
ਆਰਜੇਡੀ ਦੀ 'ਭਾਜਪਾ ਭਜਾਉ, ਦੇਸ਼ ਬਚਾਉ' ਰੈਲੀ ਵਿਚ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਦੇ ਨਾਲ ਨਾਲ ਨਿਤੀਸ਼ ਕੁਮਾਰ ਨੂੰ ਵੀ ਰਗੜੇ ਲਾਏ।
ਪਟਨਾ, 27 ਅਗੱਸਤ : ਆਰਜੇਡੀ ਦੀ 'ਭਾਜਪਾ ਭਜਾਉ, ਦੇਸ਼ ਬਚਾਉ' ਰੈਲੀ ਵਿਚ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਦੇ ਨਾਲ ਨਾਲ ਨਿਤੀਸ਼ ਕੁਮਾਰ ਨੂੰ ਵੀ ਰਗੜੇ ਲਾਏ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਪਲਟੂ ਮਾਫ਼ੀਆ ਹੈ। ਇਸ ਵਾਰ ਦੀ ਉਸ ਦੀ ਪਲਟੀ ਆਖ਼ਰੀ ਸਾਬਤ ਹੋਵੇਗੀ।
ਭਾਜਪਾ ਵਿਰੁਧ ਵਿਰੋਧੀ ਧਿਰ ਦੀ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਸੀਨੀਅਰ ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ, ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਸ਼ਰਦ ਯਾਦਵ ਸਮੇਤ ਕਈ ਵੱਡੇ ਨੇਤਾ ਲਾਲੂ ਦੀ ਰੈਲੀ ਵਿਚ ਪਹੁੰਚੇ। ਸ਼ਰਦ ਯਾਦਵ ਅਪਣੀ ਪਾਰਟੀ ਜੇਡੀਯੂ ਦੇ ਹੁਕਮ ਦੀ ਉਲੰਘਣਾ ਕਰ ਕੇ ਰੈਲੀ ਵਿਚ ਸ਼ਾਮਲ ਹੋਏ। ਸ਼ਰਦ ਯਾਦਵ ਨਾਲ ਰਾਜ ਸਭਾ ਮੈਂਬਰ ਅਲੀ ਅਨਵਰ ਵੀ ਸਨ। ਜੇਡੀਯੂ ਨੇਤਾ ਕੇ ਸੀ ਤਿਆਗੀ ਨੇ ਚਿੱਠੀ ਲਿਖ ਕੇ ਸ਼ਰਦ ਯਾਦਵ ਨੂੰ ਰੈਲੀ ਤੋਂ ਦੂਰ ਰਹਿਣ ਲਈ ਕਿਹਾ ਸੀ। ਮੰਚ 'ਤੇ ਸੀਪੀਆਈ ਦੇ ਜਨਰਲ ਸਕੱਤਰ ਐਸ ਸੁਧਾਕਰ ਰੈਡੀ ਅਤੇ ਸਕੱਤਰ ਡੀ ਰਾਜਾ ਵੀ ਮੌਜੂਦ ਸਨ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ, ਬਾਬੂਲਾਲ ਮਰਾਂਡੀ ਵੀ ਰੈਲੀ ਵਿਚ ਸਨ। ਰੈਲੀ ਵਿਚ ਲਾਲੂ ਪ੍ਰਸਾਦ, ਉਸ ਦੀ ਪਤਨੀ ਰਾਬੜੀ ਦੇਵੀ, ਬੇਟੇ ਤੇਜੱਸਵੀ ਅਤੇ ਤੇਜ ਪ੍ਰਤਾਪ, ਬੇਟੀ ਮੀਸਾ ਵੀ ਮੌਜੂਦ ਸਨ।
ਰੈਲੀ ਵਿਚ ਭਾਰੀ ਗਿਣਤੀ ਵਿਚ ਲੋਕ ਪਹੁੰਚੇ। ਬੁਲਾਰਿਆਂ ਨੇ ਮਹਾਂਗਠਜੋੜ ਤੋੜਨ ਅਤੇ ਰਾਜ ਵਿਚ ਭਾਜਪਾ ਨਾਲ ਮਿਲ ਕੇ ਨਵੀਂ ਸਰਕਾਰ ਬਣਾਉਣ ਲਈ ਨਿਤੀਸ਼ ਕੁਮਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਤੇਜੱਸਵੀ ਯਾਦਵ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਬਿਹਾਰ ਦਾ ਅਗਲਾ ਨੇਤਾ ਦਸਿਆ। ਗਾਂਧੀ ਮੈਦਾਨ ਵਿਚ ਹੋਈ ਇਸ ਰੈਲੀ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਸਨ। 64 ਸੀਸੀਟੀਵੀ ਕੈਮਰੇ ਲਾਏ ਗਏ ਸਨ।
ਲਾਲੂ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਲੋਕਾਂ ਦੀ ਪਿੱਠ ਵਿਚ ਲੱਤ ਮਾਰੀ ਹੈ। ਲਾਲੂ ਨੇ ਕਿਹਾ ਕਿ ਜਨਤਾ ਦੀ ਸ਼ਕਤੀ ਅਪਾਰ ਹੈ, ਭਾਜਪਾ ਵਾਲਿਆਂ ਨੂੰ ਅੱਜ ਦੀ ਰੈਲੀ ਵੇਖ ਕੇ ਪਤਾ ਲੱਗ ਗਿਆ ਹੋਵੇਗਾ। ਫ਼ਾਸ਼ੀਵਾਦੀ ਅਤੇ ਫ਼ਿਰਕੂ ਤਾਕਤਾਂ ਨੂੰ ਦਿੱਲੀ ਦੀ ਗੱਦੀ ਤੋਂ ਹਟਾਉਣਾ ਹੈ। ਲਾਲੂ ਨੇ ਕਿਹਾ ਕਿ ਜਦ ਮਹਾਂਗਠਜੋੜ ਕੀਤਾ ਗਿਆ ਸੀ ਤਾਂ ਸੱਭ ਜਾਣਦੇ ਸੀ ਕਿ ਨਿਤੀਸ਼ ਕੁਮਾਰ ਬੰਦਾ ਠੀਕ ਨਹੀਂ ਹੈ। ਨਿਤੀਸ਼ ਅੱਜ ਇਹ ਕਹਿੰਦਾ ਹੈ ਕਿ ਲਾਲੂ ਯਾਦਵ ਨੂੰ ਅਸੀਂ ਬਣਾਇਆ। ਉਨ੍ਹਾਂ ਕਿਹਾ ਕਿ ਨਿਤੀਸ਼ ਦੀ ਕੋਈ ਸੋਚ ਅਤੇ ਸਿਧਾਂਤ ਨਹੀਂ ਹੈ। ਰੈਲੀ ਵਿਚ ਪਹੁੰਚੇ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ਮਹਾਂਗਠਜੋੜ ਦਾ ਨੇਤਾ ਐਲਾਨ ਦਿਤਾ ਜਾਵੇ ਤਾਂ ਮੈਂ ਕਿਹਾ ਕਿ ਤੁਸੀਂ ਹੀ ਐਲਾਨ ਕਰ ਦਿਉ। ਲਾਲੂ ਨੇ ਕਿਹਾ, 'ਗ਼ਰੀਬਾਂ ਨੇ ਮੇਰਾ ਚਿਹਰਾ ਵੇਖ ਕੇ ਵੋਟ ਪਾਈ। ਅਸੀਂ ਨਿਤੀਸ਼ ਨੂੰ ਮੁੱਖ ਮੰਤਰੀ ਬਣਾਇਆ। ਲਾਲੂ ਨੇ ਕਿਹਾ ਕਿ ਕੰਮ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਤੇਜੱਸਵੀ ਯਾਦਵ ਅਤੇ ਤੇਜਪ੍ਰਤਾਪ ਨੂੰ ਕਿਹਾ ਕਿ ਕੋਈ ਗ਼ਲਤ ਕੰਮ ਨਾ ਹੋਵੇ, ਇਸ ਦਾ ਧਿਆਨ ਰਖਣਾ। ਤੇਜੱਸਵੀ ਕਾਰਨ ਹੀ ਜੇਪੀ ਸੇਤੂ ਸਮੇਂ 'ਤੇ ਬਣ ਸਕਿਆ ਪਰ ਨਿਤੀਸ਼ ਤੇਜੱਸਵੀ ਤੋਂ ਸੜਦਾ ਸੀ। (ਏਜੰਸੀ)