ਰਾਜ ਸਰਕਾਰ ਨੇ ਮਰਹੂਮ ਕਾਂਗਰਸ ਆਗੂ ਦੇ ਪਰਿਵਾਰ ਦੀ ਬੇਨਤੀ ਨੂੰ ਮਨਜ਼ੂਰ ਕੀਤਾ
ਤਿਰੂਵਨੰਤਪੁਰਮ: ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਨੇ ਮਰਨ ਤੋਂ ਪਹਿਲਾਂ ਆਮ ਆਦਮੀ ਵਾਂਗ ਸਸਕਾਰ ਕਰਨ ਦੀ ਇੱਛਾ ਪ੍ਰਗਟਾਈ ਸੀ ਅਤੇ ਇਸ ਲਈ ਵੀਰਵਾਰ ਨੂੰ ਉਨ੍ਹਾਂ ਦੀ ਦੇਹ ਨੂੰ ਸਰਕਾਰੀ ਸਨਮਾਨਾਂ ਤੋਂ ਬਿਨਾਂ ਦਫ਼ਨਾਇਆ ਜਾਵੇਗਾ। ਸਾਬਕਾ ਮੁੱਖ ਮੰਤਰੀ ਚਾਂਡੀ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਦੇਹ ਨੂੰ ਵੀਰਵਾਰ ਨੂੰ ਕੋਟਾਯਮ ਦੇ ਪੁਥੁਪੱਲੀ ਸਥਿਤ ਉਨ੍ਹਾਂ ਦੇ ਚਰਚ ’ਚ ਈਸਾਈ ਰੀਤੀ ਰਿਵਾਜਾਂ ਨਾਲ ਦਫ਼ਨਾਇਆ ਜਾਵੇਗਾ।
ਆਮ ਤੌਰ 'ਤੇ ਸਾਬਕਾ ਮੁੱਖ ਮੰਤਰੀਆਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਂਦਾ ਹੈ, ਜਿਸ ’ਚ ਬੰਦੂਕਾਂ ਦੀ ਸਲਾਮੀ ਵੀ ਸ਼ਾਮਲ ਹੈ, ਪਰ ਚਾਂਡੀ ਦੇ ਅੰਤਿਮ ਸੰਸਕਾਰ 'ਤੇ ਅਜਿਹਾ ਨਹੀਂ ਹੋਵੇਗਾ।
ਕਾਂਗਰਸ ਦੇ ਸੀਨੀਅਰ ਆਗੂ ਰਮੇਸ਼ ਚੇਨੀਥਲਾ ਨੇ ਕਿਹਾ ਕਿ ਅਪਣੀ ਮੌਤ ਤੋਂ ਪਹਿਲਾਂ ਚਾਂਡੀ ਨੇ ਅਪਣੇ ਪ੍ਰਵਾਰ ਕੋਲ ਇੱਛਾ ਪ੍ਰਗਟਾਈ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਆਮ ਆਦਮੀ ਵਾਂਗ ਦਫ਼ਨਾਇਆ ਜਾਵੇ। ਉਨ੍ਹਾਂ ਨੇ ਦਸਿਆ, ‘‘ਉਨ੍ਹਾਂ ਨੇ ਇਕ ਆਮ ਆਦਮੀ ਵਾਂਗ ਸਸਕਾਰ ਕਰਨ ਦੀ ਇੱਛਾ ਪ੍ਰਗਟਾਈ ਸੀ।’’ ਉਸ ਦਾ ਪਰਿਵਾਰ ਉਸ ਇੱਛਾ ਨੂੰ ਪੂਰਾ ਕਰ ਰਿਹਾ ਹੈ।’’
ਸਰਕਾਰ ਦੇ ਇਕ ਸੂਤਰ ਨੇ ਦਸਿਆ ਕਿ ਚਾਂਡੀ ਦੇ ਪਰਿਵਾਰ ਨੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਸਰਕਾਰੀ ਸਨਮਾਨਾਂ ਤੋਂ ਬਿਨਾਂ ਇਕ ਆਮ ਆਦਮੀ ਵਾਂਗ ਦਫ਼ਨਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਸਕੱਤਰ ਅਤੇ ਵਿਧਾਇਕ ਪੀ.ਸੀ. ਵਿਸ਼ਨੂੰਨਾਥ ਨੇ ਕਿਹਾ ਕਿ ਰਾਜ ਸਰਕਾਰ ਨੇ ਮਰਹੂਮ ਨੇਤਾ ਦੇ ਪਰਿਵਾਰ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ 2010 ’ਚ ਕਾਂਗਰਸ ਦੇ ਦਿੱਗਜ ਨੇਤਾ ਅਤੇ ਕੇਰਲ ਦੇ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੇ. ਕਰੁਣਾਕਰਨ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਖੱਬੇ ਪੱਖੀ ਨੇਤਾਵਾਂ ਅਤੇ ਮੁੱਖ ਮੰਤਰੀਆਂ- ਈ.ਐਮ.ਐਸ. ਨੰਬੂਦਰੀਪਦ ਅਤੇ ਈ.ਕੇ. ਨਯਨਰ ਦੀਆਂ ਅੰਤਿਮ ਰਸਮਾਂ ਤੋਂ ਪਹਿਲਾਂ ਧਾਰਮਕ ਰਸਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ, ਪਰ ਉਨ੍ਹਾਂ ਦੇ ਅੰਤਿਮ ਸੰਸਕਾਰ ਵੀ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤੇ ਗਏ ਸਨ। ਦੋਵਾਂ ਦਾ ਕ੍ਰਮਵਾਰ 1998 ਅਤੇ 2004 ’ਚ ਦਿਹਾਂਤ ਹੋ ਗਿਆ ਸੀ।
ਚਾਂਡੀ ਦੇ ਅੰਤਿਮ ਸੰਸਕਾਰ ਲਈ ਕੋਟਾਯਮ ਜ਼ਿਲ੍ਹੇ ਦੇ ਪੁਥੁਪੱਲੀ ਆਰਥੋਡਾਕਸ ਚਰਚ ’ਚ ਤਿਆਰੀਆਂ ਚੱਲ ਰਹੀਆਂ ਹਨ।