
ਸਰਕਾਰ ਬਣਾਉਣ ਲਈ ਓਨੀ ਮਿਹਨਤ ਨਹੀਂ ਕਰਨੀ ਪੈਂਦੀ, ਜਿੰਨੀ ਮਿਹਨਤ ਦੇਸ਼ ਨੂੰ ਬਣਾਉਣ ਲਈ ਕਰਨੀ ਪੈਂਦੀ ਹੈ - PM
ਪਣਜੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ "ਜਲ ਜੀਵਨ ਮਿਸ਼ਨ" ਦੇ ਤਹਿਤ ਹਰ ਘਰ ਨੂੰ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ ਨੂੰ "ਵੱਡੀ ਸਫਲਤਾ" ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਯਤਨਾਂ ਲਈ ਵਚਨਬੱਧ ਹੈ ਅਤੇ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਲਗਾਤਾਰ ਹੱਲ ਕਰਨ ਵਿਚ ਵੀ ਸਮਰੱਥ ਹੈ।
ਗੋਆ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਨੂੰ ਨਲ ਤੋਂ ਜਲ ਮੁਹੱਈਆ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਇਸ ਮੌਕੇ 'ਤੇ ਵੀਡੀਓ ਕਾਨਫਰੰਸ ਰਾਹੀਂ ਇੱਥੇ ਆਯੋਜਿਤ 'ਹਰ ਘਰ ਜਲ ਉਤਸਵ' ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਬਣਾਉਣ ਲਈ ਓਨੀ ਮਿਹਨਤ ਨਹੀਂ ਕਰਨੀ ਪੈਂਦੀ, ਜਿੰਨੀ ਮਿਹਨਤ ਦੇਸ਼ ਨੂੰ ਬਣਾਉਣ ਲਈ ਕਰਨੀ ਪੈਂਦੀ ਹੈ।
PM Modi
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਰ ਕਿਸੇ ਦੀ ਕੋਸ਼ਿਸ਼ ਨਾਲ ਹੁੰਦਾ ਹੈ। ਅਸੀਂ ਸਾਰਿਆਂ ਨੇ ਦੇਸ਼ ਦੇ ਨਿਰਮਾਣ ਦਾ ਰਸਤਾ ਚੁਣਿਆ ਹੈ। ਇਸ ਲਈ ਅਸੀਂ ਦੇਸ਼ ਦੇ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਲਗਾਤਾਰ ਹੱਲ ਕਰ ਰਹੇ ਹਾਂ। ਪਿਛਲੀਆਂ ਸਰਕਾਰਾਂ 'ਤੇ ਚੁਟਕੀ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੂੰ ਦੇਸ਼ ਦੀ ਕੋਈ ਪਰਵਾਹ ਨਹੀਂ ਹੁੰਦੀ ਉਨ੍ਹਾਂ ਨੂੰ ਦੇਸ਼ ਦੇ ਵਰਤਮਾਨ ਜਾਂ ਭਵਿੱਖ ਨਾਲ ਕੋਈ ਫਰਕ ਨਹੀਂ ਪੈਂਦਾ।
''ਅਜਿਹੇ ਲੋਕ ਪਾਣੀ ਲਈ ਵੱਡੀਆਂ-ਵੱਡੀਆਂ ਗੱਲਾਂ ਕਰ ਸਕਦੇ ਹਨ ਪਰ ਪਾਣੀ ਲਈ ਕਦੇ ਵੀ ਵੱਡੀ ਨਜ਼ਰ ਨਾਲ ਕੰਮ ਨਹੀਂ ਕਰ ਸਕਦੇ।'' ਪੀਐੱਮ ਨੇ ਕਿਹਾ ''ਇਹ ਕੋਈ ਆਮ ਪ੍ਰਾਪਤੀ ਨਹੀਂ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ 10 ਕਰੋੜ ਪੇਂਡੂ ਪਰਿਵਾਰਾਂ ਨੂੰ ਪਾਈਪ ਰਾਹੀਂ ਸਾਫ਼ ਪਾਣੀ ਦੀ ਸਹੂਲਤ ਨਾਲ ਜੋੜਿਆ ਗਿਆ ਹੈ।
PM Modi
ਪੀਐੱਮ ਮੋਦੀ ਨੇ ਕਿਹਾ ਕਿ ਜਨ ਭਾਗੀਦਾਰੀ, ਹਿੱਸੇਦਾਰਾਂ ਦੀ ਭਾਗੀਦਾਰੀ, ਰਾਜਨੀਤਿਕ ਇੱਛਾ ਸ਼ਕਤੀ ਅਤੇ ਸਾਧਨਾਂ ਦੀ ਪੂਰੀ ਵਰਤੋਂ "ਜਲ ਜੀਵਨ ਮਿਸ਼ਨ" ਦੀ ਸਫ਼ਲਤਾ ਦੇ ਚਾਰ ਮਜ਼ਬੂਤ ਥੰਮ੍ਹ ਹਨ। “ਹਰ ਘਰ ਤੱਕ ਪਾਣੀ ਪਹੁੰਚਾਉਣ ਦੀ ਸਰਕਾਰ ਦੀ ਮੁਹਿੰਮ ਦੀ ਇਹ ਵੱਡੀ ਸਫ਼ਲਤਾ ਹੈ। ਇਹ ਸਭ ਦੀ ਕੋਸ਼ਿਸ਼ ਦੀ ਇੱਕ ਮਹਾਨ ਉਦਾਹਰਣ ਹੈ।”
ਜਲ ਜੀਵਨ ਮਿਸ਼ਨ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਮੋਦੀ ਦੁਆਰਾ 15 ਅਗਸਤ 2019 ਨੂੰ ਲਾਲ ਕਿਲ੍ਹੇ ਤੋਂ ਕੀਤਾ ਗਿਆ ਸੀ। ਇਸ ਦਾ ਉਦੇਸ਼ 2024 ਤੱਕ ਦੇਸ਼ ਦੇ ਹਰੇਕ ਪੇਂਡੂ ਪਰਿਵਾਰ ਨੂੰ ਨਿਯਮਤ ਅਤੇ ਲੰਬੇ ਸਮੇਂ ਦੇ ਆਧਾਰ 'ਤੇ ਲੋੜੀਂਦੀ ਮਾਤਰਾ ਵਿਚ ਨਿਰਧਾਰਤ ਗੁਣਵੱਤਾ ਦੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨਾ ਹੈ। ਇਹ ਪ੍ਰੋਗਰਾਮ ਭਾਰਤ ਸਰਕਾਰ ਦੁਆਰਾ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਭਾਈਵਾਲੀ ਵਿਚ ਲਾਗੂ ਕੀਤਾ ਗਿਆ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਇਸ ਸਮਾਗਮ ਵਿਚ ਸ਼ਾਮਲ ਸਨ।