
ਸੀਬੀਆਈ ਨੇ ਬਲਾਤਕਾਰ ਪੀੜਤਾ ਅਤੇ ਉਸ ਦੇ ਵਕੀਲ ਦੇ ਬਿਆਨ ਹੁਣ ਤਕ ਦਰਜ ਨਾ ਹੋਣ ਦਾ ਹਵਾਲਾ ਦਿੱਤਾ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਉਸ ਸੜਕ ਹਾਦਸਾ ਮਾਮਲਾ ਦੀ ਜਾਂਚ ਪੂਰੀ ਕਰਨ ਲਈ ਸੀਬੀਆਈ ਨੂੰ ਹੋਰ ਦੋ ਹਫ਼ਤਿਆਂ ਦਾ ਸਮਾਂ ਦਿਤਾ ਹੈ ਜਿਸ ਵਿਚ ਉਨਾਉ ਬਲਾਤਕਾਰ ਪੀੜਤਾ ਅਤੇ ਉਸ ਦੇ ਵਕੀਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਉਸ ਦੇ ਦੋ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਸੀਬੀਆਈ ਨੂੰ ਜਾਂਚ ਪੂਰੀ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਦਿਤਾ ਸੀ। ਅਦਾਲਤ ਨੇ ਇਹ ਵੇਖਦਿਆਂ ਜਾਂਚ ਲਈ ਸਮਾਂ ਵਧਾ ਦਿਤਾ ਕਿ ਜਾਂਚ ਏਜੰਸੀ ਨੇ ਮਾਮਲੇ ਵਿਚ ਹਾਲੇ ਤਕ ਕਾਫ਼ੀ ਵਿਸਤ੍ਰਿਤ ਜਾਂਚ ਕੀਤੀ ਹੈ।
Unnao accident-rape case
ਸੀਬੀਆਈ ਨੇ ਬਲਾਤਕਾਰ ਪੀੜਤਾ ਅਤੇ ਉਸ ਦੇ ਵਕੀਲ ਦੇ ਬਿਆਨ ਹੁਣ ਤਕ ਦਰਜ ਨਾ ਹੋਣ ਦਾ ਹਵਾਲਾ ਦਿੰਦਿਆਂ ਜਾਂਚ ਪੂਰੀ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਸੀ। ਸੀਬੀਆਈ ਨੇ ਨਾਲ ਹੀ ਇਹ ਵੀ ਕਿਹਾ ਕਿ ਉਸ ਨੇ ਇਲੈਕਟ੍ਰਾਨਿਕ ਜਾਂਚ ਦਾ ਵਿਸ਼ਲੇਸ਼ਣ ਵੀ ਕਰਨਾ ਹੈ। ਜੱਜ ਦੀਪਕ ਗੁਪਤਾ ਅਤੇ ਜੱਜ ਅਨਿਰੁਧ ਬੋਸ ਦੇ ਬੈਂਚ ਨੇ ਯੂਪੀ ਸਰਕਾਰ ਨੂੰ ਉਸ ਵਕੀਲ ਨੂੰ ਪੰਜ ਲੱਖ ਰੁਪਏ ਦੇਣ ਦਾ ਹੁਕਮ ਵੀ ਦਿਤਾ ਜਿਹੜਾ ਗੰਭੀਰ ਹਾਲਤ ਵਿਚ ਹੈ ਅਤੇ ਇਲਾਜ ਅਧੀਨ ਹੈ।
Unnao rape victim accident
ਬੈਂਚ ਨੇ ਬਲਾਤਕਾਰ ਪੀੜਤਾ ਦੇ ਪਰਵਾਰ ਦੁਆਰਾ ਮੀਡੀਆ ਵਿਚ ਦਿਤੇ ਗਏ ਬਿਆਨਾਂ 'ਤੇ ਇਤਰਾਜ਼ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਨਾਲ ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਮਦਦ ਮਿਲ ਸਕਦੀ ਹੈ। ਬੈਂਚ ਨੇ ਕਿਹਾ, 'ਜੇ ਕੋਈ ਸ਼ਿਕਾਇਤ ਹੈ ਤਾਂ ਸਾਨੂੰ ਦੱਸੀ ਜਾਵੇ। ਅਸੀਂ ਤੁਹਾਡੀ ਮਦਦ ਲਈ ਤਿਆਰ ਹਾਂ। ਪਰਵਾਰ ਦੇ ਕੁੱਝ ਜੀਅ ਮੀਡੀਆ ਵਿਚ ਬਿਆਨ ਦੇ ਰਹੇ ਹਨ ਜਿਸ ਨਾਲ ਮੁਲਜ਼ਮਾਂ ਨੂੰ ਮਦਦ ਮਿਲ ਸਕਦੀ ਹੈ।' ਭਾਜਪਾ ਵਿਚੋਂ ਕੱਢੇ ਗਏ ਯੂਪੀ ਦੇ ਵਿਧਾਇਕ ਕੁਲਦੀਪ ਸੇਂਗਰ ਨੇ ਨਾਬਾਲਗ਼ ਨਾਲ 2017 ਵਿਚ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ।