
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੌਦਾ ਸਾਧ ਕੇਸ ਕਾਰਨ ਫੈਲੀ ਹਿੰਸਾ ਨੂੰ ਵੇਖਦਿਆਂ ਉੱਤਰ ਭਾਰਤ ਖ਼ਾਸਕਰ ਹਰਿਆਣਾ ਅਤੇ ਪੰਜਾਬ ਵਿਚ ਕਾਨੂੰਨ ਤੇ ਪ੍ਰਬੰਧ ਅਤੇ ਸੁਰੱਖਿਆ..
ਨਵੀਂ ਦਿੱਲੀ, 26 ਅਗੱਸਤ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੌਦਾ ਸਾਧ ਕੇਸ ਕਾਰਨ ਫੈਲੀ ਹਿੰਸਾ ਨੂੰ ਵੇਖਦਿਆਂ ਉੱਤਰ ਭਾਰਤ ਖ਼ਾਸਕਰ ਹਰਿਆਣਾ ਅਤੇ ਪੰਜਾਬ ਵਿਚ ਕਾਨੂੰਨ ਤੇ ਪ੍ਰਬੰਧ ਅਤੇ ਸੁਰੱਖਿਆ ਦੇ ਹਾਲਾਤ ਦਾ ਜਾਇਜ਼ਾ ਲਿਆ।
ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਂਰਿਸ਼ੀ ਅਤੇ ਖ਼ੁਫ਼ੀਆ ਬਿਊਰੋ ਦੇ ਮੁਖੀ ਰਾਜੀਵ ਜੈਨ ਸਮੇਤ ਅਧਿਕਾਰੀਆਂ ਨੇ ਹਰਿਆਣਾ, ਪੰਜਾਬ, ਚੰਡੀਗੜ੍ਹ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਸਥਿਤੀ ਦਾ ਪੂਰਾ ਵੇਰਵਾ ਪੇਸ਼ ਕੀਤਾ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਅਰਧ ਸੈਨਿਕ ਫ਼ੌਜਾਂ ਦੇ ਮੁਖੀ ਵੀ ਇਸ ਮੀਟਿੰਗ ਵਿਚ ਹਾਜ਼ਰ ਸਨ। ਪੂਰੇ ਮਾਮਲੇ ਤੋਂ ਜਾਣੂੰ ਅਧਿਕਾਰੀ ਨੇ ਦਸਿਆ ਕਿ ਗ੍ਰਹਿ ਮੰਤਰੀ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸ਼ਾਂਤੀ ਸਥਾਪਤ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿਤੀ ਗਈ ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਇਆ ਗਿਆ ਕਿ ਪੰਚਕੂਲਾ ਅਤੇ ਸਿਰਸਾ ਵਿਚ ਹਾਲਾਤ ਬੇਹੱਦ ਤਣਾਅਪੂਰਨ ਹਨ ਜਦਕਿ ਹੋਰਨਾਂ ਰਾਜਾਂ ਵਿਚ ਸਥਿਤੀ ਕਾਬੂ ਹੇਠ ਹੈ।
ਗ੍ਰਹਿ ਮੰਤਰਾਲੇ ਨੇ ਦਸਿਆ ਕਿ ਬਲਾਤਕਾਰ ਦੇ ਮਾਮਲੇ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਭੜਕੀ ਹਿੰਸਾ ਵਿਚ 31 ਮੌਤਾਂ ਹੋ ਗਈਆਂ।
ਇਕ ਅਧਿਕਾਰੀ ਨੇ ਦਸਿਆ ਕਿ ਹਿੰਸਾ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਵਿਚ ਕਈ ਥਾਵਾਂ 'ਤੇ ਕਰਫ਼ੀਊ ਲਾਇਆ ਗਿਆ ਹੈ ਜਦਕਿ ਉੱਤਰ ਪ੍ਰਦੇਸ਼ ਦੇ ਨੌ ਜ਼ਿਲ੍ਹਿਆਂ, ਦਿੱਲੀ ਦੇ ਦੋ ਅਤੇ ਰਾਜਸਥਾਨ ਦੇ ਇਕ ਜ਼ਿਲ੍ਹੇ ਵਿਚ ਹਿੰਸਾ ਤੋਂ ਬਾਅਦ ਧਾਰਾ 144 ਲਗਾਈ ਗਈ ਹੈ। ਹਰਿਆਣਾ ਤੋਂ ਇਲਾਵਾ ਪੰਜਾਬ, ਦਿੱਲੀ, ਰਾਜਸਥਾਨ ਵਿਚ ਹਿੰਸਾ ਦੀਆਂ ਛੋਟੀਆਂ ਘਟਨਾਵਾਂ ਦੀ ਰੀਪੋਰਟ ਦਿਤੀ ਗਈ ਸੀ।
ਪੁਲਿਸ ਨੇ ਸ਼ਾਂਤੀ ਭੰਗ ਕਰਨ ਦੀ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਪੂਰੇ ਸੁਰੱਖਿਆ ਇੰਤਜਾਮ ਕੀਤੇ ਹਨ। ਕਾਨੂੰਨ ਵਿਵਸਥਾ ਨੂੰ ਕਾਇਮ ਰਖਣ ਲਈ ਸਥਾਨਕ ਪੁਲਿਸ ਦੀ ਮਦਦ ਲਈ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿਚ ਘੱਟ ਤੋਂ ਘੱਟ 20 ਹਜ਼ਾਰ ਅਰਧ ਸੈਨਿਕਾਂ ਦੀ ਤਾਇਨਾਤੀ ਕੀਤੀ ਗਈ ਹੈ। (ਪੀ.ਟੀ.ਆਈ.)