
ਚੌਧਰੀ ਨੇ ਕਿਹਾ ਕਿ ਅਪ੍ਰੈਲ 2015 ਤੋਂ ਫ਼ਰਵਰੀ 2025 ਦੇ ਵਿਚਕਾਰ ਈ.ਡੀ. ਨੇ ਇਸ ਸ਼੍ਰੇਣੀ ਦੇ ਲੋਕਾਂ ਵਿਰੁਧ 193 ਮਾਮਲੇ ਦਰਜ ਕੀਤੇ ਗਏ
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਿਛਲੇ 10 ਸਾਲਾਂ ’ਚ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਸਿਆਸਤਦਾਨਾਂ ਵਿਰੁਧ ਕੁਲ 193 ਮਾਮਲੇ ਦਰਜ ਕੀਤੇ ਹਨ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਸੰਘੀ ਕਾਲੇ ਧਨ ਨੂੰ ਚਿੱਟਾ ਕਰਨ ਤੋਂ ਰੋਕੂ ਏਜੰਸੀ ਨੇ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਿਆਸੀ ਪਾਰਟੀਆਂ ਨਾਲ ਜੁੜੇ ਲੋਕਾਂ ਸਮੇਤ ਸਿਆਸਤਦਾਨਾਂ ਵਿਰੁਧ ਕੇਸ ਦਰਜ ਕੀਤੇ ਹਨ ਪਰ ਰਾਜ-ਵਾਰ ਅੰਕੜੇ ਨਹੀਂ ਰੱਖੇ ਜਾਂਦੇ।
ਚੌਧਰੀ ਨੇ ਕਿਹਾ ਕਿ ਅਪ੍ਰੈਲ 2015 ਤੋਂ ਫ਼ਰਵਰੀ 2025 ਦੇ ਵਿਚਕਾਰ ਈ.ਡੀ. ਨੇ ਇਸ ਸ਼੍ਰੇਣੀ ਦੇ ਲੋਕਾਂ ਵਿਰੁਧ 193 ਮਾਮਲੇ ਦਰਜ ਕੀਤੇ। ਮੰਤਰੀ ਨੇ ਕਿਹਾ ਕਿ ਦੋ ਮਾਮਲਿਆਂ (2016-17 ਅਤੇ 2019-20 ਵਿਚ ਇਕ-ਇਕ) ਵਿਚ ਦੋ ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਕਿਸੇ ਨੂੰ ਬਰੀ ਨਹੀਂ ਕੀਤਾ ਗਿਆ ਸੀ। ਉਸ ਨੇ ਅਪਣੇ ਜਵਾਬ ’ਚ ਕੇਸਾਂ ਜਾਂ ਮੁਲਜ਼ਮਾਂ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ।
ਅਧਿਕਾਰਤ ਰੀਕਾਰਡ ਮੁਤਾਬਕ ਝਾਰਖੰਡ ਦੇ ਸਾਬਕਾ ਮੰਤਰੀ ਹਰੀ ਨਾਰਾਇਣ ਰਾਏ ਨੂੰ 2017 ’ਚ ਕਾਲੇ ਧਨ ਨੂੰ ਚਿੱਟਾ ਕਰਨ ਤੋਂ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ 7 ਸਾਲ ਦੀ ਸਖਤ ਕੈਦ ਅਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਝਾਰਖੰਡ ਦੇ ਇਕ ਹੋਰ ਸਾਬਕਾ ਮੰਤਰੀ ਏਨੋਸ ਏਕਾ ਨੂੰ 2020 ’ਚ 7 ਸਾਲ ਦੀ ਸਖਤ ਕੈਦ ਅਤੇ 2 ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਅੰਕੜਿਆਂ ਮੁਤਾਬਕ ਈ.ਡੀ. ਨੇ ਵਿੱਤੀ ਸਾਲ 2022-23 ਦੌਰਾਨ ਸਾਬਕਾ ਅਤੇ ਮੌਜੂਦਾ ਨੇਤਾਵਾਂ ਵਿਰੁਧ ਸੱਭ ਤੋਂ ਵੱਧ 32 ਮਾਮਲੇ ਦਰਜ ਕੀਤੇ।