ਮੈਂ ਮੌਤ ਤੋਂ ਨਹੀਂ ਡਰਦਾ। ਜੇ ਇਕ ਸਲੂਜਾ ਮਰ ਜਾਂਦਾ ਹੈ, ਤਾਂ ਹੋਰ ਵੀ ਬਹੁਤ ਸਾਰੇ ਪੈਦਾ ਹੋਣਗੇ : ਸੰਤੋਸ਼ ਸਿੰਘ ਸਲੂਜਾ
ਭੁਵਨੇਸ਼ਵਰ: ਕਾਂਗਰਸ ਆਗੂ ਅਤੇ ਕਾਂਤਾਬੰਜੀ ਦੇ ਵਿਧਾਇਕ ਸੰਤੋਸ਼ ਸਿੰਘ ਸਲੂਜਾ ਨੂੰ 15 ਦਿਨਾਂ ਦੇ ਅੰਦਰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਕਈ ਪੋਸਟਰ ਅਤੇ ਬੈਨਰ ਸੋਮਵਾਰ ਸਵੇਰੇ ਬੋਲਾਂਗੀਰ ਜ਼ਿਲ੍ਹੇ ’ਚ ਸਾਹਮਣੇ ਆਏ। ਬੈਨਰ ’ਤੇ ਇਕ ਵਿਅਕਤੀ ਦੀ ਤਸਵੀਰ ਵੀ ਹੈ ਪਰ ਉਸ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਅਣਪਛਾਤੇ ਵਿਅਕਤੀ ਨੇ ਲਿਖਿਆ ਹੈ, ‘‘ਮੈਂ ਸੰਤੋਸ਼ ਸਿੰਘ ਸਲੂਜਾ ਨੂੰ 15 ਦਿਨਾਂ ਦੇ ਅੰਦਰ ਮਾਰ ਦੇਵਾਂਗਾ।’’
ਧਮਕੀ ਬਾਰੇ ਗੱਲ ਕਰਦਿਆਂ ਸਲੂਜਾ ਨੇ ਕਿਹਾ, ‘‘ਮੈਨੂੰ ਇਲੈਕਟ੍ਰਾਨਿਕ ਮੀਡੀਆ ਰਾਹੀਂ ਬੈਨਰ ਬਾਰੇ ਪਤਾ ਲਗਿਆ। ਇਹ ਅਜੀਬ ਗੱਲ ਹੈ ਕਿ ਜਦੋਂ ਮੈਂ ਕਾਂਤਾਬੰਜੀ ਹਲਕੇ ਦੇ ਵਿਕਾਸ ਲਈ ਘੁੰਮ ਰਿਹਾ ਹਾਂ ਤਾਂ ਕਿਸੇ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਹੈ। ਮੈਨੂੰ ਮਾਰਨ ਤੋਂ ਬਾਅਦ ਵੀ ਕਾਂਤਾਬੰਜੀ ਦੇ ਵਿਕਾਸ ਨੂੰ ਰੋਕਿਆ ਨਹੀਂ ਜਾ ਸਕਦਾ। ਮੈਂ ਮੌਤ ਤੋਂ ਨਹੀਂ ਡਰਦਾ। ਜੇ ਇਕ ਸਲੂਜਾ ਮਰ ਜਾਂਦਾ ਹੈ, ਤਾਂ ਹੋਰ ਵੀ ਬਹੁਤ ਸਾਰੇ ਪੈਦਾ ਹੋਣਗੇ।’’
ਉਨ੍ਹਾਂ ਕਿਹਾ, ‘‘ਮੈਂ ਪੁਲਿਸ ਨੂੰ ਬੇਨਤੀ ਕਰਾਂਗਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਕਾਂਤਾਬੰਜੀ ਹਲਕੇ ਦੇ ਵਿਕਾਸ ਤੋਂ ਮੈਨੂੰ ਦੂਰ ਰੱਖਣ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ। ਇਹ ਇਕ ਸਿਆਸੀ ਧਮਕੀ ਲਗਦੀ ਹੈ, ਜੋ ਮੈਨੂੰ ਨਿਰਾਸ਼ ਕਰਨ ਲਈ ਜਾਰੀ ਕੀਤੀ ਗਈ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਕਾਂਤਾਬੰਜੀ ’ਚ ਕਾਰੋਬਾਰੀ ਅਦਾਰੇ ਅਤੇ ਦੁਕਾਨਦਾਰ ਡਰੇ ਹੋਏ ਸਨ। ਉਹ ਅਪਣੇ ਦਫਤਰ ਅਤੇ ਦੁਕਾਨਾਂ ਨਹੀਂ ਖੋਲ੍ਹਣਾ ਚਾਹੁੰਦੇ ਸਨ। ਇਸ ਲਈ ਅਸੀਂ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ।’’ ਸਲੂਜਾ ਦੇ ਭਰਾ ਬਰਿਆਮ ਸਿੰਘ ਸਲੂਜਾ ਨੇ ਮੰਗ ਕੀਤੀ, ‘‘ਅਸੀਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ।’’
