
ਕਈ ਉਘੀਆਂ ਕੰਪਨੀਆਂ ਦੇ ਸ਼ੇਅਰ ਡਿੱਗੇ, ਤਾਲਾਬੰਦੀ ਵਧਣ ਕਾਰਨ ਵੀ ਨਿਵੇਸ਼ਕ ਚਿੰਤਾ 'ਚ
ਨਵੀਂ ਦਿੱਲੀ, 18 ਮਈ: ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੋਮਵਾਰ ਨੂੰ 1069 ਅੰਕਾਂ ਦਾ ਗੋਤਾ ਲਾ ਕੇ ਲਗਭਗ ਛੇ ਹਫ਼ਤਿਆਂ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ। ਮਾਹਰਾਂ ਮੁਤਾਬਕ ਕੋਵਿਡ-19 ਨਾਲ ਜੁੜੀਆਂ ਜਨਤਕ ਪਾਬੰਦੀਆਂ ਦੀ ਮਿਆਦ ਵਧਾਏ ਜਾਣ, ਲਾਗ ਦੇ ਨਵੇਂ ਮਾਮਲਿਆਂ ਵਿਚ ਵਾਧੇ ਅਤੇ ਸਰਕਾਰ ਦੇ ਵਿੱਤੀ ਹੱਲਾਸ਼ੇਰੀ ਪੈਕੇਜ ਨਾਲ ਘਰੇਲੂ ਨਿਵੇਸ਼ਕਾਂ ਅੰਦਰ ਮੁੜ ਭਰੋਸਾ ਪੈਦਾ ਨਾ ਹੋਣ ਕਾਰਨ ਬਾਜ਼ਾਰ ਦਾ ਉਤਸ਼ਾਹ ਠੰਢਾ ਰਿਹਾ।
ਦੁਨੀਆਂ ਦੇ ਉਘੇ ਬਾਜ਼ਾਰਾਂ ਵਿਚ ਤੇਜ਼ੀ ਦੇ ਬਾਵਜੂਦ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਰੌਣਕ ਗ਼ਾਇਬ ਰਹੀ। ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਾਲਾਤ ਨਾਲ ਸਿੱਝਣ ਲਈ ਸਰਕਾਰ ਦਾ ਪੰਜ ਕਿਸਤਾਂ ਵਾਲਾ 20 ਲੱਖ ਕਰੋੜ ਦਾ ਪੇਕੇਜ ਨਿਵੇਸ਼ਕਾਂ ਦਾ ਹੌਸਲਾ ਤੇ ਉਤਸ਼ਾਹ ਵਧਾਉਣ ਵਿਚ ਨਾਕਾਮ ਰਿਹਾ। ਇਸ ਤੋਂ ਇਲਾਵਾ, ਇਕ ਦਿਨ ਵਿਚ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਵਿਚ ਸੱਭ ਤੋਂ ਜ਼ਿਆਦਾ ਵਾਧਾ ਵੀ ਚਿੰਤਾ ਵਧਾ ਗਿਆ।
ਵਿੱਤੀ ਸੰਸਥਾਵਾਂ ਅਤੇ ਵਾਹਨ ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਵਿਕਰੀ ਵਿਚਾਲੇ 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 1068.75 ਅੰਕ ਯਾਨੀ 3.44 ਫ਼ੀ ਸਦੀ ਕਮੀ ਨਾਲ 30,028.98 ਅੰਕ ਜਦਕਿ ਐਨਐਸਈ ਨਿਫ਼ਟੀ 313.60 ਅੰਕ ਯਾਨੀ 3.43 ਫ਼ੀ ਸਦੀ ਟੁੱਟ ਕੇ 8,823.25 ਅੰਕਾਂ 'ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ਵਿਚ ਸੱਭ ਤੋਂ ਜ਼ਿਆਦਾ ਨੁਕਸਾਨ ਇੰਡਸਇੰਡ ਬੈਂਕ ਦਾ ਹੋਇਆ। ਇਸ ਦੇ ਸ਼ੇਅਰ ਲਗਭਗ 10 ਫ਼ੀ ਸਦੀ ਡਿੱਗੇ। ਇਸ ਤੋਂ ਇਲਾਵਾ ਐਚਡੀਐਫ਼ਸੀ, ਮਾਰੂਤੀ, ਐਕਸਿਸ ਬੈਂਕ ਅਤੇ ਅਲਟਰਾਟੈਕ ਸੀਮਿੰਟ ਦੇ ਸ਼ੇਅਰਾਂ ਵਿਚ ਵੀ ਗਿਰਾਵਟ ਦਿਸੀ।
