
ਜਲਪਾਏਗੁੜੀ ਜ਼ਿਲ੍ਹੇ ਦੇ ਪਿੰਡ ਵਿਚ ਕੁੱਝ ਬੰਦਿਆਂ ਨੇ ਅੱਜ ਤੜਕੇ ਗਾਂ ਚੋਰੀ ਦੇ ਸ਼ੱਕ 'ਚ ਦੋ ਜਣਿਆਂ ਦੀ ਕੁੱਟ ਕੁੱਟ ਕੇ ਹਤਿਆ ਕਰ ਦਿਤੀ।
ਕਲੱਕਤਾ, 27 ਅਗੱਸਤ : ਜਲਪਾਏਗੁੜੀ ਜ਼ਿਲ੍ਹੇ ਦੇ ਪਿੰਡ ਵਿਚ ਕੁੱਝ ਬੰਦਿਆਂ ਨੇ ਅੱਜ ਤੜਕੇ ਗਾਂ ਚੋਰੀ ਦੇ ਸ਼ੱਕ 'ਚ ਦੋ ਜਣਿਆਂ ਦੀ ਕੁੱਟ ਕੁੱਟ ਕੇ ਹਤਿਆ ਕਰ ਦਿਤੀ। ਇਕ ਬੰਦਾ ਆਸਾਮ ਅਤੇ ਦੂਜਾ ਪਛਮੀ ਬੰਗਾਲ ਦਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਸਥਾਨਕ ਲੋਕਾਂ ਨੇ ਦਸਿਆ ਕਿ ਦੋਵੇਂ ਜਣੇ ਰਾਤ ਨੂੰ ਪਿਕਅੱਪ ਵੈਨ ਵਿਚ ਪਿੰਡ ਵਿਚੋਂ ਲੰਘ ਰਹੇ ਸਨ ਅਤੇ ਵੈਨ ਵਿਚ ਸੱਤ ਗਊਆਂ ਸਨ।
ਸ਼ਾਇਦ ਰਸਤਾ ਭੁੱਲ ਜਾਣ ਕਾਰਨ ਉਹ ਪਿੰਡ ਦਾ ਗੇੜਾ ਕਢਦੇ ਰਹੇ ਅਤੇ ਫਿਰ ਵੈਨ ਦੀ ਆਵਾਜ਼ ਕਾਰਨ ਪਿੰਡ ਵਾਲਿਆਂ ਦੀ ਨੀਂਦ ਖੁਲ੍ਹ ਗਈ। ਪਿੰਡ ਵਾਲਿਆਂ ਨੇ ਜਦ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜਣ ਲੱਗੇ ਪਰ ਸੜਕ 'ਤੇ ਰੋਕਾਂ ਲਾ ਕੇ ਉਨ੍ਹਾਂ ਨੂੰ ਫੜ ਲਿਆ ਗਿਆ। ਵੈਨ ਦਾ ਡਰਾਈਵਰ ਫ਼ਰਾਰ ਹੋ ਗਿਆ ਪਰ ਵੈਨ ਵਿਚ ਸਵਾਰ ਦੋ ਜਣਿਆਂ ਨੂੰ ਫੜ ਲਿਆ ਗਿਆ। ਪਿੰਡ ਵਾਲਿਆਂ ਨੇ ਉਨ੍ਹਾਂ ਦਾ ਕਾਫ਼ੀ ਕੁਟਾਪਾ ਕੀਤਾ ਅਤੇ ਵੈਨ ਵੀ ਤੋੜ ਦਿਤੀ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਉਥੇ ਉਨ੍ਹਾਂ ਨੇ ਦਮ ਤੋੜ ਦਿਤਾ। ਪੁਲਿਸ ਨੇ ਗਊਆਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਦੋਹਾਂ ਮ੍ਰਿਤਕਾਂ ਦੀ ਉਮਰ 19 ਸਾਲ ਸੀ। ਪੁਲਿਸ ਨੇ ਕਿਹਾ ਕਿ ਫ਼ਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਗਊ ਚੋਰ ਸਨ ਜਾਂ ਪਸ਼ੂਆਂ ਦੇ ਵਪਾਰੀ? (ਏਜੰਸੀ)