22 ਜੁਲਾਈ ਤਕ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ
ਨਵੀਂ ਦਿੱਲੀ, 19 ਜੁਲਾਈ: ਰਾਸ਼ਟਰੀ ਰਾਜਧਾਨੀ ਅਤੇ ਉਪਰਲੇ ਜਲਗ੍ਰਹਿਣ ਖੇਤਰਾਂ ’ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਸ਼ ਦੌਰਾਨ ਬੁਧਵਾਰ ਸਵੇਰੇ ਦਿੱਲੀ ਵਿਚ ਯਮੁਨਾ ਦਾ ਪਾਣੀ ਇਕ ਵਾਰ ਫਿਰ ਖ਼ਤਰੇ ਦੇ ਨਿਸ਼ਾਨ 205.33 ਮੀਟਰ ਨੂੰ ਪਾਰ ਕਰ ਗਿਆ। ਯਮੁਨਾ ਦਾ ਪਾਣੀ 12 ਘੰਟੇ ਪਹਿਲਾਂ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਸੀ।
ਕੇਂਦਰੀ ਜਲ ਕਮਿਸ਼ਨ (ਸੀ.ਡਬਲਯੂ.ਸੀ.) ਦੇ ਅੰਕੜਿਆਂ ਮੁਤਾਬਕ ਯਮੁਨਾ ਦਾ ਜਲ ਪੱਧਰ ਸ਼ਾਮ 6 ਵਜੇ 205.80 ਮੀਟਰ ਤਕ ਪਹੁੰਚ ਗਿਆ, ਜੋ ਵੀਰਵਾਰ ਸਵੇਰੇ 4 ਵਜੇ ਤਕ ਘੱਟ ਕੇ 205.45 ਮੀਟਰ ਤਕ ਪਹੁੰਚਣ ਦੀ ਸੰਭਾਵਨਾ ਸੀ। ਮੰਗਲਵਾਰ ਦੁਪਹਿਰ ਨੂੰ ਹਥੀਨੀਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਦੇ ਵਹਾਅ ਦੀ ਦਰ ਵਿਚ ਮਾਮੂਲੀ ਵਾਧਾ ਵੇਖਿਆ ਗਿਆ, ਜੋ ਕਿ 50,000 ਤੋਂ 60,000 ਕਿਊਸਿਕ ਦੇ ਵਿਚਕਾਰ ਸੀ।
ਬੁਧਵਾਰ ਸਵੇਰੇ 7 ਵਜੇ ਤਕ ਪ੍ਰਵਾਹ ਦਰ ਲਗਭਗ 39,000 ’ਤੇ ਆ ਗਈ। ਇਕ ਕਿਊਸਿਕ ਦਾ ਮਤਲਬ ਹੈ 28.32 ਲੀਟਰ ਪਾਣੀ ਪ੍ਰਤੀ ਸਕਿੰਟ।
ਭਾਰਤੀ ਮੌਸਮ ਵਿਭਾਗ ਨੇ 22 ਜੁਲਾਈ ਤਕ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿਤੀ ਹੈ।
ਯਮੁਨਾ ਨਦੀ ਦਾ ਜਲ ਪੱਧਰ ਮੰਗਲਵਾਰ ਰਾਤ ਅੱਠ ਵਜੇ ਖ਼ਤਰੇ ਦੇ ਨਿਸ਼ਾਨ ਤੋਂ 205.33 ਦੇ ਹੇਠਾਂ ਆ ਗਿਆ, ਜੋ ਪਿਛਲੇ ਅੱਠ ਦਿਨਾਂ ਤੋਂ ਭਾਰੀ ਮੀਂਹ ਤੋਂ ਬਾਅਦ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਸੀ। ਮੁੜ ਵਧਣ ਤੋਂ ਪਹਿਲਾਂ ਯਮੁਨਾ ’ਚ ਪਾਣੀ ਦਾ ਪੱਧਰ ਬੁਧਵਾਰ ਸਵੇਰੇ 5 ਵਜੇ 205.22 ਮੀਟਰ ਸੀ।
