
ਸਿਰਸੇ ਵਾਲੇ ਸੌਦਾ ਸਾਧ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਦੋਸ਼ ਆਇਦ ਕਰਨ ਅਤੇ ਦੋਸ਼ੀ ਕਰਾਰ ਦਿਤੇ ਜਾਣ ਨਾਲ ਜਿਥੇ ਅਖੌਤੀ ਡੇਰਾਵਾਦ ਤੋਂ ਪੀੜਤ ਸੈਂਕੜੇ...
ਮਾਲੇਰਕੋਟਲਾ, 25 ਅਗੱਸਤ (ਬਲਵਿੰਦਰ ਸਿੰਘ ਭੁੱਲਰ): ਸਿਰਸੇ ਵਾਲੇ ਸੌਦਾ ਸਾਧ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਦੋਸ਼ ਆਇਦ ਕਰਨ ਅਤੇ ਦੋਸ਼ੀ ਕਰਾਰ ਦਿਤੇ ਜਾਣ ਨਾਲ ਜਿਥੇ ਅਖੌਤੀ ਡੇਰਾਵਾਦ ਤੋਂ ਪੀੜਤ ਸੈਂਕੜੇ ਪਰਵਾਰਾਂ ਦੇ ਤਪਦੇ ਹਿਰਦੇ ਅਤੇ ਸੁਲਗਦੇ ਅਰਮਾਨ ਠੰਢੇ ਠਾਰ ਹੋਏ ਹਨ ਉਥੇ ਲੱਖਾਂ ਭਾਰਤੀ ਲੋਕਾਂ ਦਾ ਇਸ ਦੀਆਂ ਅਦਾਲਤਾਂ ਦੀ ਕਾਰਗੁਜ਼ਾਰੀ, ਉਸ ਦੇ ਜੱਜਾਂ ਅਤੇ ਇਨਸਾਫ਼ ਦੇ ਮੰਦਰਾਂ ਵਿਚ ਭਰੋਸਾ ਹੋਰ ਵਧਿਆ ਹੈ | ਸਿਰਸਾ ਡੇਰੇ ਵਿਚ ਸੇਵਾ ਕਰਦੀਆਂ ਨੌਜਵਾਨ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਇਸ ਅਦਾਲਤੀ ਕੇਸ ਵਿਚ ਨਿਆਂ ਪ੍ਰਣਾਲੀ ਦੀ ਸਮੁੱਚੀ ਪ੍ਰਕਿਰਿਆ ਨੂੰ ਅਪਣੇ ਵਿਸ਼ਾਲ ਵੋਟ ਭੰਡਾਰ ਦੇ ਰਾਜਨੀਤਕ ਪ੍ਰਭਾਵ, ਪੈਸੇ ਦੇ ਜ਼ੋਰ ਅਤੇ ਡੇਰਾ ਸਿਰਸਾ ਵਲੋਂ ਸਮਾਜ ਸੇਵਾ ਵਰਗੇ ਪਾਖੰਡ ਅਤੇ ਆਡੰਬਰਾਂ ਦੀ ਆੜ ਵਿਚ ਜਿਸ ਢੰਗ ਨਾਲ ਲੁਕਾਇਆ, ਛਿਪਾਇਆ ਅਤੇ ਲਮਕਾਇਆ ਜਾਂਦਾ ਰਿਹਾ ਹੈ ਉਸ ਨੂੰ ਲੈ ਕੇ ਕਰੋੜਾਂ ਭਾਰਤੀ ਲੋਕਾਂ ਦਾ ਭਰੋਸਾ ਸਮੁੱਚੀ ਭਾਰਤੀ ਨਿਆਂ ਪ੍ਰਣਾਲੀ ਤੋਂ ਬਹੁਤ ਪੇਤਲਾ ਜਿਹਾ ਪੈਂਦਾ ਜਾ ਰਿਹਾ ਸੀ ਪਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁਧ ਸੀ.ਬੀ.ਆਈ. ਅਦਾਲਤ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਇਕੱਲੀ ਢਾਰਸ ਜਾਂ ਧੀਰਜ ਹੀ ਨਹੀਂ ਬਲਕਿ ਮਾਨਸਿਕ ਤਸੱਲੀ ਵੀ ਪ੍ਰਾਪਤ ਹੋਈ ਹੈ | ਜ਼ਿਕਰਯੋਗ ਹੈ ਕਿ ਸੌਦਾ ਸਾਧ ਦੇ ਸਮੁੱਚੇ ਕਾਲੇ ਕਾਰਨਾਮਿਆਂ ਦਾ ਪੂਰਾ ਚਿੱਠਾ ਸਪੋਕਸਮੈਨ ਅਖ਼ਬਾਰ ਨੇ ਪ੍ਰਮੁੱਖਤਾ ਨਾਲ ਉਠਾਇਆ ਸੀ ਅਤੇ ਉਨ੍ਹਾਂ ਖ਼ਬਰਾਂ ਨੂੰ ਆਧਾਰ ਬਣਾ ਕੇ ਇਸ ਦਾ ਨੋਟਿਸ ਵੀ ਲਿਆ ਗਿਆ ਸੀ | ਹੁਣ ਇਸ ਜਿਨਸੀ ਛੇੜਛਾੜ ਮਸਲੇ ਦੀ ਅਗਲੀ ਪੇਸ਼ੀ 28 ਅਗੱਸਤ 2017 ਨੂੰ ਹੈ ਜਿਸ ਦੌਰਾਨ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਵੇਗੀ |