
ਨਵੀਂ ਸੰਸਦ ਭਵਨ ’ਚ ਦਾਖ਼ਲਾ ਅਮ੍ਰਿਤਕਾਲ ਦਾ ‘ਊਸ਼ਾਕਾਲ’ : ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨਵੇਂ ਸੰਸਦ ਭਵਨ ਵਿਚ ਸਦਨ ਦੀ ਕਾਰਵਾਈ ਦੀ ਸ਼ੁਰੂਆਤ ਨੂੰ ਆਜ਼ਾਦੀ ਦੇ ਅੰਮ੍ਰਿਤ ਕਾਲ ਦਾ ‘ਊਸ਼ਾਕਾਲ’ ਕਰਾਰ ਦਿਤਾ ਅਤੇ ਕਿਹਾ ਕਿ ‘ਜਦੋਂ ਅਸੀਂ ਇਕ ਨਵਾਂ ਅਧਿਆਏ ਸ਼ੁਰੂ ਕਰ ਰਹੇ ਹਾਂ ਤਾਂ ਸਾਨੂੰ ਬੀਤੇ ਸਮੇਂ ਦੀ ਸਾਰੀ ਕੁੜੱਤਣ ਨੂੰ ਭੁੱਲ ਜਾਣਾ ਚਾਹੀਦਾ ਹੈ।’ ਨਵੇਂ ਸੰਸਦ ਭਵਨ ’ਚ ਸਥਿਤ ਲੋਕ ਸਭਾ ’ਚ ਅਪਣੇ ਪਹਿਲੇ ਸੰਬੋਧਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵਾਂ ਸੰਸਦ ਭਵਨ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਪਹਿਲੇ ਸੈਸ਼ਨ ਦੇ ਪਹਿਲੇ ਦਿਨ ਦਾ ਇਹ ਮੌਕਾ ਕਈ ਅਰਥਾਂ ’ਚ ਬੇਮਿਸਾਲ ਹੈ। ਇਹ ਆਜ਼ਾਦੀ ਦੇ ਅਮ੍ਰਿਤਕਾਲ ਦਾ ਊਸ਼ਾਕਾਲ ਹੈ। ਭਾਰਤ ਬਹੁਤ ਸਾਰੀਆਂ ਪ੍ਰਾਪਤੀਆਂ ਨਾਲ ਅੱਗੇ ਵਧ ਰਿਹਾ ਹੈ, ਨਵੇਂ ਸੰਕਲਪ ਲੈ ਰਿਹਾ ਹੈ ਅਤੇ ਇਕ ਨਵੀਂ ਇਮਾਰਤ ’ਚ ਅਪਣਾ ਭਵਿੱਖ ਤੈਅ ਕਰ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਜਦੋਂ ਅਸੀਂ ਇਕ ਨਵਾਂ ਅਧਿਆਏ ਸ਼ੁਰੂ ਕਰ ਰਹੇ ਹਾਂ, ਤਾਂ ਸਾਨੂੰ ਬੀਤੇ ਸਮੇਂ ਦੀਆਂ ਸਾਰੀਆਂ ਕੁੜੱਤਣਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਇਸ ਭਾਵਨਾ ਨਾਲ ਕਿ ਅਸੀਂ ਇੱਥੋਂ ਜੋ ਵੀ ਕਰਦੇ ਹਾਂ, ਅਪਣੇ ਆਚਰਣ ਰਾਹੀਂ, ਅਪਣੇ ਸ਼ਬਦਾਂ ਰਾਹੀਂ, ਅਪਣੇ ਸੰਕਲਪਾਂ ਰਾਹੀਂ, ਦੇਸ਼ ਲਈ, ਦੇਸ਼ ਦੇ ਹਰ ਨਾਗਰਿਕ ਲਈ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਹੈ। ਸਾਨੂੰ ਵੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਅੱਜ ਗਣੇਸ਼ ਚਤੁਰਥੀ ਦਾ ਸ਼ੁਭ ਦਿਨ ਹੈ। ਗਣੇਸ਼ ਜੀ ਸ਼ੁਭ ਅਤੇ ਪ੍ਰਾਪਤੀ ਦੇ ਦੇਵਤਾ ਹਨ। ਗਣੇਸ਼ ਜੀ ਬੁੱਧੀ ਅਤੇ ਗਿਆਨ ਦੇ ਦੇਵਤਾ ਵੀ ਹਨ। ਇਸ ਸ਼ੁਭ ਦਿਨ ’ਤੇ, ਸਾਡੀ ਸ਼ੁਰੂਆਤ ਇਕ ਨਵੇਂ ਵਿਸ਼ਵਾਸ ਨਾਲ ਸੰਕਲਪ ਤੋਂ ਪ੍ਰਾਪਤੀ ਤਕ ਦੀ ਯਾਤਰਾ ਦੀ ਸ਼ੁਰੂਆਤ ਕਰਨਾ ਹੈ।’’