ਪਾਣੀ ਦਾ ਪੱਧਰ ਵਧਣ ਕਾਰਨ ਰਾਜਧਾਨੀ ਦੇ ਪਾਣੀ ਵਿਚ ਡੁੱਬੇ ਨੀਵੇਂ ਇਲਾਕਿਆਂ ਵਿਚ ਰਹਿ ਰਹੇ ਪ੍ਰਭਾਵਤ ਲੋਕਾਂ ਦੇ ਮੁੜ ਵਸੇਬੇ ਦਾ ਕੰਮ ਮੱਠਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤਕ ਰਾਹਤ ਕੈਂਪਾਂ ਵਿਚ ਰਹਿਣਾ ਪੈ ਸਕਦਾ ਹੈ। ਪਾਣੀ ਦਾ ਪੱਧਰ ਵਧਣ ਨਾਲ ਪਾਣੀ ਦੀ ਸਪਲਾਈ ’ਤੇ ਵੀ ਅਸਰ ਪੈ ਸਕਦਾ ਹੈ, ਜੋ ਪਿਛਲੇ ਚਾਰ-ਪੰਜ ਦਿਨਾਂ ਤੋਂ ਵਜ਼ੀਰਾਬਾਦ ਦੇ ਇਕ ਪੰਪ ਹਾਊਸ ’ਤੇ ਪਾਣੀ ਭਰਨ ਕਾਰਨ ਪ੍ਰਭਾਵਤ ਸੀ ਅਤੇ ਮੰਗਲਵਾਰ ਨੂੰ ਹੀ ਆਮ ਵਾਂਗ ਹੋ ਗਿਆ। ਇਹ ਪੰਪ ਹਾਊਸ ਵਜ਼ੀਰਾਬਾਦ, ਚੰਦਰਵਾਲ ਅਤੇ ਓਖਲਾ ਵਾਟਰ ਟ੍ਰੀਟਮੈਂਟ ਪਲਾਂਟਾਂ ਨੂੰ ਪਾਣੀ ਸਪਲਾਈ ਕਰਦਾ ਹੈ, ਜੋ ਕਿ ਰਾਜਧਾਨੀ ਦੇ 25 ਫੀ ਸਦੀ ਪਾਣੀ ਦੀ ਸਪਲਾਈ ਕਰਦੇ ਹਨ।
ਜ਼ਿਕਰਯੋਗ ਹੈ ਕਿ ਓਖਲਾ ਵਾਟਰ ਟ੍ਰੀਟਮੈਂਟ ਪਲਾਂਟ ਨੇ ਸ਼ੁਕਰਵਾਰ, ਚੰਦਰਵਾਲ ਐਤਵਾਰ ਅਤੇ ਵਜ਼ੀਰਾਬਾਦ ਨੇ ਮੰਗਲਵਾਰ ਨੂੰ ਕੰਮ ਕਰਨਾ ਸ਼ੁਰੂ ਕੀਤਾ।
ਦਿੱਲੀ ਜਲ ਬੋਰਡ (ਡੀ.ਜੇ.ਬੀ.) ਦੇ ਇਕ ਅਧਿਕਾਰੀ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ਪੱਲਾ ਵਿਖੇ ਨਦੀ ਦੇ ਹੜ੍ਹ ਦੇ ਮੈਦਾਨ ਵਿਚ ਕੁਝ ਟਿਊਬਵੈੱਲਾਂ ਦੇ ਭਰਨ ਕਾਰਨ ਰੋਜ਼ਾਨਾ ਸਿਰਫ 10-12 ਮਿਲੀਅਨ ਗੈਲਨ ਪਾਣੀ ਦੀ ਕਮੀ ਹੈ।
ਡੀ.ਜੇ.ਬੀ. ਪੱਲਾ ਹੜ੍ਹ ਦੇ ਮੈਦਾਨਾਂ ’ਚ ਲਗਾਏ ਗਏ ਟਿਊਬਵੈਲਾਂ ਤੋਂ ਪ੍ਰਤੀ ਦਿਨ ਲਗਭਗ 30 ਮਿਲੀਅਨ ਗੈਲਨ ਪਾਣੀ ਖਿੱਚਦਾ ਹੈ। ਵੀਰਵਾਰ ਨੂੰ 208.66 ਮੀਟਰ ਦੀ ਸਿਖਰ ’ਤੇ ਪਹੁੰਚਣ ਤੋਂ ਬਾਅਦ, ਯਮੁਨਾ ਦੇ ਪਾਣੀ ਦਾ ਪੱਧਰ ਹੌਲੀ-ਹੌਲੀ ਘੱਟ ਰਿਹਾ ਹੈ। ਹਾਲਾਂਕਿ ਸੋਮਵਾਰ ਨੂੰ ਪਾਣੀ ਦੇ ਪੱਧਰ ’ਚ ਮਾਮੂਲੀ ਵਾਧਾ ਹੋਇਆ ਸੀ ਪਰ ਪਾਣੀ ਦਾ ਪੱਧਰ ਫਿਰ ਘਟਣਾ ਸ਼ੁਰੂ ਹੋ ਗਿਆ।