
ਕਿਹਾ, ਕਾਂਗਰਸ ਦੇ ਲੋਕ ‘ਭਾਰਤ ਰਤਨ’ ’ਤੇ ਸਿਰਫ ਇਕ ਪਰਵਾਰ ਦਾ ਅਧਿਕਾਰ ਮੰਨਦੇ ਹਨ
ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਚੌਧਰੀ ਚਰਨ ਸਿੰਘ ਨੂੰ ‘ਭਾਰਤ ਰਤਨ’ ਦਿਤਾ ਪਰ ਕਾਂਗਰਸ ਨੇ ਇਸ ਦਾ ਸਵਾਗਤ ਨਹੀਂ ਕੀਤਾ ਕਿਉਂਕਿ ਉਹ ਇਸ ਪੁਰਸਕਾਰ ’ਤੇ ਸਿਰਫ ਇਕ ਪਰਵਾਰ ਦਾ ਅਧਿਕਾਰ ਮੰਨਦੇ ਹਨ। ਕਿਸਾਨ ਅੰਦੋਲਨ ਦਰਮਿਆਨ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਚੌਧਰੀ ਸਾਹਿਬ ਤੋਂ ਪ੍ਰੇਰਣਾ ਲੈ ਕੇ ਉਹ ਦੇਸ਼ ਦੇ ਕਿਸਾਨਾਂ ਨੂੰ ਲਗਾਤਾਰ ਤਾਕਤਵਰ ਬਣਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ‘ਯੂ.ਪੀ. ਗਲੋਬਲ ਇਨਵੈਸਟਰਸ ਸਮਿਟ-2023’ ਦੌਰਾਨ ਪ੍ਰਾਪਤ ਨਿਵੇਸ਼ ਪ੍ਰਸਤਾਵਾਂ ਦੇ ਚੌਥੇ ਨੀਂਹ ਪੱਥਰ ਸਮਾਰੋਹ ’ਚ ਉੱਤਰ ਪ੍ਰਦੇਸ਼ ’ਚ 10 ਲੱਖ ਕਰੋੜ ਰੁਪਏ ਤੋਂ ਵੱਧ ਦੇ 14,000 ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, ‘‘ਕੁੱਝ ਦਿਨ ਪਹਿਲਾਂ ਹੀ ਸਾਡੀ ਸਰਕਾਰ ਨੂੰ ਕਿਸਾਨਾਂ ਦੇ ਮਸੀਹਾ ਚੌਧਰੀ ਚਰਨ ਸਿੰਘ ਨੂੰ ‘ਭਾਰਤ ਰਤਨ’ ਦੇਣ ਦਾ ਸੁਭਾਗ ਮਿਲਿਆ ਹੈ। ਉੱਤਰ ਪ੍ਰਦੇਸ਼ ਦੀ ਧਰਤੀ ਦੇ ਸਪੂਤ ਚੌਧਰੀ ਸਾਹਿਬ ਦਾ ਸਨਮਾਨ ਕਰਨਾ ਦੇਸ਼ ਦੇ ਕਰੋੜਾਂ ਮਜ਼ਦੂਰਾਂ ਅਤੇ ਕਿਸਾਨਾਂ ਲਈ ਸਨਮਾਨ ਦੀ ਗੱਲ ਹੈ। ਪਰ ਬਦਕਿਸਮਤੀ ਨਾਲ ਕਾਂਗਰਸ ਅਤੇ ਉਸ ਦੇ ਸਹਿਯੋਗੀ ਇਸ ਨੂੰ ਸਮਝ ਨਹੀਂ ਪਾ ਰਹੇ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਸੰਸਦ ’ਚ ਚੌਧਰੀ ਸਾਹਿਬ ਬਾਰੇ ਗੱਲ ਹੁੰਦੀ ਸੀ ਤਾਂ ਕਾਂਗਰਸ ਦੇ ਲੋਕਾਂ ਨੇ ਚੌਧਰੀ ਚਰਨ ਸਿੰਘ ਜੀ ਬਾਰੇ ਬੋਲਣਾ ਵੀ ਮੁਸ਼ਕਲ ਕਰ ਦਿਤਾ ਸੀ। ਕਾਂਗਰਸ ਦੇ ਲੋਕ ਇਸ ਪੁਰਸਕਾਰ ’ਤੇ ਇਕਲੌਤੇ ਪਰਵਾਰ ਦਾ ਅਧਿਕਾਰ ਮੰਨਦੇ ਸਨ। ਕਾਂਗਰਸ ਨੇ ਦਹਾਕਿਆਂ ਤਕ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਵੀ ਨਹੀਂ ਦਿਤਾ। ਇਹ ਲੋਕ ਅਪਣੇ ਹੀ ਪਰਵਾਰਕ ਮੈਂਬਰਾਂ ਨੂੰ ਭਾਰਤ ਰਤਨ ਦਿੰਦੇ ਰਹੇ।’’