ਨਵੇਂ ਸੰਸਦ ਭਵਨ ’ਚ ਸਥਾਪਤ ‘ਸੇਂਗੋਲ’ (ਰਾਜਦੰਡ) ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਉਹ ਪਵਿੱਤਰ ਸੇਂਗੋਲ ਹੈ, ਜਿਸ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਛੂਹਿਆ ਸੀ। ਆਜ਼ਾਦੀ ਦੇ ਤਿਉਹਾਰ ਦੀ ਸ਼ੁਰੂਆਤ ਉਸ ਦੇ ਹੱਥਾਂ ਨਾਲ ਪੂਜਾ ਰੀਤੀ ਰਿਵਾਜ ਨਾਲ ਕੀਤੀ ਗਈ ਸੀ, ਅਤੇ ਇਹ ਸਾਨੂੰ ਇਕ ਬਹੁਤ ਮਹੱਤਵਪੂਰਨ ਇਤਿਹਾਸ ਨਾਲ ਜੋੜਦਾ ਹੈ।’’ ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਭਵਨ ਦੇ ਨਿਰਮਾਣ ਵਿੱਚ ਲੱਗੇ ਫ਼ੌਜੀਆਂ, ਇੰਜੀਨੀਅਰਾਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਦੇ ਦੌਰ ’ਚ ਵੀ ਲਗਾਤਾਰ ਕੰਮ ਕਰ ਕੇ ਇਸ ਵੱਡੇ ਸੁਪਨੇ ਨੂੰ ਪੂਰਾ ਕੀਤਾ ਹੈ। ਮੋਦੀ ਨੇ ਕਿਹਾ ਕਿ ਨਵੀਂ ਸੰਸਦ ਦੇ ਨਿਰਮਾਣ ਲਈ 30 ਹਜ਼ਾਰ ਤੋਂ ਵੱਧ ਵਰਕਰਾਂ ਨੇ ਪਸੀਨਾ ਵਹਾਇਆ ਹੈ ਅਤੇ ਇਹ ਉਨ੍ਹਾਂ ਦਾ ਕਈ ਪੀੜ੍ਹੀਆਂ ਦਾ ਵੱਡਾ ਯੋਗਦਾਨ ਹੈ।
ਮੋਦੀ ਨੇ ਕਿਹਾ ਕਿ ਨਵੀਂ ਪਰੰਪਰਾ ਸ਼ੁਰੂ ਕਰਦੇ ਹੋਏ ਸੰਸਦ ਭਵਨ ’ਚ ਇਕ ਡਿਜੀਟਲ ਕਿਤਾਬ ਰੱਖੀ ਗਈ ਹੈ, ਜਿਸ ’ਚ ਇਨ੍ਹਾਂ ਵਰਕਰਾਂ ਦੀ ਪੂਰੀ ਜਾਣ-ਪਛਾਣ ਰੱਖੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ’ਚ ਰਾਜ ਸਭਾ ਦੀ ਪਹਿਲੀ ਬੈਠਕ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਸੰਸਦੀ ਲੋਕਤੰਤਰ ’ਚ ਰਾਜ ਸਭਾ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਪਰਲੇ ਸਦਨ ਦੇ ਮੈਂਬਰਾਂ ਦੀ ਉਦਾਰਵਾਦੀ ਸੋਚ ਕਾਰਨ ਹੀ ਸੰਭਵ ਹੋਇਆ ਹੈ ਕਿ ਸੰਖਿਆਤਮਕ ਤਾਕਤ ਨਾ ਹੋਣ ਦੇ ਬਾਵਜੂਦ ਪਿਛਲੇ ਨੌਂ ਸਾਲਾਂ ’ਚ ਉਨ੍ਹਾਂ ਦੀ ਸਰਕਾਰ ਨੇ ਕੁਝ ਸਖ਼ਤ ਫੈਸਲੇ ਕਰ ਸਕੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਯਾਦਗਾਰੀ ਅਤੇ ਇਤਿਹਾਸਕ ਦਿਨ ਵੀ ਹੈ।