
ਅਪਣੇ ਦੋ ਦਿਨਾਂ ਦੌਰੇ ਦੌਰਾਨ ਦੁਵੱਲੀ ਮੀਟਿੰਗਾਂ ਕਰ ਸਕਦੇ ਹਨ ਵਿਦੇਸ਼ ਮੰਤਰੀ
ਨਵੀਂ ਦਿੱਲੀ : ਵਿਦੇਸ਼ ਮੰਤਰੀ ਸ. ਜੈਸ਼ੰਕਰ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲੈਣ ਲਈ 20 ਫ਼ਰਵਰੀ ਤੋਂ ਦਖਣੀ ਅਫ਼ਰੀਕਾ ਦਾ ਦੋ ਦਿਨਾ ਦੌਰਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਵਲੋਂ ਕੁਝ ਦੁਵੱਲੀ ਮੀਟਿੰਗਾਂ ਕਰਨ ਦੀ ਸੰਭਾਵਨਾ ਹੈ। ਦਖਣੀ ਅਫ਼ਰੀਕਾ ਇਸ ਸਮੇਂ ਇਸ ਪ੍ਰਭਾਵਸ਼ਾਲੀ ਗਰੁੱਪ ਦਾ ਪ੍ਰਧਾਨ ਹੈ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ 20 ਅਤੇ 21 ਫ਼ਰਵਰੀ 2025 ਨੂੰ ਦਖਣੀ ਅਫ਼ਰੀਕਾ ਦੇ ਅੰਤਰਰਾਸ਼ਟਰੀ ਸਬੰਧਾਂ ਅਤੇ ਸਹਿਕਾਰਤਾ ਮੰਤਰੀ ਰੋਨਾਲਡ ਲਾਮੋਲਾ ਦੇ ਸੱਦੇ ’ਤੇ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ (ਐਫ਼ਐਮਐਮ) ਵਿਚ ਸ਼ਾਮਲ ਹੋਣ ਲਈ ਜੋਹਾਨਸਬਰਗ, ਦਖਣੀ ਅਫ਼ਰੀਕਾ ਦਾ ਦੌਰਾ ਕਰਨਗੇ।’’
ਐਫ਼ਐਮਐਮ ਵਿਚ ਮੰਤਰੀ ਦੀ ਭਾਗੀਦਾਰੀ ਜੀ20 ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ‘ਮਜ਼ਬੂਤ’ ਕਰੇਗੀ ਅਤੇ ਇਸ ਮਹੱਤਵਪੂਰਨ ਫੋਰਮ ’ਤੇ ‘‘ਗਲੋਬਲ ਸਾਊਥ ਦੀ ਆਵਾਜ਼ ਨੂੰ ਮਜ਼ਬੂਤ’’ ਕਰੇਗੀ। ‘ਗਲੋਬਲ ਸਾਊਥ’ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਆਰਥਕ ਤੌਰ ’ਤੇ ਘੱਟ ਵਿਕਸਤ ਦੇਸ਼ਾਂ ਲਈ ਕੀਤੀ ਜਾਂਦੀ ਹੈ।