
ਕੋਰੋਨਾ ਵਾਇਰਸ ਦਾ ਕਹਿਰ ਜਾਰੀ
ਨਵੀਂ ਦਿੱਲੀ, 18 ਮਈ: ਦੇਸ਼ ਵਿਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ 3029 ਹੋ ਗਈ ਅਤੇ ਲਾਗ ਦੇ ਕੁਲ ਮਾਮਲੇ 96169 'ਤੇ ਪਹੁੰਚ ਗਏ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿਚ 157 ਲੋਕਾਂ ਦੀ ਮੌਤ ਹੋਈ ਅਤੇ ਰੀਕਾਰਡ 5242 ਮਾਮਲੇ ਸਾਹਮਣੇ ਆਏ। ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ 56316 ਲੋਕ ਹਾਲੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ ਜਦਕਿ 36823 ਲੋਕ ਸਿਹਤਯਾਬ ਹੋਏ ਹਨ ਅਤੇ ਇਕ ਵਿਅਕਤੀ ਵਿਦੇਸ਼ ਚਲਾ ਗਿਆ ਹੈ।
ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦਸਿਆ, 'ਹੁਣ ਤਕ 38.29 ਫ਼ੀ ਸਦੀ ਮਰੀਜ਼ ਸਿਹਤਯਾਬ ਹੋਏ ਹਨ।' ਐਤਵਾਰ ਸਵੇਰ ਤੋਂ ਲੈ ਕੇ ਹੁਣ ਤਕ ਹੋਈਆਂ 157 ਮੌਤਾਂ ਵਿਚ 63 ਮੌਤਾਂ ਮਹਾਰਾਸ਼ਟਰ ਵਿਚ, 34 ਗੁਜਰਾਤ ਵਿਚ, 31 ਦਿੱਲੀ ਵਿਚ, ਛੇ ਪਛਮੀ ਬੰਗਾਲ ਵਿਚ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਪੰਜ ਪੰਜ, ਤਾਮਿਲਨਾਡੂ ਵਿਚ ਚਾਰ, ਪੰਜਾਬ ਵਿਚ ਤਿੰਨ ਅਤੇ ਆਂਧਰਾ ਪ੍ਰਦੇਸ਼, ਬਿਹਾਰ, ਹਰਿਆਣਾ, ਜੰਮੂ ਕਸ਼ਮੀਰ, ਕਰਨਾਟਕ ਅਤੇ ਉੜੀਸਾ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। ਦੇਸ਼ ਵਿਚ ਹੁਣ ਤਕ ਦੀਆਂ ਕੁਲ 3029 ਮੌਤਾਂ ਵਿਚੋਂ ਸੱਭ ਤੋਂ ਜ਼ਿਆਦਾ 1198 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ।
File photo
