
ਹਿਮਾਚਲ ਪ੍ਰਦੇਸ਼ ਦੀ ਮੁੱਖ ਸੈਰ-ਸਪਾਟਾ ਨਗਰੀ ਮਨਾਲੀ ਤੋਂ ਲੇਹ-ਲੱਦਾਖ ਨੂੰ ਜੋੜਨ ਵਾਲੇ ਕਰੀਬ 1100 ਕਿਲੋਮੀਟਰ ਲੰਬੇ ਮਨਾਲੀ-ਲੇਹ
ਸ਼ਿਮਲਾ, 18 ਮਈ : ਹਿਮਾਚਲ ਪ੍ਰਦੇਸ਼ ਦੀ ਮੁੱਖ ਸੈਰ-ਸਪਾਟਾ ਨਗਰੀ ਮਨਾਲੀ ਤੋਂ ਲੇਹ-ਲੱਦਾਖ ਨੂੰ ਜੋੜਨ ਵਾਲੇ ਕਰੀਬ 1100 ਕਿਲੋਮੀਟਰ ਲੰਬੇ ਮਨਾਲੀ-ਲੇਹ ਹਾਈਵੇਅ ਨੂੰ ਛੋਟੇ ਵਾਹਨਾਂ ਲਈ ਖੋਲ੍ਹ ਦਿਤਾ ਗਿਆ ਹੈ, ਜਿਸ ਨਾਲ ਆਮ ਲੋਕਾਂ ਅਤੇ ਸੈਲਾਨੀਆਂ ਨੂੰ ਰਾਹਤ ਮਿਲੀ ਹੈ। ਸੀਮਾ ਸੜਕ ਸੰਗਠਨ (ਬੀ. ਆਰ. ਓ.) ਦੇ ਕਮਾਂਡਰ ਕਰਨਲ ਉਮਾ ਸ਼ੰਕਰ ਨੇ ਦਸਿਆ ਕਿ ਫ਼ਿਲਹਾਲ ਮਾਰਗ ਨੂੰ ਛੋਟੇ ਵਾਹਨਾਂ ਲਈ ਖੋਲ੍ਹਿਆ ਗਿਆ ਹੈ ਅਤੇ ਇਸ ਨੂੰ ਵੱਡੇ ਵਾਹਨਾਂ ਲਈ ਖੋਲ੍ਹਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦਸਿਆ ਕਿ ਬਰਫ਼ ਨਾਲ ਢਕੇ ਇਸ ਹਾਈਵੇਅ ਨੂੰ ਬਹਾਲ ਕਰਨ ਲਈ ਬੀ. ਆਰ. ਓ. ਨੂੰ ਸਖਤ ਮੁਸ਼ੱਕਤ ਕਰਨੀ ਪਈ ਹੈ। ਲੇਹ ਸਥਿਤ ਹਿਮਾਂਕ ਪ੍ਰਾਜੈਕਟ ਨੇ ਸਰਚੂ ਤਕ ਸੜਕ ਪਹਿਲਾਂ ਹੀ ਬਹਾਲ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਰੋਹਤਾਂਗ ਦੱਰੇ ਬੀਤੇ ਹਫ਼ਤੇ ਹੀ ਆਵਾਜਾਈ ਲਈ ਬਹਾਲ ਕੀਤਾ ਗਿਆ ਸੀ।
ਮਨਾਲੀ-ਲੇਹ ਹਾਈਵੇਅ ਦੇ ਖੁਲ੍ਹਣ ਨਾਲ ਸੈਲਾਨੀ ਸੱਭ ਤੋਂ ਪਹਿਲਾਂ 13,050 ਫ਼ੁੱਟ ਉੱਚੇ ਰੋਹਤਾਂਗ ਦੱਰੇ ਤੋਂ ਬਾਅਦ 16,000 ਫ਼ੁੱਟ ਉੱਚੇ ਬਾਰਾਲਾਚਾ ਦੱਰੇ ਦੀ ਦੀਦਾਰ ਕਰਨਗੇ। ਉਥੇ ਹੀ 16,500 ਫ਼ੁੱਟ ਉੱਚਾ ਲਾਚੁੰਗਲਾ ਦੱਰਾ ਪਾਰ ਕਰ ਕੇ ਲੇਹ ਦੀਆਂ ਵਾਦੀਆਂ 'ਚ ਪ੍ਰਵੇਸ਼ ਕਰ ਕੇ ਖ਼ੂਬਸੂਰਤੀ ਅਤੇ ਮਨੋਰੰਜਕ ਪਖੋਂ ਸਾਢੇ 17 ਫੁੱਟ ਉੱਚੇ ਤਾਂਗਲਾਂਗਲਾ ਦੱਰੇ ਤਕ ਵੀ ਪਹੁੰਚ ਸਕਣਗੇ। ਇਸ ਹਾਈਵੇਅ ਦੇ ਖੁਲ੍ਹਣ ਨਾਲ ਸੁਰੱਖਿਆ ਬਲਾਂ ਦਾ ਭਾਰਤ-ਚੀਨ ਸੀਮਾ ਤਕ ਪਹੁੰਚਣਾ ਵੀ ਸੰਭਵ ਹੋ ਸਕੇਗਾ। (ਏਜੰਸੀ)