ਲੋਕ ਸਭਾ ’ਚ ਇਨ੍ਹਾਂ ਪਾਰਟੀਆਂ ਦੇ 91 ਸੰਸਦ ਮੈਂਬਰ ਹਨ
ਨਵੀਂ ਦਿੱਲੀ: ਦੇਸ਼ ਦੀਆਂ 65 ਸਿਆਸੀ ਪਾਰਟੀਆਂ ਨੇ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਅਤੇ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਨੂੰ ਚੁਣਿਆ ਹੈ, ਪਰ 11 ਅਹਿਮ ਪਾਰਟੀਆਂ ਵੀ ਇਸ ਤਰ੍ਹਾਂ ਦੀਆਂ ਹਨ, ਜੋ ਕਿ ਨਹੀਂ ਹਨ।
ਇਨ੍ਹਾਂ 11 ਪਾਰਟੀਆਂ ਦੇ ਕੁਲ 91 ਸੰਸਦ ਮੈਂਬਰ ਹਨ ਅਤੇ ਇਨ੍ਹਾਂ ਦੀ ਆਪੋ-ਆਪਣੇ ਸੂਬਿਆਂ ਵਿਚ ਅਸਰਦਾਰ ਮੌਜੂਦਗੀ ਵੀ ਹੈ।
ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਉੜੀਸਾ ਤੋਂ ਕੁੱਲ 63 ਮੈਂਬਰ ਲੋਕ ਸਭਾ ਲਈ ਚੁਣੇ ਜਾਂਦੇ ਹਨ। ਇਨ੍ਹਾਂ ਤਿੰਨਾਂ ਸੂਬਿਆਂ ਦੀਆਂ ਸੱਤਾਧਾਰੀ ਪਾਰਟੀਆਂ ਲੜੀਵਾਰ ਵਾਈ.ਐਸ.ਆਰ. ਕਾਂਗਰਸ ਪਾਰਟੀ, ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਅਤੇ ਬੀਜੂ ਜਨਤਾ ਦਲ (ਬੀ.ਜੇ.ਡੀ.) ਦੋਹਾਂ ਗਠਜੋੜਾਂ ਤੋਂ ਦੂਰ ਹਨ।
ਕਾਂਗਰਸ ਅਤੇ 25 ਵਿਰੋਧੀ ਪਾਰਟੀਆਂ ਨੇ ਮੰਗਲਵਾਰ ਨੂੰ ਬੈਂਗਲੁਰੂ ’ਚ ਬੈਠਕ ਤੋਂ ਬਾਅਦ ਅਪਣੇ ਗਠਜੋੜ ਦਾ ਨਾਂ ‘ਇੰਡੀਆ' (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਤੈਅ ਕੀਤਾ। ਦੂਜੇ ਪਾਸੇ ਮੰਗਲਵਾਰ ਨੂੰ ਹੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਮੀਟਿੰਗ ਹੋਈ ਜਿਸ ’ਚ 39 ਪਾਰਟੀਆਂ ਨੇ ਹਿੱਸਾ ਲਿਆ।
ਵਾਈ.ਐਸ.ਆਰ. ਕਾਂਗਰਸ, ਬੀ.ਆਰ.ਐਸ. ਅਤੇ ਬੀ.ਜੇ.ਡੀ. ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਬੀ.ਐਸ.ਪੀ.) ਵੀ ਇਕ ਮਹੱਤਵਪੂਰਨ ਪਾਰਟੀ ਹੈ ਜਿਸ ਨੇ ਨਿਰਪੱਖ ਸਟੈਂਡ ਅਪਣਾਇਆ ਹੋਇਆ ਹੈ। ਬਸਪਾ ਦਾ ਉੱਤਰ ਪ੍ਰਦੇਸ਼ ’ਚ ਮੁੱਖ ਅਧਾਰ ਹੈ ਅਤੇ ਕਈ ਹੋਰ ਸੂਬਿਆਂ ’ਚ ਵੀ ਇਸ ਦੀ ਮੌਜੂਦਗੀ ਹੈ। ਇਹ ਇਕ ਕੌਮੀ ਪਾਰਟੀ ਹੈ ਅਤੇ ਇਸ ਦੇ ਲੋਕ ਸਭਾ ’ਚ 9 ਮੈਂਬਰ ਹਨ।
ਬਸਪਾ ਮੁਖੀ ਮਾਇਆਵਤੀ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਦੇ ਨਾਲ-ਨਾਲ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ’ਚ ਇਕੱਲੇ ਹੀ ਉਤਰੇਗੀ।
ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐਮ.ਆਈ.ਐਮ.), ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.), ਸ਼੍ਰੋਮਣੀ ਅਕਾਲੀ ਦਲ, ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ, ਜਨਤਾ ਦਲ (ਸੈਕੂਲਰ), ਨੈਸ਼ਨਲ ਡੈਮੋਕਰੇਟਿਕ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ.) ਵੀ ਹੁਣ ਤਕ ਕਿਸੇ ਗਠਜੋੜ ਦਾ ਹਿੱਸਾ ਨਹੀਂ ਹਨ।
ਵਾਈ.ਐਸ.ਆਰ. ਕਾਂਗਰਸ ਅਤੇ ਬੀ.ਜੇ.ਡੀ. ਨੇ ਜ਼ਿਆਦਾਤਰ ਮੌਕਿਆਂ ’ਤੇ ਸੰਸਦ ਵਿਚ ਸੱਤਾਧਾਰੀ ਪਾਰਟੀ ਦੇ ਸਮਰਥਨ ਵਿਚ ਵੋਟ ਕੀਤਾ ਹੈ।
ਬੀ.ਜੇ.ਡੀ. ਮੁਖੀ ਅਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬੇ ’ਚ ਕੇਂਦਰੀ ਯੋਜਨਾਵਾਂ ਨੂੰ ਢੁਕਵਾਂ ਸਮਰਥਨ ਨਾ ਦੇਣ ਲਈ ਭਾਜਪਾ ਦੀ ਆਲੋਚਨਾ ਕੀਤੀ ਹੈ ਅਤੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਵੀਰਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ’ਚ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਕਿਹਾ ਹੈ।
ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਾਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਨਾਲ ‘ਸਿਆਸੀ ਅਛੂਤ’ ਵਾਂਗ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਪਾਰਟੀ ਦਾ ਹੈਦਰਾਬਾਦ ’ਚ ਪ੍ਰਭਾਵ ਹੈ ਅਤੇ ਉਹ ਦੇਸ਼ ਦੇ ਕੁਝ ਹੋਰ ਹਿੱਸਿਆਂ ’ਚ ਵਿਸਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।