
ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਸੀ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਸੀ। ਇਸ ਮੀਟਿੰਗ ਵਿਚ ਮੁੱਖ ਤੌਰ 'ਤੇ ਬੀਬੀਐਮਬੀ, ਕਾਨੂੰਨ ਵਿਵਸਥਾ ਅਤੇ ਕਿਸਾਨੀ ਮੁੱਦਿਆਂ ਉੱਤੇ ਚਰਚਾ ਕੀਤੀ ਗਈ।
Punjab CM Bhagwant Mann meets Amit Shah in Delhi
ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਣਕ ਦਾ ਝਾੜ ਘਟਣ ਕਰਕੇ ਪੰਜਾਬ ਦੇ ਕਿਸਾਨਾਂ ਲਈ 500 ਰੁਪਏ ਤੱਕ ਦੇ ਮੁਆਵਜ਼ੇ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਿਸਾਨ ਯੂਨੀਅਨਾਂ 500 ਰੁਪਏ ਪ੍ਰਤੀ ਏਕੜ ਦੀ ਮੰਗ ਕਰ ਰਹੀ ਹੈ। ਜਿੰਨਾ ਹੋ ਸਕੇ ਕੇਂਦਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਵੀ ਚਰਚਾ ਹੋਈ। ਇਸ ਦੇ ਨਾਲ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵਿਚ ਪੰਜਾਬ ਦਾ ਪੁਰਾਣਾ ਕੋਟਾ ਬਹਾਲ ਕਰਨ ਦੀ ਮੰਗ ਕੀਤੀ ਗਈ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪੰਜਾਬ ਦੀ ਸੁਰੱਖਿਆ ਦਾ ਮੁੱਦਾ ਵੀ ਗ੍ਰਹਿ ਮੰਤਰੀ ਦੇ ਸਾਹਮਣੇ ਰੱਖਿਆ। ਉਹਨਾਂ ਦੱਸਿਆ ਕਿ ਕੇਂਦਰ ਵੱਲੋਂ ਪੰਜਾਬ ਨੂੰ ਹੁਣ ਤੱਕ 10 ਪੈਰਾ ਮਿਲਟਰੀ ਫੋਰਸ ਦੇ ਯੂਨਿਟ ਮਿਲ ਚੁੱਕੇ ਹਨ। ਅੱਜ ਸ਼ਾਮ ਤੱਕ 10 ਹੋਰ ਪੈਰਾ ਮਿਲਟਰੀ ਫੋਰਸ ਦੇ ਯੂਨਿਟ ਪੰਜਾਬ ਨੂੰ ਦੇ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਮਿਲ ਕੇ ਕੰਮ ਕਰਨਗੇ, ਜਿੱਥੇ ਵੀ ਦੇਸ਼ ਦੀ ਸੁਰੱਖਿਆ ਦਾ ਮਸਲਾ ਹੋਵੇਗਾ, ਅਸੀਂ ਮਿਲ ਕੇ ਕੰਮ ਕਰਾਂਗੇ। ਉਹਨਾਂ ਕਿਹਾ ਕਿ ਦੇਸ਼ ਪਹਿਲਾਂ ਸੁਰੱਖਿਅਤ ਹੋਣਾ ਚਾਹੀਦਾ ਹੈ, ਰਾਜਨੀਤੀ ਬਾਅਦ ਵਿਚ ਕਰਨੀ ਚਾਹੀਦੀ ਹੈ। ਡਰੋਨ ਗਤੀਵਿਧੀਆਂ ਰੋਕਣ ਲਈ CM ਮਾਨ ਨੇ ਕੇਂਦਰ ਤੋਂ ਐਂਟੀ ਡਰੋਨ ਸਿਸਟਮ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੇ ਜੈਮਰ ਲਗਾਏ ਜਾਣ ਕਿ ਡਰੋਨ ਉੱਥੋਂ ਉੱਡ ਹੀ ਨਾ ਸਕਣ।