
ਚੰਡੀਗੜ੍ਹ, 25 ਅਗੱਸਤ : ਸੌਦਾ ਸਾਧ ਵਿਵਾਦਾਂ ਦਾ ਦੂਜਾ ਨਾਮ ਹੈ। ਅੱਜ ਉਸ ਨੂੰ ਦੋ ਕੁੜੀਆਂ ਦੇ ਜਿਸਮਾਨੀ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ।
ਚੰਡੀਗੜ੍ਹ, 25 ਅਗੱਸਤ : ਸੌਦਾ ਸਾਧ ਵਿਵਾਦਾਂ ਦਾ ਦੂਜਾ ਨਾਮ ਹੈ। ਅੱਜ ਉਸ ਨੂੰ ਦੋ ਕੁੜੀਆਂ ਦੇ ਜਿਸਮਾਨੀ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਪਰ ਇਹ ਇਕੋ ਇਕ ਮਾਮਲਾ ਨਹੀਂ ਹੈ ਜਿਸ ਕਾਰਨ ਉਹ ਵਿਵਾਦਾਂ ਵਿਚ ਰਿਹਾ ਹੈ। ਅਤੀਤ ਵਿਚ ਉਸ ਵਿਰੁਧ ਕਈ ਹਤਿਆਵਾਂ ਅਤੇ ਅਪਣੇ ਚੇਲਿਆਂ ਨੂੰ ਜਬਰੀ ਨਪੁੰਸਕ ਬਣਾਉਣ ਦਾ ਵੀ ਦੋਸ਼ ਹੈ।
ਪਹਿਲਾ ਕੇਸ 2002 ਵਿਚ ਉਦੋਂ ਸਾਹਮਣੇ ਆਇਆ ਸੀ ਜਦ ਡੇਰਾ ਦੀਆਂ ਦੋ ਸਾਧਵੀਆਂ ਨੇ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਦੋ ਗੁਮਨਾਮ ਚਿੱਠੀਆਂ ਲਿਖੀਆਂ ਸਨ ਜਿਨ੍ਹਾਂ ਵਿਚੋਂ ਸੌਦਾ ਸਾਧ 'ਤੇ ਬਲਾਤਕਾਰ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚ ਗਿਆ ਤੇ 24 ਸਤੰਬਰ 2002 ਨੂੰ ਸੀਬੀਆਈ ਜਾਂਚ ਦੇ ਹੁਕਮ ਦੇ ਦਿਤੇ ਗਏ।
ਸੌਦਾ ਸਾਧ ਵਿਰੁਧ ਦੋ ਹੋਰ ਗੰਭੀਰ ਦੋਸ਼ ਵੀ ਹਨ। ਉਸ ਉਤੇ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦਾ ਵੀ ਦੋਸ਼ ਹੈ। ਇਹ ਪੱਤਰਕਾਰ ਅਪਣੇ ਸਥਾਨਕ ਅਖ਼ਬਾਰ 'ਪੂਰਾ ਸੱਚ' ਵਿਚ ਡੇਰੇ ਦੀਆਂ ਸਰਗਰਮੀਆਂ ਬਾਰੇ ਲਿਖਦਾ ਸੀ। ਛਤਰਪਤੀ ਨੂੰ 24 ਅਕਤੂਬਰ 2001 ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿਤਾ ਗਿਆ ਸੀ ਤੇ 21 ਨਵੰਬਰ ਨੂੰ ਉਸ ਦੀ ਮੌਤ ਹੋ ਗਈ ਸੀ। ਸੌਦਾ ਸਾਧ 'ਤੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਦਾ ਵੀ ਦੋਸ਼ ਹੈ। ਉਸ ਨੂੰ ਜੁਲਾਈ 2002 ਵਿਚ ਕਤਲ ਕੀਤਾ ਗਿਆ ਸੀ। ਪਿਛਲੇ ਸਾਲ ਸੀਬਆਈ ਅਦਾਲਤ ਨੇ ਇਸ ਮਾਮਲੇ ਵਿਚ ਆਖ਼ਰੀ ਹੁਕਮ ਸੁਣਾਉਣਾ ਸੀ ਪਰ ਸੌਦਾ ਸਾਧ ਹਾਈ ਕੋਰਟ ਕੋਲੋਂ ਆਖ਼ਰੀ ਹੁਕਮ ਉਤੇ ਰੋਕ ਲਵਾਉਣ ਵਿਚ ਕਾਮਯਾਬ ਹੋ ਗਿਆ।
2007 ਵਿਚ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚ ਕੇ ਸਿੱਖਾਂ ਦੀ ਨਾਰਾਜ਼ਗੀ ਮੁਲ ਲੈ ਲਈ। ਦੇਸ਼-ਦੁਨੀਆਂ ਵਿਚ ਉਸ ਵਿਰੁਧ ਜ਼ਬਰਦਸਤ ਰੋਹ ਪੈਦਾ ਗਿਆ। (ਏਜੰਸੀ)
ਸਿੱਖਾਂ ਅਤੇ ਸੌਦਾ ਸਾਧ ਦੇ ਚੇਲਿਆਂ ਵਿਚਕਾਰ ਕਈ ਥਾਈਂ ਝੜਪਾਂ ਵੀ ਹੋਈਆਂ। ਬਠਿੰਡਾ ਵਿਚ ਸੱਭ ਤੋਂ ਤਿੱਖੇ ਪ੍ਰਦਰਸ਼ਨ ਹੋਏ ਜਿਥੇ ਤਿੰਨ ਜਣੇ ਮਾਰੇ ਗਏ। ਪੂਰੇ 10 ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕਰਫ਼ੀਊ ਲੱਗਾ ਰਿਹਾ।