
ਕਿਹਾ, ਨਕਸਲੀਆਂ ਦੀ ਰੀੜ੍ਹ ਦੀ ਹੱਡੀ ਤਾਂ ਤੋੜ ਦਿਤੀ, ਪਰ ਜਬਰੀ ਵਸੂਲੀ ਦੀ ਜ਼ਿੰਮੇਵਾਰੀ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਨੇ ਲੈ ਲਈ
ਜਮਸ਼ੇਦਪੁਰ (ਝਾਰਖੰਡ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ ਅਤੇ ਇਸ ਦੇ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘ਸ਼ਹਿਜ਼ਾਦੇ ਵਲੋਂ ਮਾਉਵਾਦੀਆਂ ਦੀ ਭਾਸ਼ਾ ਬੋਲਣ’ ਕਾਰਨ ਕੋਈ ਵੀ ਉਦਯੋਗਪਤੀ ਕਾਂਗਰਸ ਸ਼ਾਸਿਤ ਸੂਬਿਆਂ ’ਚ ਨਿਵੇਸ਼ ਕਰਨ ਤੋਂ ਪਹਿਲਾਂ 50 ਵਾਰ ਸੋਚੇਗਾ। ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ’ਤੇ ਵੰਸ਼ਵਾਦੀ ਸਿਆਸਤ ਨੂੰ ਸਰਪ੍ਰਸਤੀ ਦੇਣ ਅਤੇ ਲੋਕ ਸਭਾ ਸੀਟ ਨੂੰ ‘ਪਰਵਾਰਕ ਜਾਇਦਾਦ’ ਸਮਝਣ ਦਾ ਦੋਸ਼ ਲਾਇਆ।
ਰਾਹੁਲ ਗਾਂਧੀ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਾਂਗਰਸ ਸ਼ਹਿਜ਼ਾਦੇ ਵਲੋਂ ਵਰਤੀ ਗਈ ਭਾਸ਼ਾ ਕਿਸੇ ਵੀ ਉਦਯੋਗਪਤੀ ਨੂੰ ਪਾਰਟੀ ਸ਼ਾਸਿਤ ਸੂਬਿਆਂ ’ਚ ਨਿਵੇਸ਼ ਕਰਨ ਤੋਂ ਪਹਿਲਾਂ 50 ਵਾਰ ਸੋਚਣ ਲਈ ਮਜ਼ਬੂਰ ਕਰੇਗੀ। ਸ਼ਹਿਜ਼ਾਦੇ ਮਾਉਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਅਤੇ ਨਵੇਂ-ਨਵੇਂ ਤਰੀਕਿਆਂ ਨਾਲ ਪੈਸੇ ਵਸੂਲ ਰਹੇ ਹਨ।’’
ਜਮਸ਼ੇਦਪੁਰ ’ਚ ਰੈਲੀ ’ਚ ਮੋਦੀ ਨੇ ਭਾਜਪਾ ਦੇ ਵਿਦਯੁਤ ਬਰਨ ਮਹਤੋ ਲਈ ਪ੍ਰਚਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਕਸਲੀਆਂ ਦੀ ਰੀੜ੍ਹ ਦੀ ਹੱਡੀ ਤੋੜ ਦਿਤੀ ਹੈ ਪਰ ਜਬਰੀ ਵਸੂਲੀ ਦੀ ਜ਼ਿੰਮੇਵਾਰੀ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਨੇ ਲਈ ਹੈ। ਮੋਦੀ ਨੇ ਕਿਹਾ, ‘‘ਮੈਂ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚੁਨੌਤੀ ਦਿੰਦਾ ਹਾਂ ਕਿ ਉਹ ਜਵਾਬ ਦੇਣ ਕਿ ਕੀ ਉਹ ਅਪਣੇ ਸ਼ਹਿਜ਼ਾਦੇ ਦੀ ਉਦਯੋਗ ਵਿਰੋਧੀ ਭਾਸ਼ਾ ਨਾਲ ਸਹਿਮਤ ਹਨ।’’
ਰਾਏਬਰੇਲੀ ਲੋਕ ਸਭਾ ਸੀਟ ਤੋਂ ਚੋਣ ਲੜਨ ਦੇ ਰਾਹੁਲ ਗਾਂਧੀ ਦੇ ਫੈਸਲੇ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜਕੁਮਾਰ ਇਹ ਕਹਿ ਕੇ ਹਲਕੇ ’ਚ ਪਹੁੰਚੇ ਹਨ ਕਿ ‘ਇਹ ਮੇਰੀ ਮਾਂ ਦੀ ਸੀਟ ਹੈ, ਜੋ ਸਕੂਲ ਜਾਣ ਵਾਲਾ ਅੱਠ ਸਾਲ ਦਾ ਬੱਚਾ ਵੀ ਨਹੀਂ ਕਹੇਗਾ।’ ਉਨ੍ਹਾਂ ਕਿਹਾ, ‘‘ਉਨ੍ਹਾਂ ਦੀ ਮਾਂ (ਸੋਨੀਆ ਗਾਂਧੀ) ਨੇ ਕਿਹਾ ਕਿ ਉਹ ਅਪਣੇ ਬੇਟੇ ਨੂੰ ਰਾਏਬਰੇਲੀ ਨੂੰ ਸੌਂਪ ਰਹੀ ਹੈ। ਉਨ੍ਹਾਂ ਨੂੰ ਇਕ ਵੀ ਸਮਰਪਿਤ ਪਾਰਟੀ ਵਰਕਰ ਨਹੀਂ ਮਿਲਿਆ... ਰਾਏਬਰੇਲੀ ਦੇ ਵੋਟਰ ਉਨ੍ਹਾਂ ਨੂੰ ਪੁੱਛਦੇ ਹਨ ਕਿ ਜਦੋਂ ਕੋਵਿਡ ਮਹਾਂਮਾਰੀ ਦੌਰਾਨ ਲੋਕ ਮੁਸੀਬਤ ’ਚ ਸਨ ਤਾਂ ਉਹ ਕਿੱਥੇ ਸਨ।’’
ਉਨ੍ਹਾਂ ਦੋਸ਼ ਲਾਇਆ, ‘‘ਕਾਂਗਰਸ ਇਕ ਵਸੀਅਤਨਾਮਾ ਲਿਖ ਰਹੀ ਹੈ। ਉਹ ਸੰਸਦ ਦੀ ਸੀਟ ਨੂੰ ਪਰਵਾਰਕ ਜਾਇਦਾਦ ਮੰਨਦੇ ਹਨ।’’ ਪ੍ਰਧਾਨ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਝਾਰਖੰਡ ਸਰਕਾਰ ਪੂਰਬੀ ਸਿੰਘਭੂਮ ’ਚ ਪ੍ਰਸਤਾਵਿਤ ਧਲਭੂਮਗੜ੍ਹ ਹਵਾਈ ਅੱਡੇ ਦੇ ਰਾਹ ’ਚ ਰੁਕਾਵਟਾਂ ਪੈਦਾ ਕਰ ਰਹੀ ਹੈ। ਜਮਸ਼ੇਦਪੁਰ ’ਚ 25 ਮਈ ਨੂੰ ਵੋਟਾਂ ਪੈਣਗੀਆਂ। ਇੱਥੇ 18.41 ਲੱਖ ਵੋਟਰ ਹਨ।