
Delhi News : ਭਾਈ ਗੁਰਮੀਤ ਸਿੰਘ ਸ਼ਾਂਤ ਸ਼੍ਰੋਮਣੀ ਕੀਰਤਨੀਏ ਦੇ ਐਵਾਰਡ ਨਾਲ ਸਨਮਾਨਤ
Delhi News in Punjabi : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕਮੇਟੀ ਅਧੀਨ ਵੱਖ-ਵੱਖ ਗੁਰੂ ਘਰਾਂ ਵਿਚ ਗੁਰਮਤਿ ਸਮਾਗਮ ਹੋਏ ਜਿਹਨਾਂ ਵਿਚ ਰਾਗੀ ਸਿੰਘਾਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਇਆ ਜਿਥੇ ਪੰਥ ਦੇ ਸਿਰਮੌਰ ਰਾਗੀ ਸਿੰਘਾਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਹੀ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਸ਼੍ਰੋਮਣੀ ਕੀਤਰਨੀਏ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸ ਵੇਲੇ ਚਲ ਰਹੀ ਭਿਆਨਕ ਚੇਚਕ ਦੀ ਬਿਮਾਰੀ ਤੋਂ ਮਨੁੱਖਤਾ ਨੂੰ ਮੁਕਤੀ ਦੁਆਈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਛੋਟੀ ਉਮਰ ਵਿਚ ਹੀ ਕੌਮ ਨੂੰ ਵੱਡੀ ਸੇਧ ਦਿੱਤੀ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਸ਼੍ਰੋਮਣੀ ਕੀਰਤਨੀਏ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਇਸ ਕਰ ਕੇ ਲਿਆ ਕਿਉਂਕਿ ਰੋਜ਼ਾਨਾ ਬਦਲ ਰਹੀ ਜ਼ਿੰਦਗੀ ਵਿਚ ਕਈ ਰਾਗੀ ਸਿੰਘ ਗੁਰੂ ਸਾਹਿਬ ਵੱਲੋਂ ਦੱਸੀ ਸ਼ੈਲੀ ਤੋਂ ਪਾਸੇ ਹੋ ਕੇ ਕੀਰਤਨ ਕਰਨ ਲੱਗ ਪਏ ਸਨ। ਉਹਨਾਂ ਕਿਹਾ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਰਾਗਾਂ ਵਿਚ ਹੀ ਕੀਰਤਨ ਕਰੀਏ। ਉਹਨਾਂ ਕਿਹਾ ਕਿ ਅਸੀਂ ਹਰ ਮਹੀਨੇ ਰਾਗ ਦਰਬਾਰ ਦਾ ਆਯੋਜਨ ਵੀ ਇਸੇ ਕਰ ਕੇ ਕਰ ਰਹੇ ਹਾਂ ਤਾਂ ਜੋ ਰਾਗ ਨਾਲ ਕੀਰਤਨ ਕਰਨ ਦਾ ਸੰਗਤ ਲਾਹਾ ਲੈ ਸਕੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਗੱਲ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਬਹੁਤ ਵੱਡੀ ਪੱਧਰ ’ਤੇ ਇਹ ਸ਼ਹੀਦੀ ਸ਼ਤਾਬਦੀ ਮਨਾ ਰਹੀ ਹੈ। ਉਹਨਾਂ ਦੱਸਿਆ ਕਿ ਇਸਨੂੰ ਸਮਰਪਿਤ ਸਹਿਜ ਪਾਠਾਂ ਦੀ ਲੜੀ ਤਾਂ ਪਹਿਲਾਂ ਹੀ ਚਲ ਰਹੀ ਹੈ ਤੇ ਅਸੀਂ 27 ਜੁਲਾਈ ਨੂੰ ਇਸਤਰੀ ਸਤਿਸੰਗਤ ਦੇ ਸਮਾਗਮ ਨਾਲ ਵੱਡੀ ਸ਼ੁਰੂਆਤ ਕਰਾਂਗੇ। ਉਹਨਾਂ ਦੱਸਿਆ ਕਿ ਅਗਲੇ ਮਹੀਨੇ ਬੱਚਿਆਂ ਦੇ ਡਿਬੇਟ ਮੁਕਾਬਲੇ ਰੱਖੇ ਹਨ ਅਤੇ ਅਕਤੂਬਰ ਮਹੀਨੇ ਵਿਚ ਸਰਵ ਧਰਮ ਸੰਮੇਲਨ ਹੋਵੇਗਾ।
ਉਹਨਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਮੌਕੇ ਅਸੀਂ ਇਸ ਇਤਿਹਾਸ ਨੂੰ ਘਰ-ਘਰ ਪਹੁੰਚਾਈਏ। ਉਹਨਾਂ ਕਿਹਾ ਕਿ ਇਸ ਦਿਹਾੜੇ ਨੂੰ ਸਮਰਪਿਤ ਸੋਵੀਨਾਰ ਵੀ ਬੱਚੇ ਹੀ ਤਿਆਰ ਕਰਨਗੇ। ਇਸ ਵਾਸਤੇ ਅਸੀਂ ਅਧਿਆਪਕਾਂ ਦੀ ਡਿਊਟੀ ਲਗਾ ਰਹੇ ਹਾਂ ਜੋ ਸਰਵੋਤਮ ਕਾਰਗੁਜ਼ਾਰੀ ਵਾਲੇ ਬੱਚੇ ਚੁਣਨਗੇ।
ਉਹਨਾਂ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਸਾਨੂੰ ਸਹਿਯੋਗ ਦਿਓ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਦਿੱਲੀ ਵਿਚ ਹੋਈ ਸੀ, ਇਸ ਲਈ ਮੁੱਢਲੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ ਕਰੀਏ।
ਉਹਨਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਵੱਡੇ ਸਮਾਗਮ ਹੋਣਗੇ ਜਿਸ ਵਿਚ ਦੇਸ਼ ਦੀ ਸਿਖ਼ਰਲੀ ਲੀਡਰਸ਼ਿਪ ਵੀ ਸ਼ਾਮਲ ਹੋਵੇਗੀ। ਉਹਨਾਂ ਕਿਹਾ ਕਿ ਇਹ ਸਮਾਗਮ ਆਪਣੇ ਆਪ ਵਿਚ ਯਾਦਗਾਰੀ ਹੋਣਗੇ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸਮਾਗਮਾਂ ਵਾਸਤੇ ਵੱਧ ਚੜ੍ਹ ਕੇ ਸਹਿਯੋਗ ਦੇਵੇ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਇਹ ਵੀ ਦੱਸਿਆ ਕਿ ਕਮੇਟੀ ਵੱਲੋਂ ਆਪਣੇ ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੇ ਹੋਰ ਵਿਦਿਅਕ ਅਦਾਰਿਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਨੂੰ ਵਿਰਸੇ ਵਿਚ ਪੌਣੇ ਤਿੰਨ ਸੌ ਕਰੋੜ ਰੁਪਏ ਦੀ ਦੇਣਦਾਰੀ ਮਿਲੀ ਕਿਉਂਕਿ ਇਹਨਾਂ ਅਦਾਰਿਆਂ ਵਿਚ ਸਟਾਫ ਦੀ ਭਰਤੀ ਲੋੜ ਤੋਂ ਕਿਤੇ ਜ਼ਿਆਦਾ ਕੀਤੀ ਹੋਈ ਸੀ।
ਉਹਨਾਂ ਕਿਹਾ ਕਿ ਅਸੀਂ ਤਿੰਨ ਸਾਲਾਂ ਵਿਚ ਕਾਫੀ ਕੰਮ ਸਹੀ ਕੀਤਾ ਹੈ ਤੇ ਗੱਡੀ ਲੀਹ ’ਤੇ ਲਿਆਂਦੀ ਹੈ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਹ ਅਦਾਰੇ ਚਲਾਉਣ ਵਾਸਤੇ ਆਪਣੇ ਬੱਚੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਪੜ੍ਹਾਉਣ। ਉਹਨਾਂ ਕਿਹਾ ਕਿ ਸੰਗਤ ਨੇ ਬਹੁਤ ਵੱਡਾ ਹੁੰਗਾਰਾ ਪਹਿਲਾਂ ਵੀ ਦਿੱਤਾ ਹੈ ਤੇ ਹੁਣ ਵੀ ਲੋੜ ਹੈ ਕਿ ਅਸੀਂ ਆਪਣੇ ਬੱਚੇ ਇਹਨਾਂ ਸਕੂਲਾਂ ਵਿਚ ਪੜ੍ਹਾਈਏ। ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਦੇ ਨਤੀਜੇ ਬਹੁਤ ਚੰਗੇ ਆਏ ਹਨ।
(For more news apart from Delhi Gurdwara Committee celebrates Guru Harkrishan Sahib Ji's birth anniversary with devotion and enthusiasm News in Punjabi, stay tuned to Rozana Spokesman)