ਹਮਲਾ ਜਾਨਲੇਵਾ ਹੋ ਸਕਦਾ ਸੀ, ਬਿਭਵ ਜਵਾਬ ਦੇਣ ਤੋਂ ਬਚ ਰਹੇ : ਦਿੱਲੀ ਪੁਲਿਸ ਨੇ ਰਿਮਾਂਡ ਦਸਤਾਵੇਜ਼ ’ਚ ਕਿਹਾ
Published : May 19, 2024, 10:02 pm IST
Updated : May 19, 2024, 10:02 pm IST
SHARE ARTICLE
Bibhav Kumar
Bibhav Kumar

ਕਿਹਾ, ਅਪ੍ਰੈਲ 2024 ਵਿਚ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਦੇ ਅਹੁਦੇ ਤੋਂ ਹਟਾਏ ਜਾਣ ਦੇ ਬਾਵਜੂਦ ਕੁਮਾਰ ਅਜੇ ਵੀ ਮੁੱਖ ਮੰਤਰੀ ਦਫ਼ਤਰ ਵਿਚ ਕੰਮ ਕਰ ਰਹੇ ਹਨ

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਆਗੂ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ 7 ਦਿਨਾਂ ਦੀ ਹਿਰਾਸਤ ਦੀ ਮੰਗ ਕਰਦਿਆਂ ਸਨਿਚਰਵਾਰ ਦੇਰ ਸ਼ਾਮ ਨੂੰ ਦਾਇਰ ਇਕ ਰਿਮਾਂਡ ਅਰਜ਼ੀ ’ਚ ਕਿਹਾ ਕਿ ਇਹ ਇਕ ‘ਗੰਭੀਰ ਮਾਮਲਾ’ ਹੈ ਜਿਸ ’ਚ ‘ਬੇਰਹਿਮੀ ਨਾਲ ਕੀਤਾ ਗਿਆ ਹਮਲਾ ਜਾਨਲੇਵਾ’ ਹੋ ਸਕਦਾ ਸੀ। 

ਕੁਮਾਰ ਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜਣ ਵਾਲੇ ਮੈਟਰੋਪੋਲੀਟਨ ਮੈਜਿਸਟਰੇਟ ਗੌਰਵ ਗੋਇਲ ਨੂੰ ਜਾਂਚ ਏਜੰਸੀ ਨੇ ਦਸਿਆ ਕਿ ਕੇਜਰੀਵਾਲ ਦੇ ਸਹਿਯੋਗੀ ਪੁਲਿਸ ਨਾਲ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਜਵਾਬ ਦੇਣ ਤੋਂ ਬਚ ਰਹੇ ਹਨ। 

ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ (ਉੱਤਰੀ ਜ਼ਿਲ੍ਹਾ) ਅੰਜੀਤਾ ਚੇਪਿਆਲਾ ਵਲੋਂ ਦਸਤਖਤ ਕੀਤੀ ਰਿਮਾਂਡ ਅਰਜ਼ੀ ’ਚ ਕਿਹਾ ਗਿਆ ਹੈ, ‘‘ਇਹ ਬਹੁਤ ਗੰਭੀਰ ਮਾਮਲਾ ਹੈ ਜਿਸ ’ਚ ਇਕ ਜਨਤਕ ਸ਼ਖਸੀਅਤ, ਸੰਸਦ ਮੈਂਬਰ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ ਜੋ ਜਾਨਲੇਵਾ ਹੋ ਸਕਦਾ ਸੀ। ਵਿਸ਼ੇਸ਼ ਸਵਾਲ ਪੁੱਛੇ ਜਾਣ ਦੇ ਬਾਵਜੂਦ, ਦੋਸ਼ੀ ਨੇ ਜਾਂਚ ’ਚ ਸਹਿਯੋਗ ਨਹੀਂ ਕੀਤਾ ਅਤੇ ਜਵਾਬ ਦੇਣ ਤੋਂ ਪਰਹੇਜ਼ ਕੀਤਾ।’’ 

ਰਿਮਾਂਡ ਅਰਜ਼ੀ ’ਚ ਕਿਹਾ ਗਿਆ ਹੈ ਕਿ ਮੈਜਿਸਟਰੇਟ ਦੇ ਸਾਹਮਣੇ ਮਾਲੀਵਾਲ ਦੀ ਗਵਾਹੀ ਦੀ ਪੁਸ਼ਟੀ ਡਾਕਟਰੀ ਸਬੂਤਾਂ ਵਲੋਂ ਕੀਤੀ ਗਈ ਸੀ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਮਾਲੀਵਾਲ ਦੇ ਦੋਸ਼ਾਂ ਅਨੁਸਾਰ ਕੁਮਾਰ ਨੇ ਉਸ ’ਤੇ ਬੇਰਹਿਮੀ ਨਾਲ ਹਮਲਾ ਕੀਤਾ, ਉਸ ਨੂੰ ਘਸੀਟਿਆ ਅਤੇ ਮੇਜ਼ ’ਤੇ ਉਸ ਦਾ ਸਿਰ ਮਾਰਿਆ। ਇਸ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿਚ ਸੱਭ ਤੋਂ ਮਹੱਤਵਪੂਰਨ ਸਬੂਤ ਅਪਰਾਧ ਵਾਲੀ ਥਾਂ ਦਾ ਡਿਜੀਟਲ ਵੀਡੀਉ ਰੀਕਾਰਡ (ਡੀ.ਵੀ.ਆਰ.) ਹੈ, ਜੋ ਅਜੇ ਤਕ ਪੁਲਿਸ ਨੂੰ ਮੁਹੱਈਆ ਨਹੀਂ ਕਰਵਾਇਆ ਗਿਆ ਹੈ। 

ਪੁਲਿਸ ਹਿਰਾਸਤ ਦੀ ਮੰਗ ਕਰਨ ਵਾਲੀ ਅਰਜ਼ੀ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਇਕ ਜੂਨੀਅਰ ਇੰਜੀਨੀਅਰ ਨੇ ਮੰਨਿਆ ਸੀ ਕਿ ਉਸ ਦੀ ਉਸ ਜਗ੍ਹਾ ਤਕ ਪਹੁੰਚ ਨਹੀਂ ਸੀ ਜਿੱਥੇ ਡੀ.ਵੀ.ਆਰ. ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ ਪਰ ਬਾਅਦ ’ਚ ਡਾਇਨਿੰਗ ਰੂਮ ਦੀ ਵੀਡੀਉ ਦਿਤੀ ਪਰ ਕਥਿਤ ਘਟਨਾ ਦੇ ਸਮੇਂ ਕੋਈ ਫੁਟੇਜ ਨਹੀਂ ਸੀ। 

ਅਰਜ਼ੀ ਵਿਚ ਕਿਹਾ ਗਿਆ ਹੈ ਕਿ ਕੁਮਾਰ ਸਨਿਚਰਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮੌਜੂਦ ਸਨ ਅਤੇ ਜਦੋਂ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਗਈ ਤਾਂ ਉਨ੍ਹਾਂ ਨੇ ਟਾਲ-ਮਟੋਲ ਵਾਲੇ ਜਵਾਬ ਦਿਤੇ। 

ਇਸ ’ਚ ਕਿਹਾ ਗਿਆ ਹੈ, ‘‘ਅਪਰਾਧ ਵਾਲੀ ਥਾਂ ’ਤੇ ਉਨ੍ਹਾਂ ਦੀ ਮੌਜੂਦਗੀ ਇਲੈਕਟ੍ਰਾਨਿਕ ਉਪਕਰਣਾਂ ਸਮੇਤ ਮਹੱਤਵਪੂਰਨ ਸਬੂਤਾਂ ਨਾਲ ਛੇੜਛਾੜ ਦੀ ਮਜ਼ਬੂਤ ਸੰਭਾਵਨਾ ਪੈਦਾ ਕਰਦੀ ਹੈ। ਦੋਸ਼ੀ ਇਕ ਪ੍ਰਭਾਵਸ਼ਾਲੀ ਵਿਅਕਤੀ ਹੈ ਅਤੇ ਨੌਂ ਸਾਲਾਂ ਤੋਂ ਵੱਧ ਸਮੇਂ ਤੋਂ ਇਕ ਸਰਕਾਰੀ ਅਹੁਦੇ ’ਤੇ ਕੰਮ ਕਰ ਰਿਹਾ ਹੈ ਅਤੇ ਅਜਿਹੀ ਸਥਿਤੀ ’ਚ ਉਹ ਮੁੱਖ ਮੰਤਰੀ ਦੀ ਰਿਹਾਇਸ਼ ’ਚ ਗਵਾਹਾਂ ਨੂੰ ਪ੍ਰਭਾਵਤ ਕਰ ਸਕਦਾ ਹੈ ਅਤੇ ਦਬਾਅ ਪਾ ਸਕਦਾ ਹੈ।’’ 

ਅਰਜ਼ੀ ’ਚ ਪੁਲਿਸ ਹਿਰਾਸਤ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਦਸਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ 2024 ਵਿਚ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਦੇ ਅਹੁਦੇ ਤੋਂ ਹਟਾਏ ਜਾਣ ਦੇ ਬਾਵਜੂਦ ਕੁਮਾਰ ਅਜੇ ਵੀ ਮੁੱਖ ਮੰਤਰੀ ਦਫ਼ਤਰ ਵਿਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕਰਨ ਦੀ ਜ਼ਰੂਰਤ ਹੈ ਕਿ ਉਹ ਕਿਸ ਸਮਰੱਥਾ ਅਤੇ ਅਥਾਰਟੀ ਵਿਚ ਕੰਮ ਕਰ ਰਹੇ ਹਨ। 

ਕੁਮਾਰ ’ਤੇ ਨੋਇਡਾ ’ਚ ਡਿਊਟੀ ’ਤੇ ਤਾਇਨਾਤ ਇਕ ਸਰਕਾਰੀ ਮੁਲਾਜ਼ਮ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਦਾ ਮਾਮਲਾ ਵੀ ਦਰਜ ਹੈ। ਅਰਜ਼ੀ ’ਚ ਕਿਹਾ ਗਿਆ ਹੈ ਕਿ ਇਕ ਜਨਤਕ ਸ਼ਖਸੀਅਤ ਅਤੇ ਮੌਜੂਦਾ ਸੰਸਦ ਮੈਂਬਰ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਹੈ, ਇਸ ਲਈ ਇਸ ਹਮਲੇ ਦੇ ਪਿੱਛੇ ਸਾਜ਼ਸ਼ ਅਤੇ ਮਕਸਦ ਦੇ ਸਾਰੇ ਪਹਿਲੂਆਂ ਦਾ ਪਰਦਾਫਾਸ਼ ਕਰਨ ਲਈ ਲਗਾਤਾਰ ਪੁੱਛ-ਪੜਤਾਲ ਦੀ ਜ਼ਰੂਰਤ ਹੈ। 

ਦਿੱਲੀ ਪੁਲਿਸ ਦੀ ਟੀਮ ਕੇਜਰੀਵਾਲ ਦੀ ਰਿਹਾਇਸ਼ ’ਤੇ ਪਹੁੰਚੀ, ਸੀ.ਸੀ.ਟੀ.ਵੀ. ਡਿਜੀਟਲ ਵੀਡੀਉ ਰੀਕਾਰਡਰ ਜ਼ਬਤ ਕੀਤਾ 

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੀ ਜਾਂਚ ਦੇ ਸਿਲਸਿਲੇ ’ਚ ਦਿੱਲੀ ਪੁਲਿਸ ਦੀ ਇਕ ਟੀਮ ਐਤਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚੀ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। 

ਉਨ੍ਹਾਂ ਦਸਿਆ ਕਿ ਪੁਲਿਸ ਟੀਮ ਨੇ 13 ਮਈ ਨੂੰ ਮਾਲੀਵਾਲ ’ਤੇ ਹੋਏ ਕਥਿਤ ਹਮਲੇ ਦੀ ਫੁਟੇਜ ਹਾਸਲ ਕਰਨ ਲਈ ਸੀ.ਸੀ.ਟੀ.ਵੀ. ਡੀ.ਵੀ.ਆਰ. (ਡਿਜੀਟਲ ਵੀਡੀਉ ਰੀਕਾਰਡਰ) ਸਮੇਤ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਹਨ। ਉਸ ਦਿਨ ਕੇਜਰੀਵਾਲ ਦੇ ਕਰੀਬੀ ਸਹਿਯੋਗੀ ਬਿਭਵ ਕੁਮਾਰ ਨੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ‘ਆਪ’ ਦੇ ਰਾਜ ਸਭਾ ਮੈਂਬਰ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਸੀ। 

