
ਕਿਹਾ- ਮੈਂ ਦਿੱਲੀ ਦੇ ਲੱਖਾਂ ਬੱਚਿਆਂ ਲਈ ਸਕੂਲ ਬਣਾਏ ਹਨ। ਲੱਖਾਂ ਬੱਚਿਆਂ ਦੀ ਜ਼ਿੰਦਗੀ 'ਚ ਆਈ ਮੁਸਕਰਾਹਟ ਹੀ ਮੇਰੀ ਤਾਕਤ ਹੈ।
ਨਵੀਂ ਦਿੱਲੀ: ਸੀਬੀਆਈ ਦੀ ਛਾਪੇਮਾਰੀ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਾਜ਼ਿਸ਼ਾਂ ਨਾ ਤਾਂ ਉਹਨਾਂ ਨੂੰ ਤੋੜ ਸਕਦੀਆਂ ਹਨ ਅਤੇ ਨਾ ਹੀ ਚੰਗੀ ਸਿੱਖਿਆ ਲਈ ਕੰਮ ਕਰਨ ਦੇ ਉਹਨਾਂ ਦੇ ਸੰਕਲਪ ਨੂੰ ਰੋਕ ਸਕਦੀਆਂ ਹਨ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਐਫਆਈਆਰ ਦਰਜ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਤੋਂ ਇਲਾਵਾ 20 ਥਾਵਾਂ 'ਤੇ ਛਾਪੇਮਾਰੀ ਕੀਤੀ। ਸਿਸੋਦੀਆ ਨੇ ਟਵੀਟ ਕੀਤਾ ਕਿ ਸੀਬੀਆਈ ਆਈ ਹੈ ਅਤੇ ਇਸ ਦਾ ਸਵਾਗਤ ਹੈ।
ਸੀਬੀਆਈ ਨੇ ਪਿਛਲੇ ਸਾਲ ਨਵੰਬਰ ਵਿਚ ਲਿਆਂਦੀ ਗਈ ਦਿੱਲੀ ਆਬਕਾਰੀ ਨੀਤੀ 2021-2022 ਨੂੰ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਦੇ ਸਬੰਧ ਵਿਚ ਐਫਆਈਆਰ ਦਰਜ ਕਰਨ ਤੋਂ ਬਾਅਦ ਸਿਸੋਦੀਆ ਦੇ ਨਾਲ-ਨਾਲ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਆਰਵ ਗੋਪੀ ਕ੍ਰਿਸ਼ਨਾ ਦੀ ਰਿਹਾਇਸ਼ ਉੱਤੇ ਛਾਪੇਮਾਰੀ ਕੀਤੀ ਸੀ। ਸਿਸੋਦੀਆ ਨੇ ਟਵੀਟ ਕੀਤਾ, ''ਸੀਬੀਆਈ ਦਾ ਸਵਾਗਤ ਹੈ। ਅਸੀਂ ਬਹੁਤ ਈਮਾਨਦਾਰ ਹਾਂ। ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਵਿਚ ਚੰਗੇ ਕੰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਰਕੇ ਸਾਡਾ ਦੇਸ਼ ਅਜੇ ਤੱਕ ਨੰਬਰ ਵਨ ਨਹੀਂ ਬਣ ਸਕਿਆ ਹੈ”।
ਲਗਾਤਾਰ ਟਵੀਟ ਕਰਦਿਆਂ ਉਹਨਾਂ ਕਿਹਾ, “ਅਸੀਂ ਸੀਬੀਆਈ ਦਾ ਸਵਾਗਤ ਕਰਦੇ ਹਾਂ। ਜਾਂਚ ਵਿਚ ਪੂਰਾ ਸਹਿਯੋਗ ਦੇਵਾਂਗੇ ਤਾਂ ਜੋ ਜਲਦੀ ਸੱਚ ਸਾਹਮਣੇ ਆ ਸਕੇ। ਹੁਣ ਤੱਕ ਮੇਰੇ 'ਤੇ ਕਈ ਮਾਮਲੇ ਬਣ ਚੁੱਕੇ ਹਨ ਪਰ ਕੁਝ ਵੀ ਸਾਹਮਣੇ ਨਹੀਂ ਆਇਆ। ਇਸ ਤੋਂ ਵੀ ਕੁਝ ਨਹੀਂ ਨਿਕਲੇਗਾ। ਦੇਸ਼ ਵਿਚ ਚੰਗੀ ਸਿੱਖਿਆ ਲਈ ਮੇਰਾ ਕੰਮ ਨਹੀਂ ਰੋਕਿਆ ਜਾ ਸਕਦਾ”। ਸਿਸੋਦੀਆ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ, ''ਇਹ ਲੋਕ ਦਿੱਲੀ 'ਚ ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਕੀਤੇ ਗਏ ਸ਼ਾਨਦਾਰ ਕੰਮ ਤੋਂ ਨਾਰਾਜ਼ ਹਨ। ਇਸੇ ਲਈ ਦਿੱਲੀ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਤਾਂ ਜੋ ਸਿੱਖਿਆ ਅਤੇ ਸਿਹਤ ਦੇ ਚੰਗੇ ਕੰਮ ਨੂੰ ਰੋਕਿਆ ਜਾ ਸਕੇ। ਸਾਡੇ ਦੋਵਾਂ 'ਤੇ ਝੂਠੇ ਦੋਸ਼ ਲੱਗੇ ਹਨ। ਅਦਾਲਤ ਵਿਚ ਸੱਚ ਸਾਹਮਣੇ ਆ ਜਾਵੇਗਾ।”
ਉਹਨਾਂ ਕਿਹਾ, “ਤੁਹਾਡੀਆਂ ਸਾਜ਼ਿਸ਼ਾਂ ਮੈਨੂੰ ਤੋੜ ਨਹੀਂ ਸਕਣਗੀਆਂ। ਮੈਂ ਇਹ ਸਕੂਲ ਦਿੱਲੀ ਦੇ ਲੱਖਾਂ ਬੱਚਿਆਂ ਲਈ ਬਣਾਏ ਹਨ। ਲੱਖਾਂ ਬੱਚਿਆਂ ਦੀ ਜ਼ਿੰਦਗੀ 'ਚ ਆਈ ਮੁਸਕਰਾਹਟ ਹੀ ਮੇਰੀ ਤਾਕਤ ਹੈ। ਤੁਹਾਡਾ ਇਰਾਦਾ ਮੈਨੂੰ ਤੋੜਨ ਦਾ ਹੈ।” ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਦੀ ਸਿਫ਼ਾਰਸ਼ ਕੀਤੀ ਸੀ। ਉਹਨਾਂ ਇਸ ਮਾਮਲੇ ਵਿਚ ਐਕਸਾਈਜ਼ ਦੇ 11 ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਸਿਸੋਦੀਆ ਨੇ ਖੁਦ ਵੀ ਕਥਿਤ ਬੇਨਿਯਮੀਆਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 30 ਮਈ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿਚ ਹਨ।