ ਪੁੱਛਿਆ ਕਿ ਤੁਸੀਂ ਉਥੇ ਕਿੰਨੇ ਘੰਟੇ ਰਹੇ? ਇਸ 'ਤੇ ਸੱਜਣ ਕੁਮਾਰ ਨੇ ਕਿਹਾ ਕਿ ਉਹ ਲਗਾਤਾਰ 20-22 ਘੰਟੇ ਤਕ ਉਥੇ ਹੀ ਰਿਹਾ। ਚੌਥਾ ਸਵਾਲ ਸੱਜਣ ਕੁਮਾਰ ਨੂੰ ਕੋਹਲੀ ਨੇ ਇਹ ਪੁੱਛਿਆ ਕਿ ਤੁਹਾਡੇ ਨਾਲ ਉਥੇ ਹੋਰ ਕੌਣ-ਕੌਣ ਮੌਜੂਦ ਸਨ? ਇਸ 'ਤੇ ਇਕਦਮ ਉਸ ਨੂੰ ਪਸੀਨੇ ਆ ਗਏ ਅਤੇ ਕਹਿਣ ਲੱਗਿਆ ਕਿ ਮੈਨੂੰ ਇਸ ਸਮੇਂ ਉਨ੍ਹਾਂ ਦੇ ਨਾਮ ਯਾਦ ਨਹੀਂ।

ਕੋਹਲੀ ਨੇ ਦਸਿਆ ਕਿ ਇਸ 'ਤੇ ਮੈਂ ਸੱਜਣ ਕੁਮਾਰ ਨੂੰ ਆਖਿਆ ਕਿ ਤੁਹਾਨੂੰ ਹਰ ਚੀਜ਼ ਯਾਦ ਹੈ ਪਰ ਤੁਹਾਨੂੰ ਇਹ ਯਾਦ ਨਹੀਂ ਕਿ ਉਥੇ ਤੁਹਾਡੇ ਨਾਲ ਹੋਰ ਕਿਹੜੇ-ਕਿਹੜੇ ਪੰਜ ਜਣੇ ਮੌਜੂਦ ਸਨ। ਐਚਐਸ ਕੋਹਲੀ ਨੂੰ ਸਪੋਕਸਮੈਨ ਡਿਬੇਟ ਦੌਰਾਨ ਜਦੋਂ ਪੁਛਿਆ ਗਿਆ ਕਿ ਹੁਣ ਉਨ੍ਹਾਂ ਦਾ ਅਗਲਾ ਕਾਨੂੰਨੀ ਕਦਮ ਕੀ ਹੋਵੇਗਾ ਤਾਂ ਉਨ੍ਹਾਂ ਆਖਿਆ ਕਿ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ ਹੋਇਆ ਪਰ ਸਾਨੂੰ ਅਜੇ ਤਕ ਉਸ ਦੀ ਰਿਪੋਰਟ ਨਹੀਂ ਦਿਤੀ ਗਈ। ਕੋਹਲੀ ਨੇ ਕਿਹਾ ਕਿ ਉਹ ਅਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਤਕ ਅਪਣੇ ਪਿਤਾ ਅਤੇ ਜੀਜਾ ਜੀ ਦੀ ਮੌਤ ਦਾ ਇਨਸਾਫ਼ ਲੈਣ ਲਈ ਲੜਾਂਗਾ ਅਤੇ ਉਹ ਅਪਣਾ ਕੇਸ ਕਦੇ ਵੀ ਵਾਪਸ ਨਹੀਂ ਲੈਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement