
ਖੇਤੀਬਾੜੀ ਮੰਤਰੀ ਨੇ ਕਿਹਾ-ਪਾਣੀ ਤੇ ਖੂਨ ਇਕੱਠੇ ਨਹੀਂ ਵਹਿ ਸਕਦੇ
Shivraj Singh Chauhan: ਪੰਜਾਬ, ਹਰਿਆਣਾ, ਉਤਰਾਖੰਡ ਅਤੇ ਰਾਜਸਥਾਨ ਦੇ ਕਿਸਾਨ ਸੰਗਠਨਾਂ ਦੇ ਇਕ ਸਮੂਹ ਨੇ ਸਿੰਧੂ ਜਲ ਸਮਝੌਤੇ (ਆਈ.ਡਬਲਿਊ.ਟੀ.) ਨੂੰ ਮੁਲਤਵੀ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਹੈ।
ਇੱਥੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਗੱਲਬਾਤ ਦੌਰਾਨ ਸੰਯੁਕਤ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.-ਗੈਰ-ਸਿਆਸੀ) ਦੇ ਨੁਮਾਇੰਦਿਆਂ ਅਤੇ ਹੋਰ ਕਿਸਾਨ ਨੇਤਾਵਾਂ ਨੇ ਇਸ ਨੂੰ ‘ਇਤਿਹਾਸਕ ਫੈਸਲਾ’ ਕਰਾਰ ਦਿਤਾ ਅਤੇ ਪੁਸ਼ਟੀ ਕੀਤੀ ਕਿ ਕਿਸਾਨ ਭਾਈਚਾਰਾ ਇਸ ਮੁੱਦੇ ’ਤੇ ਸਰਕਾਰ ਦੇ ਨਾਲ ਖੜਾ ਹੈ।
ਚੌਹਾਨ ਨੇ ਕਿਹਾ, ‘‘ਸੰਧੀ ਨੂੰ ਮੁਲਤਵੀ ਰੱਖਣ ਦਾ ਫੈਸਲਾ ਦੇਸ਼ ਅਤੇ ਕਿਸਾਨਾਂ ਦੇ ਹਿੱਤ ’ਚ ਹੈ। ... ਸਿੰਧੂ ਨਦੀ ਦੇ ਪਾਣੀ ਨੂੰ ਖੇਤੀਬਾੜੀ ਅਤੇ ਹੋਰ ਉਦੇਸ਼ਾਂ ਲਈ ਵਰਤਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ।’’ ਉਨ੍ਹਾਂ ਨੇ ਮਾਹਰਾਂ ਦੇ ਵਿਰੋਧ ਦੇ ਬਾਵਜੂਦ ਸੰਧੀ ’ਤੇ ਦਸਤਖਤ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਆਲੋਚਨਾ ਕੀਤੀ।
ਚੌਹਾਨ ਨੇ ਕਿਹਾ, ‘‘ਉਸ ਸਮੇਂ ਨਹਿਰੂ ਨੇ ਨਾ ਸਿਰਫ ਪਾਕਿਸਤਾਨ ਨੂੰ ਪਾਣੀ ਦਿਤਾ ਬਲਕਿ 83 ਕਰੋੜ ਰੁਪਏ ਦਾ ਫੰਡ ਵੀ ਦਿਤਾ। 1960 ਵਿਚ ਹਸਤਾਖਰ ਕੀਤੇ ਗਏ ਆਈਡਬਲਯੂਟੀ ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵੰਡ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਇਤਿਹਾਸਕ ਸਮਝੌਤਾ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਵੱਡੇ ਅਤਿਵਾਦੀ ਹਮਲੇ ਤੋਂ ਬਾਅਦ ਇਸ ਸੰਧੀ ਨੂੰ ਮੁਅੱਤਲ ਕਰ ਦਿਤਾ ਗਿਆ ਸੀ।’’
ਸੋਮਵਾਰ ਦੇ ਸਮਾਗਮ ਦੌਰਾਨ ਚੌਹਾਨ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਹੁਸੈਨੀਵਾਲਾ ਪਿੰਡ ਦੇ ਪੰਜਾਬ ਦੇ ਕਿਸਾਨ ਗੋਮਾ ਸਿੰਘ ਨੂੰ ਲੜਾਈ ਦੌਰਾਨ ਫੌਜ ਦੇ ਜਵਾਨਾਂ ਲਈ ਅਪਣਾ ਘਰ ਖਾਲੀ ਕਰਨ ਲਈ ਸਨਮਾਨਿਤ ਕੀਤਾ। ਖੇਤੀਬਾੜੀ ਸਕੱਤਰ ਦੇਵੇਸ਼ ਚਤੁਰਵੇਦੀ ਅਤੇ ਆਈਸੀਏਆਰ (ਭਾਰਤੀ ਖੇਤੀਬਾੜੀ ਖੋਜ ਪਰਿਸ਼ਦ) ਦੇ ਡਾਇਰੈਕਟਰ ਜਨਰਲ ਐਮ ਐਲ ਜਾਟ ਵੀ ਇਸ ਸਮਾਰੋਹ ’ਚ ਮੌਜੂਦ ਸਨ।