ਮੂਰਤੀ ਇਕ ਮੁਸਲਿਮ ਵਸਨੀਕ ਵਲੋਂ ਦਾਨ ਕੀਤੀ ਗਈ ਨਿੱਜੀ ਜਾਇਦਾਦ ’ਚ ਸਥਾਪਤ ਕੀਤੀ ਗਈ
ਪਣਜੀ: ਗੋਆ ਦੇ ਮੰਤਰੀ ਸੁਭਾਸ਼ ਫਲ ਦੇਸਾਈ ਸੋਮਵਾਰ ਨੂੰ ਦਖਣੀ ਗੋਆ ਦੇ ਇਕ ਪਿੰਡ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪੱਥਰਬਾਜ਼ੀ ’ਚ ਜ਼ਖਮੀ ਹੋ ਗਏ। ਐਤਵਾਰ ਨੂੰ ਮਡਗਾਉਂ ਕਸਬੇ ਦੇ ਨੇੜੇ ਸਾਓ ਜੋਸ ਡੀ ਏਰੀਅਲ ਪਿੰਡ ’ਚ ਕੁੱਝ ਲੋਕਾਂ ਵਲੋਂ ਮਰਾਠਾ ਸਮਰਾਟ ਦੀ ਮੂਰਤੀ ਸਥਾਪਤ ਕਰਨ ਤੋਂ ਬਾਅਦ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਕ ਹੋਰ ਸਮੂਹ ਨੇ ਮੂਰਤੀ ਦੀ ਸਥਾਪਨਾ ’ਤੇ ਇਤਰਾਜ਼ ਕੀਤਾ ਸੀ। ਅੱਜ ਮਰਾਠਾ ਸਮਰਾਟ ਦੀ 394ਵੀਂ ਜਯੰਤੀ ਹੈ ਅਤੇ ਇਸ ਨੂੰ ਮਨਾਉਣ ਲਈ ਪੂਰੇ ਸੂਬੇ ’ਚ ਕਈ ਪ੍ਰੋਗਰਾਮ ਕੀਤੇ ਗਏ ਹਨ।
ਪੱਥਰਬਾਜ਼ੀ ਦੁਪਹਿਰ ਨੂੰ ਹੋਈ ਜਦੋਂ ਮੰਤਰੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਅਪਣੀ ਕਾਰ ’ਚ ਬੈਠੇ ਸਨ। ਸੂਬੇ ਦੇ ਸਮਾਜ ਭਲਾਈ ਮੰਤਰੀ ਨੇ ਦਸਿਆ, ‘‘ਪਿੰਡ ’ਚ ਉਨ੍ਹਾਂ ਨਾਲ ਮੇਰੇ ਸੰਖੇਪ ਵਿਚਾਰ-ਵਟਾਂਦਰੇ ਤੋਂ ਬਾਅਦ ਮੂਰਤੀ ਸਥਾਪਤ ਕਰਨ ਦਾ ਵਿਰੋਧ ਕਰ ਰਹੀ ਭੀੜ ਨੇ ਪੱਥਰ ਸੁੱਟੇ।’’ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਪੱਥਰ ਲੱਗੇ ਸਨ ਅਤੇ ਮਾਮੂਲੀ ਸੱਟਾਂ ਲੱਗੀਆਂ ਸਨ। ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਉਣਗੇ। ਦੇਸਾਈ ਨੇ ਕਿਹਾ ਕਿ ਉਸ ਨੇ ਪੀੜਤ ਪਿੰਡ ਵਾਸੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਜੋ ਬੇਸਿੱਟਾ ਰਹੀ।
ਉਨ੍ਹਾਂ ਕਿਹਾ ਕਿ ਇਹ ਮੂਰਤੀ ਇਕ ਮੁਸਲਿਮ ਵਸਨੀਕ ਵਲੋਂ ਦਾਨ ਕੀਤੀ ਗਈ ਨਿੱਜੀ ਜਾਇਦਾਦ ’ਚ ਸਥਾਪਤ ਕੀਤੀ ਗਈ ਹੈ। ਸਾਓ ਜੋਸ ਡੀ ਏਰੀਅਲ ਦੇ ਪਿੰਡ ਵਾਸੀ ਐਤਵਾਰ ਤੋਂ ਮੂਰਤੀ ਦੀ ਸਥਾਪਨਾ ਦਾ ਵਿਰੋਧ ਕਰ ਰਹੇ ਹਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਲਾਕੇ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪੁਲਿਸ ਸੁਪਰਡੈਂਟ (ਦਖਣੀ) ਸੁਨੀਤਾ ਸਾਵੰਤ ਨੇ ਕਿਹਾ, ‘‘ਸਥਿਤੀ ਕਾਬੂ ਹੇਠ ਹੈ ਅਤੇ ਪਿੰਡ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।’’
ਐਤਵਾਰ ਨੂੰ ਪਿੰਡ ਦਾ ਦੌਰਾ ਕਰਨ ਵਾਲੇ ਦੇਸਾਈ ਨੇ ਪਹਿਲਾਂ ਕਿਹਾ ਸੀ, ‘‘ਕਿਸੇ ਨੂੰ ਵੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ’ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਕੁੱਝ ਸਿਆਸੀ ਤਾਕਤਾਂ ਸਥਾਨਕ ਲੋਕਾਂ ਨੂੰ ਮੂਰਤੀ ਦੀ ਸਥਾਪਨਾ ਵਿਰੁਧ ਭੜਕਾ ਰਹੀਆਂ ਹਨ।’’
ਸਥਾਨਕ ਭਾਜਪਾ ਨੇਤਾ ਸਵੀਓ ਰੌਡਰਿਗਜ਼ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਇਕ ਭਾਰਤੀ ਈਸਾਈ ਹੋਣ ਦੇ ਨਾਤੇ ਮੈਂ ਅਪਣੀ ਮਾਤ ਭੂਮੀ ਦੀ ਰੱਖਿਆ ਲਈ ਛਤਰਪਤੀ ਸ਼ਿਵਾਜੀ ਦੇ ਯੋਗਦਾਨ ਦਾ ਬਹੁਤ ਸਤਿਕਾਰ ਕਰਦਾ ਹਾਂ। ਨਿਰਾਸ਼ ਹਾਂ ਕਿ ਗੋਆ ਦੇ ਕੁੱਝ ਲੋਕ ਸਾਡੀ ਮਾਤ ਭੂਮੀ ਲਈ ਉਨ੍ਹਾਂ ਦੀ ਕੁਰਬਾਨੀ ਨੂੰ ਅਪਣੀ ਫਿਰਕੂ ਰਾਜਨੀਤੀ ਲਈ ਵਿਵਾਦ ਦਾ ਮੁੱਦਾ ਮੰਨਦੇ ਹਨ।’’ ਰੌਡਰਿਗਜ਼ ਨੇ ਕਿਹਾ ਕਿ ਸ਼ਿਵਾਜੀ ਇਕ ਕੱਟੜ ਰਾਸ਼ਟਰਵਾਦੀ ਸਨ ਅਤੇ ਹਰ ਭਾਰਤੀ ਨੂੰ ਉਨ੍ਹਾਂ ਦੀ ਅਥਾਹ ਬਹਾਦਰੀ ਅਤੇ ਭਾਰਤ ਮਾਤਾ ਪ੍ਰਤੀ ਸ਼ਰਧਾ ਲਈ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।