ਗੁਜਰਾਤ ਵਿਚ 659, ਮੱਧ ਪ੍ਰਦੇਸ਼ ਵਿਚ 248, ਪਛਮੀ ਬੰਗਾਲ ਵਿਚ 238, ਦਿੱਲੀ ਵਿਚ 160, ਰਾਜਸਥਾਨ ਵਿਚ 131, ਯੂਪੀ ਵਿਚ 104, ਤਾਮਿਲਨਾਡੂ ਵਿਚ 78 ਅਤੇ ਆਂਧਰਾ ਪ੍ਰਦੇਸ਼ ਵਿਚ 50 ਲੋਕਾਂ ਦੀ ਮੌਤ ਹੋਈ ਹੈ। ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿਚ ਤਿੰਨ ਤਿੰਨ ਜਣਿਆਂ ਦੀ ਮੌਤ ਹੋਈ ਜਦਕਿ ਆਸਾਮ ਵਿਚ ਦੋ ਜਣਿਆਂ ਦੀ ਮੌਤ ਹੋਈ। ਮੇਘਾਲਿਆ, ਉਤਰਾਖੰਡ ਅਤੇ ਪੁਡੂਚੇਰੀ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। 70 ਫ਼ੀ ਸਦੀ ਤੋਂ ਵੱਧ ਮੌਤਾਂ ਮਰੀਜ਼ਾਂ ਵਿਚ ਪਹਿਲਾਂ ਤੋਂ ਹੀ ਮੌਜੂਦ ਹੋਰ ਬੀਮਾਰੀਆਂ ਕਾਰਨ ਹੋਈਆਂ ਹਨ। (ਏਜੰਸੀ)
ਰਣਨੀਤੀ ਬਦਲੀ , ਫ਼ਲੂ ਦੇ ਲੱਛਣਾਂ ਵਾਲੇ ਪ੍ਰਵਾਸੀਆਂ ਦੀ ਸੱਤ ਦਿਨਾਂ ਅੰਦਰ ਕੋਰੋਨਾ ਜਾਂਚ ਹੋਵੇਗੀ
ਕੋਵਿਡ-19 ਜਾਂਚ ਲਈ ਰਣਨੀਤੀ ਬਦਲਦਿਆਂ ਇੰਡੀਅਨ ਮੈਡੀਕਲ ਕੌਂਸਲ ਆਫ਼ ਰਿਸਰਚ ਨੇ ਕਿਹਾ ਹੈ ਕਿ ਪ੍ਰਵਾਸੀ ਅਤੇ ਮੁੜਨ ਵਾਲੇ ਲੋਕਾਂ ਅੰਦਰ ਜੇ ਇਨਫ਼ਲੂਐਂਜ਼ਾ ਜਿਹੀ ਬੀਮਾਰੀ ਦੇ ਲੱਛਣ ਵਿਖਾਈ ਦਿੰਦੇ ਹਨ ਤਾਂ ਇਸ ਦੇ ਸੱਤ ਦਿਨਾਂ ਅੰਦਰ ਉਨ੍ਹਾਂ ਦੀ ਕੋਰੋਨਾ ਵਾਇਰਸ ਲਈ ਜਾਂਚ ਕੀਤੀ ਜਾਵੇਗੀ। ਆਈਸੀਐਮਆਰ ਨੇ ਇਹ ਵੀ ਕਿਹਾ ਕਿ ਹਸਪਤਾਲਾਂ ਵਿਚ ਦਾਖ਼ਲ ਕਿਸੇ ਵੀ ਰੋਗੀ ਨੂੰ ਅਤੇ ਕੋਵਿਡ-19 ਦੀ ਰੋਕਥਾਮ ਅਤੇ ਕੰਟਰੋਲ ਵਿਚ ਲੱਗੇ ਫ਼ਰੰਟ ਲਾਈਨ ਵਰਕਰਾਂ ਅੰਦਰ ਇਸ ਬੀਮਾਰੀ ਦੇ ਲੱਛਣ ਦਿਸਦੇ ਹਨ ਤਾਂ ਉਨ੍ਹਾਂ ਦੀ ਵੀ ਆਰਟੀ ਪੀਸੀਆਰ ਜਾਂਚ ਹੋਵੇਗੀ। ਇਨਫ਼ਲੂਐਂਜ਼ਾ ਜਿਸ ਨੂੰ ਆਮ ਤੌਰ 'ਤੇ ਫ਼ਲੂ ਕਿਹਾ ਜਾਂਦਾ ਹੈ, ਵਾਇਰਸ ਦੀ ਲਪੇਟ ਵਿਚ ਆਉਣ ਨਾਲ ਤੇਜ਼ ਬੁਖ਼ਾਰ, ਸਿਰਦਰਦ, ਖੰਘ, ਜ਼ੁਕਾਮ ਆਦਿ ਤਕਲੀਫ਼ਾਂ ਹੁੰਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਰਣਨੀਤੀ ਦਾ ਉਦੇਸ਼ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਤੇਜ਼ੀ ਨਾਲ ਵਧਣ ਤੋਂ ਰੋਕਣਾ ਹੈ।