
‘ਰੋਡ ਨਹੀਂ ਤਾਂ ਵੋਟ ਨਹੀਂ’ ਦੇ ਬੈਨਰ ਲੱਗੇ, ਪਿੰਡ ਦੇ ਲੋਕ ਅਪਣੇ ਬੱਚਿਆਂ ਦੇ ਵਿਆਹ ਕਿਸੇ ਹੋਰ ਥਾਂ ’ਤੇ ਕਰਵਾਉਣ ਲਈ ਮਜਬੂਰ
ਅਮੇਠੀ (ਉੱਤਰ ਪ੍ਰਦੇਸ਼): ਅਮੇਠੀ ਜ਼ਿਲ੍ਹੇ ਦੀ ਗੌਰੀਗੰਜ ਤਹਿਸੀਲ ਦੇ ਇਕ ਪਿੰਡ ’ਚ ਸੜਕ ਦਾ ਨਿਰਮਾਣ ਨਾ ਹੋਣ ਤੋਂ ਨਾਰਾਜ਼ ਸਥਾਨਕ ਲੋਕਾਂ ਨੇ ਆਗਾਮੀ ਲੋਕ ਸਭਾ ਚੋਣਾਂ ’ਚ ਵੋਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਲੰਮੇ ਸਮੇਂ ਤੋਂ ਵੀ.ਵੀ.ਆਈ.ਪੀ. ਜ਼ਿਲ੍ਹਾ ਮੰਨੇ ਜਾਣ ਵਾਲੇ ਅਮੇਠੀ ਦੀ ਗੌਰੀਗੰਜ ਤਹਿਸੀਲ ਦੇ ਜਾਮੋ ਵਿਕਾਸ ਬਲਾਕ ਦੇ ਸਰਮੇ ਪੁਰਵਾ ਦੇ ਵਸਨੀਕਾਂ ਨੇ ਪਿੰਡ ਦੇ ਬਾਹਰ ਇਕ ਬੈਨਰ ਲਗਾਇਆ ਹੈ, ਜਿਸ ’ਤੇ ‘ਰੋਡ ਨਹੀਂ ਤਾਂ ਵੋਟ ਨਹੀਂ’ ਦੇ ਨਾਅਰੇ ਦੇ ਨਾਲ ‘ਨੇਤਾਉ ਸ਼ਰਮ ਕਰੋ। ਆਜ਼ਾਦੀ ਤੋਂ ਬਾਅਦ ਅਸੀਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਾਂ।’ ਲਿਖਿਆ ਹੋਇਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਮੱਸਿਆ ਦੇ ਹੱਲ ਲਈ ਸਾਰੇ ਯਤਨ ਕੀਤੇ ਜਾਣਗੇ। ਸਰਮੇ ਪੁਰਵਾ ਪਿੰਡ ਦੇ ਵਸਨੀਕ ਓਮ ਪ੍ਰਕਾਸ਼ ਓਝਾ ਨੇ ਮੰਗਲਵਾਰ ਨੂੰ ਪੀ.ਟੀ.ਆਈ. ਨੂੰ ਦਸਿਆ ਕਿ ਪਿੰਡ ਤਕ ਪਹੁੰਚਣ ਲਈ ਪੱਕੀ ਸੜਕ ਨਾ ਹੋਣ ਕਾਰਨ ਇਹ ਬਹੁਤ ਮੁਸ਼ਕਲ ਹੈ ਅਤੇ ਬਰਸਾਤ ਦੇ ਮੌਸਮ ’ਚ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ।
ਉਨ੍ਹਾਂ ਕਿਹਾ, ‘‘ਸਥਿਤੀ ਇਹ ਹੈ ਕਿ ਪਿੰਡ ਦੇ ਲੋਕ ਅਪਣੇ ਬੱਚਿਆਂ ਦੇ ਵਿਆਹ ਕਿਸੇ ਹੋਰ ਥਾਂ ’ਤੇ ਕਰਵਾਉਣ ਲਈ ਮਜਬੂਰ ਹਨ।’’ ਉਨ੍ਹਾਂ ਕਿਹਾ ਕਿ ਪਿੰਡ ’ਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਪੀਣ ਵਾਲੇ ਪਾਣੀ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ ਅਤੇ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਨੂੰ ਨਲ ਦਾ ਪਾਣੀ ਮੁਹੱਈਆ ਕਰਵਾਉਣ ਦੀ ਯੋਜਨਾ ਵੀ ਇਸ ਪਿੰਡ ਤਕ ਨਹੀਂ ਪਹੁੰਚੀ ਹੈ।
ਇਹ ਪਿੰਡ ਅਮੇਠੀ ਲੋਕ ਸਭਾ ਹਲਕੇ ਦਾ ਹਿੱਸਾ ਹੈ, ਜੋ ਕਈ ਦਹਾਕਿਆਂ ਤਕ ਕੇਂਦਰ ’ਚ ਸੱਤਾ ’ਤੇ ਰਾਜ ਕਰਨ ਵਾਲੇ ਨਹਿਰੂ-ਗਾਂਧੀ ਪਰਵਾਰ ਦਾ ਸਿਆਸੀ ਗੜ੍ਹ ਸੀ ਅਤੇ ਪਿਛਲੇ ਪੰਜ ਸਾਲਾਂ ਤੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਇੱਥੋਂ ਸੰਸਦ ਮੈਂਬਰ ਹਨ।
