
ਚੰਡੀਗੜ੍ਹ ਸਮਾਰਟ ਸਿਟੀ ਦੇ ਨਾਲ-ਨਾਲ ਅਪਰਾਧੀਆਂ ਦਾ ਸ਼ਹਿਰ ਵੀ ਬਣਦਾ ਜਾ ਰਿਹਾ ਹੈ ਅਤੇ ਟਰਾਈਸਿਟੀ ਵਿਚ ਲਗਾਤਾਰ ਅਪਰਾਧ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ।
ਚੰਡੀਗੜ੍ਹ (ਸੁਖਵਿੰਦਰ ਸਿੰਘ) : ਚੰਡੀਗੜ੍ਹ ਸਮਾਰਟ ਸਿਟੀ ਦੇ ਨਾਲ-ਨਾਲ ਅਪਰਾਧੀਆਂ ਦਾ ਸ਼ਹਿਰ ਵੀ ਬਣਦਾ ਜਾ ਰਿਹਾ ਹੈ ਅਤੇ ਟਰਾਈਸਿਟੀ ਵਿਚ ਲਗਾਤਾਰ ਅਪਰਾਧ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਚੰਡੀਗੜ੍ਹ ਦੇ ਸੈਕਟਰ-8 ਵਿਚ ਸਥਿਤ ਗੋਪਾਲ ਸਵੀਟਸ ਦੇ ਮਾਲਕ ਸ਼ਰਨਜੀਤ ਤੋਂ ਲੁਟੇਰੇ 6 ਲੱਖ ਦੇ ਕਰੀਬ ਰਕਮ ਖੋਹ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੱਖਾਂ 'ਚ ਮਿਰਚਾਂ ਪਾ ਕੇ ਅੰਜਾਮ ਦਿਤਾ। ਜਿਸ ਸਮੇਂ ਇਹ ਵਾਰਦਾਤ ਹੋਈ ਉਸ ਸਮੇਂ ਗੋਪਾਲ ਸਵੀਟਸ ਦਾ ਮਾਲਕ ਸ਼ਰਨਜੀਤ ਅਪਣੀ ਗੱਡੀ ਵਿਚ ਬੈਠ ਕੇ ਅਪਣੇ ਘਰ ਵਲ ਜਾਣ ਲਗਿਆ ਸੀ ਅਤੇ ਉਸ ਦਾ ਸੁਰੱਖਿਆ ਕਰਮੀ ਵੀ ਨਾਲ ਸੀ। ਅੱਖਾਂ ਵਿਚ ਮਿਰਚ ਪਾ ਕੇ ਲੁੱਟ ਕਰਨ ਦਾ ਸਾਰਾ ਮਾਮਲਾ ਸੀਸੀਟੀਵੀ ਵਿਚ ਕੈਦ ਹੋ ਗਿਆ।
Loot in Chandigarh
ਮੌਕੇ ਉਤੇ ਮੌਜੂਦ ਸੁਰੱਖਿਆ ਕਰਮੀ ਦਲੀਪ ਨੇ ਦਸਿਆ ਕਿ ਉਹ ਤਿੰਨ ਵਿਅਕਤੀ ਸਨ ਅਤੇ ਉਹ ਹਥਿਆਰ ਦਿਖਾ ਕੇ ਬੈਗ ਖੋਹਣ ਲਗੇ ਤਾਂ ਉਸ ਵਲੋਂ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਬੈਗ ਖੋਹ ਕੇ ਫ਼ਰਾਰ ਹੋ ਗਏ।
Loot in Chandigarh
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੈਕਟਰ 3 ਦੇ ਇੰਸਪੈਕਟਰ ਸ਼ੇਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਸੂਚਨਾ ਮਿਲੀ ਸੀ ਕਿ ਤਿੰਨ-ਚਾਰ ਜਣੇ ਜੋ ਕਿ ਐਕਟਿਵਾ 'ਤੇ ਸਵਾਰ ਸਨ ਉਨ੍ਹਾਂ ਵਲੋਂ ਗੋਪਾਲ ਸਵੀਟਸ ਦੇ ਮਾਲਕ ਤੋਂ ਨਕਦੀ ਖੋਹ ਲਈ ਗਈ। ਪੁਲਿਸ ਵਲੋਂ ਇਸ ਵਿਰੁਧ ਧਾਰਾ 392 ਅਤੇ ਆਈਪੀਸੀ ਦੀ ਧਾਰਾ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
Loot in Chandigarh
ਇਥੇ ਇਹ ਵੀ ਦਸਣਯੋਗ ਹੈ ਕਿ ਪਿਛਲੇ ਸਾਲ 2017 ਵਿਚ ਵੀ ਸ਼ਰਨਜੀਤ ਸਿੰਘ ਤੋਂ ਉਸ ਸਮੇਂ 5 ਲੱਖ ਦੀ ਲੁੱਟ ਹੋਈ ਸੀ ਜਦੋਂ ਉਹ ਆਪਣੀ ਦੁਕਾਨ ਤੋਂ ਸੈਕਟਰ 11 ਸਥਿਤ ਅਪਣੇ ਘਰ ਬਾਹਰ ਪਹੁੰਚ ਕੇ ਕਾਰ 'ਚੋਂ ਉਤਰੇ ਸਨ। ਪੁਲਿਸ ਹਲੇ ਤਕ ਉਨ੍ਹਾਂ ਲੁਟੇਰਿਆਂ ਦਾ ਵੀ ਪਤਾ ਕਰਨ 'ਚ ਅਸਮਰਥ ਰਹੀ।