ਕਾਂਤਾਬੰਜੀ ਪੁਲਿਸ ਨੇ ਸਾਰੇ ਬੈਨਰ ਜ਼ਬਤ ਕਰ ਲਏ ਹਨ ਅਤੇ ਮੁਲਜ਼ਮਾਂ ਨੂੰ ਫੜਨ ਲਈ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ, ‘‘ਖ਼ਬਰ ਮਿਲਣ ਤੋਂ ਬਾਅਦ ਅਸੀਂ ਮੌਕੇ ’ਤੇ ਗਏ ਅਤੇ ਪੋਸਟਰ ਜ਼ਬਤ ਕਰ ਲਏ। ਅਸੀਂ ਇਸ ਸਬੰਧ ’ਚ ਪਹਿਲਾਂ ਹੀ ਜਾਂਚ ਸ਼ੁਰੂ ਕਰ ਦਿਤੀ ਹੈ। ਅਸੀਂ ਸਲੂਜਾ ਦੇ ਪਰਵਾਰ ਨਾਲ ਗੱਲ ਕਰ ਰਹੇ ਹਾਂ। ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਂਤਾਬੰਜੀ ਦੇ ਐਸ.ਡੀ.ਪੀ.ਓ. ਗੌਰੰਗਾ ਚਰਨ ਸਾਹੂ ਨੇ ਕਿਹਾ ਕਿ ਉਸ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇਗਾ।’’
2015 ’ਚ ਵੀ ਤੇਜ਼ਧਾਰ ਹਥਿਆਰ ਨਾਲ ਹਮਲੇ ਦਾ ਸ਼ਿਕਾਰ ਹੋ ਚੁੱਕੇ ਹਨ ਸਲੂਜਾ
ਜ਼ਿਕਰਯੋਗ ਹੈ ਕਿ ਸਲੂਜਾ ’ਤੇ ਇਸ ਤੋਂ ਪਹਿਲਾਂ 2015 ’ਚ ਕਾਂਤਾਬੰਜੀ ਦੇ ਬਾਹਰੀ ਇਲਾਕੇ ’ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਧਾਇਕ ਅਤੇ ਉਸ ਦੇ ਚਚੇਰੇ ਭਰਾ ਅਮਰਜੀਤ ਅਤੇ ਸਮਰਥਕ ਪਿੰਡ ਚਟੂਆਂਕਾ ਵਿਖੇ ਖਰੀਦੀ ਗਈ ਜਾਇਦਾਦ ਦੇ ਦੌਰੇ ’ਤੇ ਸਨ। ਹਮਲੇ ਦਾ ਕਾਰਨ ਜਾਇਦਾਦ ਨੂੰ ਲੈ ਕੇ ਵਿਵਾਦ ਹੋਣ ਦਾ ਸ਼ੱਕ ਹੈ ਪਰ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, ਸਲੂਜਾ ਨੇ ਹਮਲੇ ਪਿੱਛੇ ਸੱਤਾਧਾਰੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਤਾਬੰਜੀ ਤੋਂ ਸਥਾਨਕ ਬੀ.ਜੇ.ਡੀ. ਵਿਧਾਇਕ ਅਯੂਬ ਖਾਨ ਇਸ ਹਮਲੇ ਪਿੱਛੇ ਹਨ। ਜ਼ਿਕਰਯੋਗ ਹੈ ਕਿ ਬੰਗੋਮੁੰਡਾ, ਖਾਪਰਾਖੋਲ ਅਤੇ ਤੁਰਕੇਲਾ ਸਮੇਤ ਕਾਂਤਾਬੰਜੀ ਦੇ ਨੇੜੇ ਦੇ ਇਲਾਕੇ ਮਾਓਵਾਦੀਆਂ ਨਾਲ ਪ੍ਰਭਾਵਤ ਹਨ। ਇਸ ਲਈ ਇਸ ਮਾਮਲੇ ’ਚ ਵੀ ਮਾਓਵਾਦੀ ਖਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਪੁਲਿਸ ਇਸ ਸਬੰਧ ’ਚ ਕੋਈ ਟਿਪਣੀ ਕਰਨ ਲਈ ਉਪਲਬਧ ਨਹੀਂ ਸੀ।