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, ‘‘ਕਾਂਗਰਸ ਗਰੀਬਾਂ, ਦਲਿਤ, ਪੱਛੜੇ ਕਿਸਾਨਾਂ, ਮਜ਼ਦੂਰਾਂ ਦਾ ਸਨਮਾਨ ਹੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਹ ਉਨ੍ਹਾਂ ਦੀ ਸੋਚ ’ਚ ਨਹੀਂ ਹੈ। ਚੌਧਰੀ ਚਰਨ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਵੀ ਕਾਂਗਰਸ ਨੇ ਉਨ੍ਹਾਂ ਨਾਲ ਸੌਦੇਬਾਜ਼ੀ ਕਰਨ ਦੀ ਬਹੁਤ ਕੋਸ਼ਿਸ਼ ਕੀਤੀ।’’
ਉਨ੍ਹਾਂ ਕਿਹਾ, ‘‘ਚੌਧਰੀ ਸਾਹਿਬ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਛੱਡ ਦਿਤੀ ਪਰ ਅਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਨੂੰ ਸਿਆਸੀ ਸੌਦੇਬਾਜ਼ੀ ਤੋਂ ਨਫ਼ਰਤ ਸੀ ਪਰ ਦੁੱਖ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਪਾਰਟੀਆਂ, ਜੋ ਉਨ੍ਹਾਂ ਦਾ ਨਾਂ ਲੈ ਕੇ ਸਿਆਸਤ ਕਰਦੀਆਂ ਹਨ, ਨੇ ਚੌਧਰੀ ਸਾਹਿਬ ਦੀ ਇਸ ਗੱਲ (ਸਿਆਸੀ ਸੌਦੇਬਾਜ਼ੀ) ਨੂੰ ਮਨਜ਼ੂਰ ਨਹੀਂ ਕੀਤਾ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੌਧਰੀ ਚਰਨ ਸਿੰਘ ਨੇ ਛੋਟੇ ਕਿਸਾਨਾਂ ਲਈ ਜੋ ਕੀਤਾ, ਉਸ ਨੂੰ ਪੂਰਾ ਦੇਸ਼ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਕਿਹਾ, ‘‘ਅੱਜ ਚੌਧਰੀ ਸਾਹਿਬ ਤੋਂ ਪ੍ਰੇਰਣਾ ਲੈ ਕੇ ਅਸੀਂ ਦੇਸ਼ ਦੇ ਕਿਸਾਨਾਂ ਨੂੰ ਲਗਾਤਾਰ ਤਾਕਤਵਰ ਬਣਾ ਰਹੇ ਹਾਂ। ਅਸੀਂ ਕਿਸਾਨਾਂ ਦੀ ਮਦਦ ਕਰ ਰਹੇ ਹਾਂ ਅਤੇ ਦੇਸ਼ ਦੀ ਖੇਤੀ ਨੂੰ ਨਵੇਂ ਰਸਤੇ ’ਤੇ ਲਿਜਾਣ ਲਈ ਉਤਸ਼ਾਹਿਤ ਕਰ ਰਹੇ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਉੱਤਰ ਪ੍ਰਦੇਸ਼ ’ਚ ਗੰਗਾ ਨਦੀ ਦੇ ਕਿਨਾਰੇ ਵੱਡੇ ਪੱਧਰ ’ਤੇ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਖੇਤੀ ਕਿਸਾਨਾਂ ਨੂੰ ਘੱਟ ਲਾਗਤ ’ਤੇ ਵਧੇਰੇ ਮੁਨਾਫਾ ਦੇਣ ਜਾ ਰਹੀ ਹੈ ਅਤੇ ਗੰਗਾ ਵਰਗੀਆਂ ਪਵਿੱਤਰ ਨਦੀਆਂ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਵੀ ਬਚਾ ਰਹੀ ਹੈ।’’