ਮਾਲੀਵਾਲ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੀ ਸੀ.ਸੀ.ਟੀ.ਵੀ. ਫੁਟੇਜ ਨਾਲ ਛੇੜਛਾੜ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਮਾਲੀਵਾਲ ਦੀ ਸ਼ਿਕਾਇਤ ’ਤੇ ਕੁਮਾਰ ਵਿਰੁਧ ਛੇੜਛਾੜ ਅਤੇ ਗੈਰ ਇਰਾਦਤਨ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ। 

ਉਧਰ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਪੁਲਿਸ ’ਤੇ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਅਕਸ ਖਰਾਬ ਕਰਨ ਲਈ ਝੂਠੀਆਂ ਕਹਾਣੀਆਂ ਘੜਨ ਦਾ ਦੋਸ਼ ਲਗਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਉਸ ਨੇ ਸਵਾਤੀ ਮਾਲੀਵਾਲ ’ਤੇ ਹੋਏ ਹਮਲੇ ਦੀ ਜਾਂਚ ਦੇ ਸਿਲਸਿਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਜ਼ਬਤ ਕਰ ਲਈ ਹੈ। ਦਿੱਲੀ ਪੁਲਿਸ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ। 

ਐਤਵਾਰ ਨੂੰ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਹੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. (ਡਿਜੀਟਲ ਵੀਡੀਉ ਰੀਕਾਰਡਰ) ਜ਼ਬਤ ਕਰ ਲਈ ਹੈ। 

ਉਨ੍ਹਾਂ ਕਿਹਾ, ‘‘ਕੱਲ੍ਹ (ਸਨਿਚਰਵਾਰ) ਉਨ੍ਹਾਂ ਨੇ ਪ੍ਰਵੇਸ਼ ਦੁਆਰ ਦੀ ਕੰਧ ’ਤੇ ਲੱਗੇ ਕੈਮਰਿਆਂ ਦੀ ਡੀ.ਵੀ.ਆਰ. ਜ਼ਬਤ ਕਰ ਲਈ ਅਤੇ ਅੱਜ (ਐਤਵਾਰ) ਉਨ੍ਹਾਂ ਨੇ ਘਰ ਦੇ ਹੋਰ ਹਿੱਸਿਆਂ ’ਚ ਲੱਗੇ ਕੈਮਰਿਆਂ ਦੀ ਡੀ.ਵੀ.ਆਰ. ਜ਼ਬਤ ਕਰ ਲਈ। ਪੁਲਿਸ ਅਜਿਹੀਆਂ ਖ਼ਬਰਾਂ ਬਣਾ ਰਹੀ ਹੈ ਕਿ ਸੀ.ਸੀ.ਟੀ.ਵੀ. (ਕੈਮਰਾ) ਫੁਟੇਜ ਹਟਾ ਦਿਤੀ ਗਈ ਹੈ ਪਰ ਉਨ੍ਹਾਂ ਨੇ ਪਹਿਲਾਂ ਹੀ ਇਸ ਨੂੰ ਜ਼ਬਤ ਕਰ ਲਿਆ ਹੈ।’’

ਭਾਰਦਵਾਜ ਨੇ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ਅਤੇ ਉਨ੍ਹਾਂ ਵਿਚ ਰੀਕਾਰਡ ਕੀਤੀ ਗਈ ਫੁਟੇਜ ਦੀ ਦੇਖਭਾਲ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਵਲੋਂ ਕੀਤੀ ਜਾਂਦੀ ਹੈ। ਉਸ ਨੇ ਇਸ ਮਾਮਲੇ ’ਚ ਘਟਨਾਵਾਂ ਦੇ ਕ੍ਰਮ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੁਲਿਸ ਚੋਣਾਂ ਤੋਂ ਪਹਿਲਾਂ ‘ਆਪ’ ਦਾ ਅਕਸ ਖਰਾਬ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕਹਾਣੀਆਂ ਘੜ ਰਹੀ ਹੈ।

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement