ਪੀੜਤ ਕੁੜੀ ਦੀਆਂ ਅੱਖਾਂ ’ਤੇ ਸੱਟ ਲੱਗੀ ਅਤੇ ਸਰੀਰ ’ਤੇ ਵੀ ਸਾੜੇ ਜਾਣ ਦੇ ਨਿਸ਼ਾਨ ਮਿਲੇ
ਨਵੀਂ ਦਿੱਲੀ: ਦਖਣੀ-ਪਛਮੀ ਦਿੱਲੀ ਦੇ ਦਵਾਰਕਾ ’ਚ ਇਕ ਔਰਤ ਪਾਇਲਟ ਅਤੇ ਉਸ ਦੇ ਪਤੀ ਨੇ ਬੁਧਵਾਰ ਨੂੰ ਕਥਿਤ ਤੌਰ ’ਤੇ 10 ਸਾਲਾਂ ਦੀ ਘਰੇਲੂ ਨੌਕਰਾਣੀ ਕੁਟਮਾਰ ਕੀਤੀ ਜਿਸ ਦੀ ਭਿਣਕ ਲੱਗਣ ’ਤੇ ਭੜਕੀ ਹੋਈ ਭੀੜ ਨੇ ਦੋਹਾਂ ਦਾ ਕੁਟਾਪਾ ਚਾੜ੍ਹ ਦਿਤਾ। ਪੀੜਤ ਕੁੜੀ ਦੀਆਂ ਅੱਖਾਂ ’ਤੇ ਸੱਟ ਲੱਗੀ ਹੈ ਅਤੇ ਉਸ ਦੇ ਸਰੀਰ ’ਤੇ ਵੀ ਸਾੜੇ ਜਾਣ ਦੇ ਨਿਸ਼ਾਨ ਹਨ।
ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਲਜ਼ਮ ਕੌਸ਼ਿਕ ਬਾਗਚੀ (36) ਅਤੇ ਪੂਰਣਿਮਾ ਬਾਗਚੀ (33) ਨੂੰ ਬੱਚੀ ਦੀ ਕੁਟਮਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦਸਿਆ ਕਿ ਔਰਤ ਇਕ ਨਿਜੀ ਏਅਰਲਾਈਨ ’ਚ ਪਾਈਲਟ ਹੈ, ਜਦਕਿ ਉਸ ਦਾ ਪਤੀ ਇਕ ਹੋਰ ਨਿਜੀ ਏਅਰਲਾਈਨ ਦਾ ਮੁਲਾਜ਼ਮ ਹੈ।
ਪੁਲਿਸ ਨੇ ਦਸਿਆ ਕਿ ਨਾਬਾਲਗ ਕੁੜੀ ਨੂੰ ਉਸ ਦੀ ਇਕ ਰਿਸ਼ਤੇਦਾਰ ਰਾਹੀਂ ਜੋੜੇ ਦੇ ਘਰ ਕੰਮ ’ਤੇ ਰਖਿਆ ਗਿਆ ਸੀ। ਕੁੜੀ ਦੀ ਰਿਸ਼ਤਦਾਰ ਵੀ ਨੇੜਲੇ ਇਕ ਘਰ ’ਚ ਕੰਮ ਕਰਦੀ ਸੀ। ਬੱਚੀ ਪਿਛਲੇ ਦੋ ਮਹੀਨਿਆਂ ਤੋਂ ਮੁਲਜ਼ਮਾਂ ਦੇ ਘਰ ’ਚ ਕੰਮ ਕਰ ਰਹੀ ਸੀ।
ਪੁਲਿਸ ਮੁਤਾਬਕ ਇਸ ਘਟਨਾ ਦੇ ਪਤਾ ਲੱਗਣ ਮਗਰੋਂ ਪਤੀ-ਪਤਨੀ ਨੂੰ ਪੀੜਤਾ ਦੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਘੇਰ ਲਿਆ ਅਤੇ ਉਨ੍ਹਾਂ ਦੀ ਕੁਟਮਾਰ ਕੀਤੀ। ਇਕ ਵੀਡੀਓ ’ਚ ਭੀੜ ’ਚ ਸ਼ਾਮਲ ਲੋਕਾਂ ਨੂੰ ਮੁਲਜ਼ਮ ਜੋੜੇ ਨਾਲ ਧੱਕਾ-ਮੁੱਕੀ ਕਰਦਿਆਂ ਅਤੇ ਕੁਝ ਔਰਤਾਂ ਵਲੋਂ ਮੁਲਜ਼ਮ ਪਾਇਲਟ ਨੂੰ ਥੱਪੜ ਮਾਰਦਿਆਂ ਅਤੇ ਉਸ ਦੇ ਵਾਲ ਖਿੱਚਦਿਆਂ ਵੇਖਿਆ ਜਾ ਸਕਦਾ ਹੈ।
ਵੀਡੀਓ ’ਚ ਕੌਸ਼ਿਕ ਭੀੜ ’ਚ ਸ਼ਾਮਲ ਲੋਕਾਂ ਨੂੰ ਕਹਿ ਰਿਹਾ ਹੈ, ‘‘ਉਹ ਮਰ ਜਾਏਗੀ... ਉਸ ਨੂੰ ਛੱਡ ਦਿਓ।’’ ਇਸ ਤੋਂ ਬਾਅਦ ਇਕ ਬਜ਼ੁਰਗ ਵਿਅਕਤੀ ਵਲੋਂ ਦਖ਼ਲਅੰਦਾਜ਼ੀ ਕਰਨ ਮਗਰੋਂ ਭੀੜ ਸ਼ਾਂਤ ਹੋਈ। ਅਧਿਕਾਰੀ ਨੇ ਕਿਹਾ ਕਿ ਵੀਡੀਓ ’ਚ ਵਿਆਹੁਤਾ ਜੋੜੇ ਦੀ ਮਾਰਕੁਟ ਕਰਦੇ ਦਿਸ ਰਹੇ ਲੋਕਾਂ ਵਿਰੁਧ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।