File photo
ਜੇ ਪਾਸੇ, ਟੀਸੀਐਸ, ਇਨਫ਼ੋਸਿਸ, ਆਈਟੀਸੀ ਅਤੇ ਐਚਸੀਐਸਲ ਟੇਕ ਨੁਕਸਾਨ ਵਿਚ ਰਹੇ। ਕੋਰੋਨਾ ਵਾਇਰਸ ਲਾਗ ਦੀ ਰੋਕਥਾਮ ਲਈ ਤਾਲਾਬੰਦੀ ਦੀ ਮਿਆਦ ਚੌਥੀ ਵਾਰ ਵਧਾਏ ਜਾਣ ਕਾਰਨ ਨਿਵੇਸ਼ਕ ਥੋੜੇ ਮੁਸਤੈਦ ਨਜ਼ਰ ਆਏ। ਆਸ਼ਿਕਾ ਸਟਾਕ ਬ੍ਰੋਕਿੰਗ ਵਿਚ ਇਕੁਅਟੀ ਅਧਿਐਨ ਦੇ ਮੁਖੀ ਪਾਰਸ ਬੋਥਰਾ ਨੇ ਕਿਹਾ, 'ਸੰਸਾਰ ਬਾਜ਼ਾਰਾਂ ਵਿਚ ਹਾਂਪੱਖੀ ਰੁਝਾਨ ਦੇ ਬਾਵਜੂਦ ਘਰੇਲੂ ਬਾਜ਼ਾਰ ਗਿਰਾਵਟ ਨਾਲ ਖੁਲ੍ਹਿਆ। ਘਰੇਲੂ ਧਾਰਨਾ ਕਮਜ਼ੋਰ ਰਹੀ। ਇਸ ਦਾ ਕਾਰਨ 20 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਬਾਜ਼ਾਰ ਦੀਆਂ ਉਮੀਦਾਂ ਮੁਤਾਬਕ ਨਾ ਹੋਣਾ ਹੈ।' (ਏਜੰਸੀ)
ਜੀ.ਡੀ.ਪੀ. ਨੂੰ ਨੇੜ ਭਵਿੱਖ ਵਿਚ ਫ਼ਾਇਦਾ ਨਹੀਂ
ਵਿਦੇਸ਼ੀ ਵਿੱਤੀ ਮਾਹਰਾਂ ਮੁਤਾਬਕ ਸਰਕਾਰ ਦੇ ਵਿੱਤੀ ਪੈਕੇਜ ਅਤੇ ਸੁਧਾਰਾਂ ਨਾਲ ਨੇੜਲੇ ਭਵਿੱਖ ਵਿਚ ਕੁਲ ਘਰੇਲੂ ਉਤਪਾਦ ਨੂੰ ਗਤੀ ਮਿਲਣਾ ਮੁਸ਼ਕਲ ਹੈ ਅਤੇ ਇਸ ਦਾ ਫ਼ਾਇਦਾ ਤਿੰਨ ਸਾਲਾਂ ਮਗਰੋਂ ਦਿਸੇਗਾ। ਬੈਂਕ ਆਫ਼ ਅਮਰੀਕਾ ਅਤੇ ਨੋਮੁਰਾ ਦੇ ਵਿਸ਼ਲੇਸ਼ਕਾਂ ਨੇ ਚਾਲੂ ਵਿੱਤ ਵਰ੍ਹੇ ਦੌਰਾਨ ਆਰਥਕ ਪੈਕੇਜ ਐਲਾਨੇ ਜਾਣ ਦੇ ਬਾਵਜੂਦ ਜੀਡੀਪੀ ਵਾਧੇ ਦੇ ਅਪਣੇ ਅਨੁਮਾਨਾਂ ਨੂੰ ਪਹਿਲਾਂ ਵਾਲੇ ਪੱਧਰ 'ਤੇ ਹੀ ਕਾਇਮ ਰਖਿਆ।
ਬੈਂਕ ਆਫ਼ ਅਮਰੀਕਾ ਨੇ 0.1 ਫ਼ੀ ਸਦੀ ਗਿਰਾਟਵ ਆਉਣ ਦਾ ਅਨੁਮਾਨ ਲਾਇਆ ਹੈ ਜਦਕਿ ਨੋਮੁਰਾ ਨੇ ਪੰਜ ਫ਼ੀ ਸਦੀ ਗਿਰਾਵਟ ਦਾ ਅਨੁਮਾਨ ਲਾਇਆ ਹੈ। ਜਾਪਾਨ ਦੀ ਬ੍ਰੋਕਰੇਜ ਕੰਪਨੀ ਨੋਮੁਰਾ ਦੇ ਮਾਹਰਾਂ ਦਾ ਕਹਿਣਾ ਹੈ, 'ਪੈਕੇਜ ਕੁੱਝ ਕਾਰੋਬਾਰਾਂ ਦੀ ਮੁਸ਼ਕਲ ਨੂੰ ਨੇੜ ਭਵਿੱਖ ਵਿਚ ਦੂਰ ਕਰਨ ਲਈ ਕਮਜ਼ੋਰ ਪੈ ਸਕਦਾ ਹੈ ਪਰ ਇਹ ਭਾਰਤ ਦੀਆਂ ਮੱਧਕਾਲੀ ਵਾਧਾ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਹੈ।'