
ਸੌਦਾ ਸਾਧ ਬਲਾਤਕਾਰ ਕੇਸ ਦੀ ਜਾਂਚ ਦਾ ਕੰਮ ਏਨਾ ਸੌਖਾ ਨਹੀਂ ਸੀ। ਜਾਂਚ ਦੇ ਰਾਹ ਵਿਚ ਸਮੇਂ ਸਮੇਂ 'ਤੇ ਅੜਿੱਕੇ ਡਾਹੇ ਜਾਂਦੇ ਰਹੇ..
ਨਵੀਂ ਦਿੱਲੀ, 26 ਅਗੱਸਤ : ਸੌਦਾ ਸਾਧ ਬਲਾਤਕਾਰ ਕੇਸ ਦੀ ਜਾਂਚ ਦਾ ਕੰਮ ਏਨਾ ਸੌਖਾ ਨਹੀਂ ਸੀ। ਜਾਂਚ ਦੇ ਰਾਹ ਵਿਚ ਸਮੇਂ ਸਮੇਂ 'ਤੇ ਅੜਿੱਕੇ ਡਾਹੇ ਜਾਂਦੇ ਰਹੇ। ਜਾਂਚਕਾਰਾਂ ਨੂੰ ਜਾਂਚ ਰੋਕਣ ਦੀਆਂ ਹਦਾਇਤਾਂ ਵੀ ਹੋਈਆਂ ਅਤੇ ਧਮਕੀਆਂ ਵੀ ਦਿਤੀਆਂ ਗਈਆਂ ਪਰ ਇਸ ਦੇ ਬਾਵਜੂਦ 'ਦਲੇਰ' ਜਾਂਚਕਾਰਾਂ ਨੇ ਜਾਂਚ ਨੂੰ ਨਿਰਪੱਖ ਢੰਗ ਨਾਲ ਸਿਰੇ ਚਾੜ੍ਹਿਆ।
ਸੀਬੀਆਈ ਦੇ ਸਾਬਕਾ ਜੁਆਇੰਟ ਡਾਇਰੈਕਟਰ ਮੁਲਿਨਜਾ ਨਾਰਾਇਣਨ ਨੂੰ ਜਾਂਚ ਦਾ ਕੰਮ ਸੌਂਪਿਆ ਗਿਆ ਸੀ। ਉਹ ਕਹਿੰਦੇ ਹਨ, 'ਇਹ ਉਤਰਾਅ-ਚੜ੍ਹਾਅ ਵਾਲੀ ਖੇਡ ਸੀ। ਕਦੇ ਅਸੀਂ ਜਿੱਤੇ ਅਤੇ ਕਦੇ ਹਾਰੇ ਪਰ ਅਖ਼ੀਰ ਵਿਚ ਹੋਏ ਫ਼ੈਸਲੇ ਨੇ ਵਿਖਾ ਦਿਤਾ ਹੈ ਕਿ ਕਾਨੂੰਨ ਤੋਂ ਕੋਈ ਨਹੀਂ ਬਚ ਸਕਦਾ।' ਨਾਰਾਇਣਨ ਦਿੱਲੀ ਵਿਚ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਸਨ ਜਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਤੰਬਰ 2002 ਵਿਚ ਸੀਬੀਆਈ ਨੂੰ ਕੇਸ ਦੇ ਦਿਤਾ। ਸੇਵਾਮੁਕਤ ਅਫ਼ਸਰ ਨੇ ਦਸਿਆ, 'ਇਹ ਕੇਸ 12 ਦਸੰਬਰ 2002 ਨੂੰ ਦਰਜ ਕੀਤਾ ਗਿਆ ਸੀ। ਇਕ ਦਿਨ ਅਚਾਨਕ ਸੀਬੀਆਈ ਦਾ ਸੀਨੀਅਰ ਅਧਿਕਾਰੀ ਮੇਰੇ ਕਮਰੇ ਵਿਚ ਆਇਆ ਤੇ ਮੈਨੂੰ ਨਿਰਦੇਸ਼ ਦੇਣ ਲੱਗਾ ਕਿ ਕੇਸ ਨੂੰ ਬੰਦ ਕੀਤਾ ਜਾਵੇ ਅਤੇ ਕੋਈ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ।'
ਨਾਰਾਇਣਨ ਨੇ ਕਿਹਾ ਕਿ ਉਸ ਦੀਆਂ ਇਨ੍ਹਾਂ ਗੱਲਾਂ ਤੋਂ ਮੈਂ ਅੰਦਾਜ਼ਾ ਲਾਇਆ ਕਿ ਇਸ ਕੇਸ 'ਚ ਸੱਭ ਅੱਛਾ ਨਹੀਂ ਹੈ, ਸੋ ਮੈਂ ਹਰ ਪੱਖ ਤੋਂ ਜਾਂਚ ਕਰਨ ਦਾ ਫ਼ੈਸਲਾ ਕੀਤਾ। ਬਾਅਦ ਵਿਚ ਕਈ ਸਿਆਸਤਦਾਨ ਅਤੇ ਉਦਯੋਗਪਤੀ ਸੀਬੀਆਈ ਦੇ ਮੁੱਖ ਦਫ਼ਤਰ ਵਿਚ ਆਏ ਅਤੇ ਕੇਸ ਬੰਦ ਕਰਨ ਲਈ ਕਾਫ਼ੀ ਦਬਾਅ ਪਾਇਆ ਪਰ ਨਿਆਪਾਲਿਕਾ ਦੀ ਬਦੌਲਤ ਅਸੀਂ ਜਾਂਚ ਮੁਕੰਮਲ ਕਰਨ ਵਿਚ ਕਾਮਯਾਬ ਹੋ ਗਏ।' ਨਾਰਾਇਣਨ ਸੀਬੀਆਈ ਦਾ ਪਹਿਲਾ ਅਧਿਕਾਰੀ ਸੀ ਜਿਹੜਾ ਸਬ ਇੰਸਪੈਕਟਰ ਤੋਂ ਜੁਆਇੰਟ ਡਾਇਰੈਕਟਰ ਬਣਿਆ। ਉਨ੍ਹਾਂ ਕੇਸ ਦੀ ਜਾਂਚ ਵਿਚ ਆਈਆਂ ਮੁਸ਼ਕਲਾਂ ਬਾਰੇ ਵੀ ਦਸਿਆ। ਉਹ ਕਹਿੰਦੇ ਹਨ, 'ਜਿਹੜੀ ਕੁੜੀ ਦਾ ਜਿਮਸਾਨੀ ਸ਼ੋਸ਼ਣ ਹੋਇਆ ਸੀ, ਉਹ 1999 ਵਿਚ ਡੇਰਾ ਛੱਡ ਗਈ ਸੀ ਅਤੇ ਉਸ ਨੇ ਵਿਆਹ ਕਰਵਾ ਲਿਆ ਸੀ। ਇੰਜ ਉਸ ਨੂੰ ਤੇ ਉਸ ਦੇ ਪਰਵਾਰ ਵਾਲਿਆਂ ਨੂੰ ਮਨਾਉਣਾ ਬਹੁਤਾ ਔਖਾ ਸੀ। ਮੈਂ ਉਸ ਲਈ ਪਿਉ ਦਾ ਰੋਲ ਅਦਾ ਕੀਤਾ ਅਤੇ ਉਸ ਨੂੰ ਬਿਆਨ ਦੇਣ ਲਈ ਰਾਜ਼ੀ ਕੀਤਾ। ਇੰਜ ਮੈਂ ਮੈਜਿਸਟਰੇਟ ਸਾਹਮਣੇ ਉਸ ਦਾ ਬਿਆਨ ਰੀਕਾਰਡ ਕਰਵਾਇਆ।' (ਪੀਟੀਆਈ)