
ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ ਸੌਦਾ ਸਾਧ ਦਾ 'ਜ਼ੈਡ ਪਲੱਸ' ਸੁਰੱਖਿਆ ਘੇਰਾ ਵਾਪਸ ਲੈ ਲਿਆ ਗਿਆ ਹੈ।
ਚੰਡੀਗੜ੍ਹ, 26 ਅਗੱਸਤ : ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ ਸੌਦਾ ਸਾਧ ਦਾ 'ਜ਼ੈਡ ਪਲੱਸ' ਸੁਰੱਖਿਆ ਘੇਰਾ ਵਾਪਸ ਲੈ ਲਿਆ ਗਿਆ ਹੈ। ਹਰਿਆਣਾ ਦੇ ਮੁੱਖ ਸਕੱਤਰ ਡੀ ਐਸ ਢੇਸੀ ਨੇ ਅੱਜ ਇਥੇ ਇਹ ਜਾਣਕਾਰੀ ਦਿਤੀ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਰੋਹਤਕ ਦੀ ਜੇਲ ਵਿਚ ਡੇਰਾ ਮੁਖੀ ਨੂੰ ਕਿਸੇ ਤਰ੍ਹਾਂ ਦੀ ਖ਼ਾਸ ਸਹੂਲਤ ਦਿਤੀ ਜਾ ਰਹੀ ਹੈ।
ਸੌਦਾ ਸਾਧ ਨੂੰ ਕਲ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 15 ਸਾਲ ਪੁਰਾਣੇ ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਹੈ। ਢੇਸੀ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਸੌਦਾ ਸਾਧ ਨੂੰ ਕਲ ਗ੍ਰਿਫ਼ਤਾਰ ਕੀਤੇ ਜਾਣ ਦੇ ਨਾਲ ਹੀ ਉਸ ਦੀ ਜ਼ੈਡ ਪਲੱਸ ਸੁਰੱਖਿਆ ਵਾਪਸ ਲੈ ਗਈ ਹੈ। ਉਨ੍ਹਾਂ ਕਿਹਾ, 'ਉਸ ਨਾਲ ਆਮ ਕੈਦੀ ਜਿਹਾ ਸਲੂਕ ਕੀਤਾ ਜਾ ਰਿਹਾ ਹੈ। ਪਹਿਲਾਂ ਖ਼ਬਰਾਂ ਆਈਆਂ ਸਨ ਕਿ ਉਸ ਨੂੰ ਏਸੀ ਲੱਗੇ ਕਮਰੇ ਵਿਚ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਖਾਣਾ ਵੀ ਉਹੀ ਦਿਤਾ ਜਾ ਰਿਹਾ ਹੈ ਜਿਹੜਾ ਦੂਜੇ ਕੈਦੀਆਂ ਨੂੰ ਮਿਲਦਾ ਹੈ। ਸੌਦਾ ਸਾਧ ਕਲ ਪੁਲਿਸ ਮੁਲਾਜ਼ਮਾਂ ਅਤੇ ਅਪਣੇ ਨਿਜੀ ਕਮਾਂਡੋਜ਼ ਦੇ ਸੁਰੱਖਿਆ ਘੇਰੇ ਵਿਚ ਆਇਆ ਸੀ। ਇਸ ਵੇਲੇ ਉਹ ਰੋਹਤਕ ਦੇ ਸੁਨਾਰੀਆ ਦੀ ਜੇਲ ਵਿਚ ਬੰਦ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀ ਕੇ ਪੀ ਸਿੰਘ ਨੇ ਵੀ ਸੌਦਾ ਸਾਧ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦੀ ਗੱਲ ਤੋਂ ਇਨਕਾਰ ਕੀਤਾ ਸੀ। (ਏਜੰਸੀ)