
ਕਈ ਏਜੰਟ ਲੋਕਾਂ ਤੋਂ ਪੈਸੇ ਲੈ ਕੇ ਫਿਰ ਧੋਖਾਧੜੀ ਕਰਦੇ ਹਨ।
Cambodian News: ਨਵੀਂ ਦਿੱਲੀ - ਭਾਰਤੀ ਦੂਤਾਵਾਸ ਨੇ ਨੌਕਰੀਆਂ ਲਈ ਕੰਬੋਡੀਆ ਜਾਣ ਵਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਦੁਆਰਾ ਮਨਜ਼ੂਰ ਏਜੰਟਾਂ 'ਤੇ ਹੀ ਭਰੋਸਾ ਕਰਨ ਲਈ ਕਿਹਾ ਗਿਆ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਰੁਜ਼ਗਾਰ ਦੀ ਭਾਲ ਵਿਚ ਕੰਬੋਡੀਆ ਜਾ ਰਹੇ ਹੋ, ਤਾਂ ਸਿਰਫ਼ ਭਾਰਤੀ ਵਿਦੇਸ਼ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਏਜੰਟਾਂ 'ਤੇ ਭਰੋਸਾ ਕਰੋ। ਐਡਵਾਈਜ਼ਰੀ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਨੌਕਰੀਆਂ ਨੂੰ ਲੈ ਕੇ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਕਈ ਏਜੰਟ ਲੋਕਾਂ ਤੋਂ ਪੈਸੇ ਲੈ ਕੇ ਫਿਰ ਧੋਖਾਧੜੀ ਕਰਦੇ ਹਨ।
ਕੰਬੋਡੀਆ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਕੁਝ ਡਿਜੀਟਲ ਸੇਲਜ਼ ਅਤੇ ਮਾਰਕੀਟਿੰਗ ਕੰਪਨੀਆਂ ਨੌਕਰੀਆਂ ਦੇ ਨਾਂ 'ਤੇ ਭਾਰਤੀ ਲੋਕਾਂ ਨਾਲ ਧੋਖਾ ਕਰ ਰਹੀਆਂ ਹਨ। ਇਹਨਾਂ ਵਿਚੋਂ ਕਈ ਕੰਪਨੀਆਂ ਥਾਈਲੈਂਡ ਅਤੇ ਲਾਓਸ ਵਿਚ ਕਾਲ-ਸੈਂਟਰ ਘੁਟਾਲਿਆਂ ਅਤੇ ਕ੍ਰਿਪਟੋ-ਮੁਦਰਾ ਧੋਖਾਧੜੀ ਵਿਚ ਸ਼ਾਮਲ ਰਹੀਆਂ ਹਨ। ਕੰਬੋਡੀਆ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ, 'ਨੌਕਰੀ ਦੀ ਤਲਾਸ਼ ਕਰਨ ਵਾਲੇ ਲੋਕ ਵੀ ਇਸ ਸਬੰਧ 'ਚ ਸਾਡੇ ਨਾਲ ਸੰਪਰਕ ਕਰ ਸਕਦੇ ਹਨ।' ਅੰਬੈਸੀ ਨੇ ਕਿਹਾ ਕਿ ਵਿਦੇਸ਼ਾਂ 'ਚ ਨੌਕਰੀ ਦੇ ਨਾਂ 'ਤੇ ਭਾਰਤੀ ਨਾਗਰਿਕਾਂ ਨਾਲ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਹ ਵੀ ਦੱਸਿਆ ਗਿਆ ਹੈ ਕਿ ਥਾਈਲੈਂਡ ਵਿੱਚ ਵੀ ਭਾਰਤੀ ਨਾਗਰਿਕਾਂ ਨੂੰ ਰੁਜ਼ਗਾਰ ਦਾ ਲਾਲਚ ਦਿੱਤਾ ਜਾ ਰਿਹਾ ਹੈ।