
15 ਦਸੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਘਰੇਲੂ ਉਡਾਣਾਂ ਦੌਰਾਨ ਸਿੱਖਾਂ ਨੂੰ ਛੇ ਇੰਚ ਤਕ ਦੇ ਬਲੇਡ ਵਾਲੀ ਕ੍ਰਿਪਾਨ ਲੈ ਕੇ ਚੱਲਣ ਦੀ ਮਨਜ਼ੂਰੀ ਸਬੰਧੀ ਫ਼ੈਸਲੇ ’ਤੇ ਰੋਕ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿਤਾ ਹੈ। ਮੁੱਖ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬ੍ਰਮਣਿਅਮ ਪ੍ਰਸਾਦ ਦੀ ਬੈਂਚ ਨੇ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ ਕਿ ਕੋਈ ਰੋਕ ਨਹੀਂ। ਬੈਂਚ ਨੇ ਨਾਗਰ ਡਾਇਰੈਕਟੋਰੇਟ ਆਫ਼ ਸਿਵਲ ਏਵੀਏਸ਼ਨ ਤੋਂ ਇਸ ਪਟੀਸ਼ਨ ’ਤੇ ਅਪਣਾ ਸਟੈਂਡ ਜਾਣਨ ਦੀ ਮੰਗ ਕੀਤੀ। ਪਟੀਸ਼ਨ ਵਿਚ ਇਸ ਸਬੰਧੀ ਚਾਰ ਮਾਰਚ 2022 ਨੂੰ ਜਾਰੀ ਕੀਤੀ ਗਈ ਨੋਟੀਫ਼ੀਕੇਸ਼ਨ ਨੂੰ ਚੁਣੌਤੀ ਦਿਤੀ ਗਈ ਹੈ।
Delhi high court
ਬੈਂਚ ਨੇ ਇਸ ਪਟੀਸ਼ਨ ’ਤੇ ਅਪੀਲਕਰਤਾ ਕੋਲੋਂ ਜਵਾਬ ਮੰਗਿਆ ਹੈ। ਵਕੀਲ ਹਰਸ਼ ਵਿਭੌਰੇ ਦੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਵਰਤਮਾਨ ਨਿਯਮਾਂ ਅਨੁਸਾਰ ਉਡਾਣਾਂ ਵਿਚ ਕਿਰਪਾਨ ਲਿਜਾਣ ਦੀ ਮਨਜ਼ੂਰੀ ਦੇਣਾ, ਸੁਰੱਖਿਆ ਸਬੰਧੀ ਖ਼ਤਰਨਾਕ ਹੈ, ਜੇਕਰ ਕ੍ਰਿਪਾਨ ਨੂੰ ਸਿਰਫ਼ ਧਰਮ ਦੇ ਲਿਹਾਜ਼ ਨਾਲ ਸੁਰੱਖਿਅਤ ਮੰਨਿਆ ਜਾਂਦਾ ਹੈ ਤਾਂ ਕਿਸੇ ਨੂੰ ਵੀ ਹੈਰਾਨੀ ਹੁੰਦੀ ਹੈ ਕਿ ਫਿਰ ਸਿਲਾਈ, ਬੁਣਾਈ ਵਾਲੀ ਸੂਈ, ਨਾਰੀਅਲ ਪੇਚਕਸ ਅਤੇ ਛੋਟੇ ਪੈਨ ਚਾਕੂ ਆਦਿ ਕਿਵੇਂ ਖਤਰਨਾਕ ਮੰਨੇ ਗਏ ਹਨ ਅਤੇ ਉਨ੍ਹਾਂ ’ਤੇ ਰੋਕ ਲਾ ਦਿਤੀ ਗਈ ਹੈ।
Sri Sahib
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕਿਰਪਾਨ ਇਕ ਬਲੇਡ ਹੀ ਹੁੰਦੀ ਹੈ ਜਿਸ ਦੀ ਵਰਤੋਂ ਸੈਂਕੜੇ ਹੱਤਿਆਵਾਂ ਵਿਚ ਕੀਤਾ ਗਿਆ ਹੈ ਅਤੇ ਕਈਆਂ ਵਿਚ ਤਾਂ ਸੁਪਰੀਮ ਕੋਰਟ ਨੇ ਫ਼ੈਸਲੇ ਸੁਣਾਏ। ਇਸ ਤਰ੍ਹਾਂ ਕਿਰਪਾਨ ਕਾਰਨ ਦਹਿਸ਼ਤ ਫੈਲ ਸਕਦੀ ਹੈ। 4 ਮਾਰਚ 2022 ਨੂੰ ਜਾਰੀ ਇਕ ਨੋਟੀਫ਼ੀਕੇਸ਼ਨ ਵਿਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਿੱਖ ਯਾਤਰੀਆਂ ਲਈ ਘਰੇਲੂ ਉਡਾਣਾਂ ’ਤੇ ਭਾਰਤ ਵਿਚ ਕਿਸੇ ਵੀ ਨਾਗਰਿਕ ਉਡਾਣ ਵਿਚ ਛੇ ਇੰਚ ਤਕ ਦੇ ਬਲੇਡ ਵਾਲੀ ਕਿਰਪਾਨ (ਪਰ ਮੁੱਠ ਸਮੇਤ ਉਹ ਨੌਂ ਇੰਚ ਤੋਂ ਵੱਧ ਨਾ ਹੋਵੇ) ਲੈ ਕੇ ਚੱਲਣ ਦੀ ਮਨਜ਼ੂਰੀ ਹੋਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ।