
40 ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖ਼ਦਸ਼ਾ
ਕਰਨਾਟਕ : ਧਾਰਵਾੜ 'ਚ ਇਕ ਨਿਰਮਾਣ ਅਧੀਨ ਇਮਾਰਤ ਡਿੱਗਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 6 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। 40 ਤੋਂ ਵੱਧ ਲੋਕਾਂ ਦੇ ਮਲਬੇ 'ਚ ਫਸੇ ਹੋਣ ਦਾ ਖ਼ਦਸ਼ਾ ਹੈ। ਕਰਨਾਟਕ ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਧਾਰਵਾੜ ਦੇ ਕੁਮਾਰੇਸ਼ਵਰ ਨਗਰ 'ਚ ਹੋਏ ਹਾਦਸੇ ਵਿੱਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਜਿਹੜੀ ਥਾਂ 'ਤੇ ਹਾਦਸਾ ਵਾਪਰਿਆ ਉੱਥੋਂ ਬੰਗਲੁਰੂ 700 ਕਿਲੋਮੀਟਰ ਦੂਰ ਹੈ। ਹੁਣ ਤਕ 10 ਐਂਬੁਲੈਂਸਾਂ ਅਤੇ ਅੱਧੀ ਦਰਜਨ ਦਮਕਲ ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ। 15 ਮਜ਼ਦੂਰਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ 2 ਸਾਲ ਤੋਂ ਇੱਥੇ ਕੰਮ ਚੱਲ ਰਿਹਾ ਸੀ। ਜਿਸ ਸਮੇਂ ਹਾਦਸਾ ਵਾਪਰਿਆ ਉਦੋਂ ਤੀਜੀ ਮੰਜ਼ਲ 'ਤੇ ਕੰਮ ਚੱਲ ਰਿਹਾ ਸੀ। ਪਹਿਲੀ ਦੋ ਮੰਜ਼ਲਾਂ 'ਤੇ ਲਗਭਗ 150 ਦੁਕਾਨਾਂ ਬਣੀਆਂ ਹੋਈਆਂ ਸਨ। ਕੁਝ ਰਿਪੋਰਟਾਂ ਮੁਤਾਬਕ ਜਿਸ ਸਮੇਂ ਹਾਦਸਾ ਵਾਪਰਿਆ ਉਦੋਂ ਲਗਭਗ 150 ਲੋਕ ਦੁਕਾਨਾਂ ਅੰਦਰ ਮੌਜੂਦ ਸਨ।