
Land-for-job Scam Case: ਵੱਡੀ ਗਿਣਤੀ ’ਚ ਆਰਜੇਡੀ ਵਰਕਰਾਂ ਲਾਲੂ ਦੇ ਸਮਰਥਨ ਵਿੱਚ ਕੀਤੀ ਨਾਹਰੇਬਾਜ਼ੀ
Land-for-job Scam Case: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਬੁੱਧਵਾਰ ਨੂੰ ਕਥਿਤ ‘ਨੌਕਰੀ ਬਦਲੇ ਜ਼ਮੀਨ’ ਘੁਟਾਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਟਨਾ ਦੇ ਬੈਂਕ ਰੋਡ ’ਤੇ ਕੇਂਦਰੀ ਏਜੰਸੀ ਦੇ ਦਫ਼ਤਰ ਵੱਲ ਜਾਣ ਵਾਲੀ ਸੜਕ ’ਤੇ ਵੱਡੀ ਗਿਣਤੀ ਵਿੱਚ ਆਰਜੇਡੀ ਵਰਕਰ ਇਕੱਠੇ ਹੋਏ ਅਤੇ ਲਾਲੂ ਪ੍ਰਸਾਦ ਦੇ ਸਮਰਥਨ ਵਿੱਚ ਨਾਹਰੇਬਾਜ਼ੀ ਕੀਤੀ।
ਮੰਗਲਵਾਰ ਨੂੰ ਏਜੰਸੀ ਨੇ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਅਤੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਤੋਂ ਲਗਭਗ ਚਾਰ ਘੰਟੇ ਪੁਛ ਗਿਛ ਕੀਤੀ ਸੀ। ਚਾਰਜਸ਼ੀਟ ਅਨੁਸਾਰ, ਦੋਵਾਂ ਨੂੰ ਮਾਮਲੇ ਵਿੱਚ ਸਹਿ-ਮੁਲਜ਼ਮ ਵਜੋਂ ਵੀ ਨਾਮਜ਼ਦ ਕੀਤਾ ਗਿਆ ਹੈ।
ਇਸ ਦੌਰਾਨ, ਲਾਲੂ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ ਜਿੰਨਾ ਜ਼ਿਆਦਾ ਪਰੇਸ਼ਾਨ ਕੀਤਾ ਜਾਵੇਗਾ, ਅਸੀਂ ਓਨੇ ਹੀ ਮਜ਼ਬੂਤ ਬਣਾਂਗੇ। ਬੇਸ਼ੱਕ, ਇਹ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਜੇ ਮੈਂ ਰਾਜਨੀਤੀ ਵਿੱਚ ਨਾ ਹੁੰਦਾ, ਤਾਂ ਮੈਨੂੰ ਇਸ ਵਿੱਚ ਨਾ ਘਸੀਟਿਆ ਜਾਂਦਾ। ਮੈਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਵਿੱਖਬਾਣੀ ਕੀਤੀ ਸੀ ਕਿ ਹੁਣ ਏਜੰਸੀਆਂ ਬਿਹਾਰ ਵੱਲ ਮੁੜਨਗੀਆਂ।’’ ਇਸ ਮਾਮਲੇ ਵਿੱਚ ਤੇਜਸਵੀ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਪਿਛਲੇ ਸਾਲ, ਈਡੀ ਨੇ ਲਾਲੂ ਦੇ ਪ੍ਰਵਾਰਕ ਮੈਂਬਰਾਂ ਵਿਰੁੱਧ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਰਾਬੜੀ ਦੇਵੀ ਅਤੇ ਉਨ੍ਹਾਂ ਦੀਆਂ ਧੀਆਂ ਮੀਸਾ ਭਾਰਤੀ ਅਤੇ ਹੇਮਾ ਯਾਦਵ ਦੇ ਨਾਲ-ਨਾਲ ਹੋਰਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਇਹ ਮਾਮਲਾ 2004 ਤੋਂ 2009 ਦੇ ਸਮੇਂ ਦੌਰਾਨ ਰੇਲਵੇ ਵਿੱਚ ਗਰੁੱਪ ‘ਡੀ’ ਨਿਯੁਕਤੀਆਂ ਨਾਲ ਸਬੰਧਤ ਹੈ। ਉਸ ਸਮੇਂ ਲਾਲੂ ਯਾਦਵ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਵਿੱਚ ਰੇਲ ਮੰਤਰੀ ਸਨ। ਈਡੀ ਨੇ ਪਹਿਲਾਂ ਇੱਕ ਬਿਆਨ ’ਚ ਕਿਹਾ ਸੀ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐਫ਼ਆਈਆਰ ਅਨੁਸਾਰ, ਉਮੀਦਵਾਰਾਂ ਨੂੰ ਰੇਲਵੇ ਵਿੱਚ ਨੌਕਰੀਆਂ ਦੇ ਬਦਲੇ ‘ਰਿਸ਼ਵਤ ਵਜੋਂ ਜ਼ਮੀਨ ਟਰਾਂਸਫਰ’ ਕਰਨ ਲਈ ਕਿਹਾ ਗਿਆ ਸੀ। ਇਹ ਮਨੀ ਲਾਂਡਰਿੰਗ ਮਾਮਲਾ ਸੀਬੀਆਈ ਦੀ ਸ਼ਿਕਾਇਤ ’ਤੇ ਅਧਾਰਤ ਹੈ।
(For more news apart from Lalu parsad Latest News, stay tuned to Rozana Spokesman)