ਪਿੰਡ ਦੇ ਇਕ ਹੋਰ ਵਸਨੀਕ ਰਾਮ ਅਭਿਲਾਸ਼ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਸ ਪਿੰਡ ਦਾ ਵਿਕਾਸ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਅਪਣੇ ਲੋਕਪ੍ਰਤੀਨਿਧੀਆਂ ਨੂੰ ਸ਼ਿਕਾਇਤ ਕਰਦੇ ਰਹੇ ਪਰ ਕਿਸੇ ਨੇ ਨਹੀਂ ਸੁਣਿਆ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਅਣਗਹਿਲੀ ਤੋਂ ਤੰਗ ਆ ਕੇ ਪਿੰਡ ਵਾਸੀਆਂ ਨੇ ਹੁਣ ਮਨ ਬਣਾ ਲਿਆ ਹੈ ਕਿ ਸਮੱਸਿਆਵਾਂ ਦਾ ਹੱਲ ਹੋਣ ਤਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ। ਗੌਰੀਗੰਜ ਦੇ ਸਬ-ਡਵੀਜ਼ਨਲ ਮੈਜਿਸਟਰੇਟ ਦਿਗਵਿਜੇ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਜਾਂਚ ਤੋਂ ਬਾਅਦ ਸਮੱਸਿਆ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।’’
ਉਨ੍ਹਾਂ ਕਿਹਾ ਕਿ ਕੁਝ ਸੀਮਤ ਸਮੇਂ ਨੂੰ ਛੱਡ ਕੇ ਅਮੇਠੀ ਦੇ ਲੋਕ ਲਗਾਤਾਰ ਕਾਂਗਰਸ ਦੇ ਉਮੀਦਵਾਰਾਂ ਦੀ ਚੋਣ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ 1980 ’ਚ ਅਮੇਠੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਈ ਉਪ ਚੋਣ ’ਚ ਇੰਦਰਾ ਗਾਂਧੀ ਦੇ ਵੱਡੇ ਬੇਟੇ ਰਾਜੀਵ ਗਾਂਧੀ ਨੇ ਇਸ ਸੀਟ ਤੋਂ ਦੋ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
ਰਾਜੀਵ ਨੇ 1984, 1989 ਅਤੇ 1991 ’ਚ ਵੀ ਇਸ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ 2004 ਤੋਂ 2019 ਤਕ ਅਮੇਠੀ ਤੋਂ ਸੰਸਦ ਮੈਂਬਰ ਰਹੇ। 2019 ਦੀਆਂ ਲੋਕ ਸਭਾ ਚੋਣਾਂ ’ਚ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ। ਪਿਛਲੇ ਹਫਤੇ ਸੰਗ੍ਰਾਮਪੁਰ ਬਲਾਕ ਦੇ ਭਵਾਨੀਪੁਰ ਪਿੰਡ ਦੇ ਵਸਨੀਕਾਂ ਨੇ ਵੀ ‘ਨੋ ਰੋਡ, ਨੋ ਵੋਟ’ ਲਿਖਿਆ ਬੈਨਰ ਲਗਾਇਆ ਸੀ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਾਰਾਜ਼ ਲੋਕਾਂ ਨੂੰ ਸਮੱਸਿਆ ਹੱਲ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।